← ਪਿਛੇ ਪਰਤੋ
ਨਸ਼ਾ-ਛੁਡਾਊ ਪ੍ਰੋਗਰਾਮ ਤਹਿਤ ਸਿੰਘਪੁਰ ਵਿਖੇ ਨਵੇਂ 35 ਨਸ਼ਾ-ਪੀੜ੍ਹਤ ਮਰੀਜ਼ਾਂ ਨੂੰ ਇਲਾਜ ਸੇਵਾਵਾਂ ਮੁਹੱਈਆ: ਡਾ. ਐਚ. ਐਨ. ਸ਼ਰਮਾ ਹਰੀਸ਼ ਕਾਲੜਾ ਨੂਰਪੁਰਬੇਦੀ, 13 ਅਪ੍ਰੈਲ 2020: ਨਸ਼ਾ-ਪੀੜਤਾਂ ਨੂੰ ਮਿਲ ਰਹੀਆਂ ਮੁਫਤ ਇਲਾਜ ਸੇਵਾਵਾਂ ਨੂੰ ਯਕੀਨੀ ਬਨਾਉਣ ਲਈ, ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਦੇ ਨਿਰਦੇਸ਼ਾਂ 'ਤੇ ਨਸ਼ਾ-ਛੁਡਾਊ ਪ੍ਰੋਗਰਾਮ ਅਧੀਨ ਮਰੀਜ਼ਾਂ ਨੂੰ 21 ਦਿਨ ਤੱਕ ਦੀ ਦਵਾਈ ਮਹੁੱਈਆ ਕਰਵਾਈ ਜਾ ਰਹੀ ਹੈ। ਇਸ ਪ੍ਰੋਗਰਾਮ ਦੀ ਕਾਰਗੁਜ਼ਾਰੀ ਦੀ ਸਮੀਖਿਆ ਕਰਨ ਲਈ ਸਿਵਲ ਸਰਜਨ ਰੂਪਨਗਰ ਡਾ. ਐਚ.ਐਨ. ਸ਼ਰਮਾ ਨੇ ਸੀ.ਐਚ.ਸੀ. ਸਿੰਘਪੁਰ ਦਾ ਅਚਨਚੇਤ ਦੌਰਾ ਕੀਤਾ ਅਤੇ ਇਸ ਮੌਕੇ 'ਤੇ ਜਿਲ੍ਹਾ ਮੈੇਂਟਲ ਹੈਲਥ ਅਫਸਰ ਡਾ. ਮੋਹਿਤ ਸ਼ਰਮਾ ਨੇ 35 ਨਵੇਂ ਨਸ਼ਾ-ਪੀੜ੍ਹਤ ਮਰੀਜ਼ਾਂ ਦੀ ਜਾਂਚ ਕਰਕੇ ਨਸ਼ਾ-ਛੱਡਣ ਲਈ ਇਲਾਜ ਸੇਵਾਵਾਂ ਦਿੱਤੀਆਂ। ਸਿਵਲ ਸਰਜਨ ਡਾ. ਐਚ.ਐਨ. ਸ਼ਰਮਾ ਨੇ ਦੱਸਿਆ ਕਿ ਕਰਫਿਊ ਦੌਰਾਨ ਪੀੜ੍ਹਤ ਮਰੀਜ਼ ਸਰਕਾਰੀ ਹਸਪਤਾਲ ਰੂਪਨਗਰ ਜਾਣ ਵਿਚ ਅਸਰਮਥ ਹਨ ਜਿਸ ਕਾਰਣ ਹੁਣ ਇਹ ਸੇਵਾਵਾਂ ਸੀ.ਐਚ.ਸੀ. ਸਿੰਘਪੁਰ ਵਿਚ ਹੀ ਮੁਹੱਈਆ ਹੋਣਗੀਆਂ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵਲੋਂ ਕਰਫਿਊ ਦੌਰਾਨ ਨਸ਼ਾ-ਪੀੜ੍ਹਤ ਮਰੀਜ਼ਾਂ ਨੂੰ ਨਿਰਵਿਘਨ ਇਲਾਜ ਸੇਵਾਵਾਂ ਮੁਹੱਈਆ ਕਰਵਾਉਣ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ ਅਤੇ ਪੰਚਾਇਤਾਂ ਨੂੰ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਜੇਕਰ ਕੋਈ ਪੀੜ੍ਹਤ ਨਸ਼ਾ-ਛੱਡ ਕੇ ਇਲਾਜ ਕਰਵਾਉਣ ਦਾ ਇਛੁੱਕ ਹੈ ਤਾਂ ਉਸ ਨੂੰ ਉਤਸਾਹਿਤ ਕਰਕੇ ਸਰਕਾਰੀ ਹਸਪਤਾਲਾਂ ਵਿਚ ਭੇਜਿਆ ਜਾਵੇ। ਉਨ੍ਹਾਂ ਇਹ ਵੀ ਦੱਸਿਆ ਕਿ ਪਹਿਲਾਂ ਮਰੀਜ਼ ਨੂੰ ਕੇਵਲ ਜਿਲ੍ਹਾ ਹਸਪਤਾਲ ਵਿਚ ਆਈ-ਡੀ ਬਣਨ ਤੋਂ ਬਾਅਦ ਹੀ ਇਲਾਜ ਸੇਵਾਵਾਂ ਲੈਣ ਲਈ ਯੋਗ ਸਮਝਿਆ ਜਾਂਦਾ ਸੀ ਪਰ ਹੁਣ ਇਹ ਸੇਵਾਵਾਂ ਸਰਕਾਰੀ ਹਸਪਤਾਲ ਸਿੰਘਪੁਰ ਵੀ ਸ਼ੁਰੂ ਕੀਤੀਆਂ ਗਈਆਂ ਹਨ। ਡਾ.ਐਚ.ਐਨ ਸ਼ਰਮਾ ਨੇ ਦੱਸਿਆ ਕਿ ਨਸ਼ਾ-ਛੁਡਾਊ ਪ੍ਰੋਗਰਾਮ ਦਾ ਮੁੱਖ ਮੰਤਵ ਨਸ਼ੇ ਦੀ ਆਦਤ ਤੋਂ ਪੀੜ੍ਹਤ ਮਰੀਜ਼ਾਂ ਨੂੰ ਉਤਸਾਹਿਤ ਕਰਕੇ ਨਸ਼ਾ-ਪ੍ਰੋਗਰਾਮ ਅਧੀਨ ਰਜਿਸਟਰਡ ਕਰਵਾਉਣਾ ਹੈ। ਉਨ੍ਹਾਂ ਦੱਸਿਆ ਕਿ ਕਰਫਿਊ ਦੌਰਾਨ ਵੱਡੀ ਗਿਣਤੀ ਵਿਚ ਪੀੜਤਾਂ ਵਲੋਂ ਨਸ਼ਾ-ਛੱਡਣ ਦਾ ਰੂਝਾਨ ਦੇਖਣ ਨੂੰ ਮਿਲ ਰਿਹਾ ਹੈ ਜਿਸ ਕਰਕੇ ਸਿਹਤ ਵਿਭਾਗ ਵਲੋਂ ਹਰ ਪੱਧਰ 'ਤੇ ਇਲਾਜ ਸੇਵਾਵਾਂ ਯਕੀਨੀ ਤੌਰ 'ਤੇ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਇਸ ਮੌਕੇ 'ਤੇ ਐਸ.ਐਮ.ਓ. ਡਾ. ਸ਼ਿਵ ਕੁਮਾਰ ਨੂੰ ਨਿਰਦੇਸ਼ ਦਿੱਤੇ ਕਿ ਓਟ ਕਲੀਨਿਕਾਂ ਅਤੇ ਓ.ਪੀ.ਡੀ. ਸੇਵਾਂਵਾਂ ਵਿਖੇ ਸਮਾਜਿਕ ਦੂਰੀ ਦਾ ਖਾਸ ਧਿਆਨ ਰੱਖਿਆ ਜਾਵੇ ਅਤੇ ਮਰੀਜ਼ਾਂ ਦੀ ਲਾਈਨਾਂ ਵਿਚ ਖੜਨ ਲਈ ਮਾਰਕਿੰਗ ਕੀਤੀ ਜਾਵੇ ਤਾਂ ਜੋ ਇਕ ਦੂਜੇ ਤੋਂ ਇਨਫੈਕਸ਼ਨ ਹੋਣ ਦਾ ਖਤਰਾ ਨਾ ਬਣੇ। ਡਾ. ਐਚ.ਐਨ. ਸ਼ਰਮਾ ਨੇ ਇਹ ਵੀ ਦੱਸਿਆ ਕਿ ਟੀਕਾਕਰਣ ਤੋਂ ਇਲਾਵਾ ਸਿਹਤ ਵਿਭਾਗ ਦੀ ਹੋਰ ਇਲਾਜ ਸੇਵਾਵਾਂ ਦੇ ਨਾਲ ਹੈਲਥ ਤੇ ਵੈਲਨੈਸ ਕੇਂਦਰਾਂ ਵੀ ਨਿਰੰਤਰ ਜਾਰੀ ਰਹਿਣਗੀਆਂ ਅਤੇ ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਅਪੀਲ਼ ਵੀ ਕੀਤੀ ਕਿ ਪੰਜਾਬ ਸਰਕਾਰ ਵਲੋਂ ਜਾਰੀ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ ਅਤੇ ਹੰਗਾਮੀ ਹਾਲਤਾਂ ਤੋਂ ਇਲਾਵਾ ਘਰੋਂ ਬਾਹਰ ਨਾ ਨਿਕਲਿਆ ਜਾਵੇ ਤਾਂ ਜੋ ਇਸ ਕੋਰੋਨਾ ਵਾਇਰਸ ਦੀ ਲੜੀ ਨੂੰ ਸੁਚੇਤ ਹੋ ਕੇ ਤੋੜਿਆ ਜਾ ਸਕੇ।
Total Responses : 265