ਰੋਜ਼ਾਨਾ ਦੋ ਸਿਫ਼ਟਾਂ ’ਚ ਕਰਦੇ ਨੇ ਸ਼ਹਿਰਾਂ ਦੀ ਸਫ਼ਾਈ
ਲੋਕਾਂ ਦੇ ਦਿਲਾਂ ’ਚ ਬਣਾ ਰਹੇ ਆਪਣੀ ਤਨਦੇਹੀ ਨਾਲ ਵੱਖਰੀ ਜਗ੍ਹਾ
ਨਵਾਂਸ਼ਹਿਰ, 13 ਅਪਰੈਲ 2020: ਕੋਰੋਨਾ ਦੀ ਦਹਿਸ਼ਤ ਨਾਲ ਜੂਝ ਰਹੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਰੋਜ਼ਾਨਾ ਲੋਕਾਂ ਦਾ ਕੂੜਾ ਇਕੱਠਾ ਕਰਨ ਆਉਂਦੇ ਸਫ਼ਾਈ ਸੇਵਕਾਂ ਨੇ ਲੋਕਾਂ ਦੀਆਂ ਨਜ਼ਰਾਂ ’ਚ ਆਪਣੀ ਵਿੱਲਖਣ ਜਗ੍ਹਾ ਬਣਾ ਲਈ ਹੈ।
ਰੋਜ਼ਾਨਾ ਸਵੇਰੇ 6 ਤੋਂ ਦਿਨ ਦੇ 11 ਵਜੇ ਅਤੇ ਦੁਪਹਿਰ ਨੂੰ 2 ਵਜੇ ਤੋਂ ਸ਼ਾਮ 5 ਵਜੇ ਤੱਕ ਦੋ ਸਿਫ਼ਟਾਂ ’ਚ ਡਿਊਟੀ ਕਰਦੇ ਇਹ ਸਫ਼ਾਈ ਸੇਵਕ ਕੋਰੋਨਾ ਦੇ ਸਾਏ ’ਚ ਵੀ ਬੇਖੌਫ਼ ਹੋ ਕੇ ਆਪਣੀ ਡਿਊਟੀ ਕਰ ਰਹੇ ਹਨ। ਨਵਾਂਸ਼ਹਿਰ ਦੇ ਈ ਓ ਜਗਜੀਤ ਸਿੰਘ ਅਨੁਸਾਰ ਉਨ੍ਹਾਂ ਵੱਲੋਂ ਨਵਾਂਸ਼ਹਿਰ ’ਚ ਕੰਮ ਕਰਦੇ ਇਨ੍ਹਾਂ 130 ਕਰਮਚਾਰੀਆਂ ਨੂੰ ਮਾਸਕ, ਦਸਤਾਨੇ ਅਤੇ ਸੈਨੇਟਾਈਜ਼ਰ ਮੁਹੱਈਆ ਕਰਵਾਏ ਹਨ ਤਾਂ ਜੋ ਇਨ੍ਹਾਂ ਨੂੰ ਕੋਈ ਨੁਕਸਾਨ ਨਾ ਪੁੱਜੇ। ਉਨ੍ਹਾਂ ਦੱਸਿਆ ਕਿ ਕੁੱਝ ਦਿਨ ਪਹਿਲਾਂ ਵਿਧਾਇਕ ਅੰਗਦ ਸਿੰਘ ਅਤੇ ਐਸ ਐਸ ਪੀ ਅਲਕਾ ਮੀਨਾ ਵੱਲੋਂ ਇਨ੍ਹਾਂ ਸਫ਼ਾਈ ਕਰਮਚਾਰੀਆਂ ਦਾ ਵਿਸ਼ੇਸ਼ ਤੌਰ ’ਤੇ ਬੂਟਾਂ ਦੇ ਜੋੜੇ ਦੇ ਕੇ ਅਤੇ ਇੱਕ ਮਿੰਟ ਲਈ ਸ਼ਾਬਾਸ਼ ਦੀਆਂ ਤਾੜੀਆਂ ਵਜਾ ਕੇ ਸਨਮਾਨ ਕੀਤਾ ਗਿਆ ਸੀ।
ਰਾਹੋਂ ਦੇ ਈ ਓ ਰਾਜੀਵ ਸਰੀਨ ਅਨੁਸਾਰ ਉਨ੍ਹਾਂ ਕੋਲ 23 ਸਫ਼ਾਈ ਸੇਵਕ ਡਿਊਟੀ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਲੋਕਾਂ ’ਚ ਸਫ਼ਾਈ ਕਰਮਚਾਰੀਆਂ ਵੱਲੋਂ ਇਨ੍ਹਾਂ ਸੰਕਟਕਾਲੀਨ ਦਿਨਾਂ ’ਚ ਵੀ ਆਪਣੀ ਡਿੳੂਟੀ ਬਿਨਾਂ ਨਾਗਾ ਕਰਨ ਨਾਲ ਇਨ੍ਹਾਂ ਦਾ ਮਾਣ-ਸਨਮਾਨ ਹੋਰ ਵੀ ਵਧ ਗਿਆ ਹੈ। ਉਹ ਦੱਸਦੇ ਹਨ ਕਿ ਕਲ੍ਹ ਨਵਾਂਸ਼ਹਿਰ ਦੇ ਐਸ ਡੀ ਐਮ ਜਗਦੀਸ਼ ਸਿੰਘ ਜੌਹਲ ਇਨ੍ਹਾਂ ਸਭਨਾਂ ਦੀ ਹੌਂਸਲਾ ਅਫ਼ਜ਼ਾਈ ਇਨ੍ਹਾਂ ਦੇ ਗਲਾਂ ’ਚ ਫੁੱਲਾਂ ਦੇ ਹਾਰ ਪੁਆ ਕੇ ਅਤੇ ਬੂਟਾਂ ਦੇ ਜੋੜੇ ਦੇ ਕੇ, ਕਰ ਕੇ ਗਏ ਹਨ।
ਬਲਾਚੌਰ ਦੇ ਈ ਓ ਘੁਰਬਰਨ ਸ਼ਰਮਾ ਅਨੁਸਾਰ ਸ਼ਹਿਰ ਦੇ 15 ਵਾਰਡਾਂ ’ਚ 60 ਸਫ਼ਾਈ ਸੇਵਕ ਕੰਮ ਕਰ ਰਹੇ ਹਨ। ਵਿਸ਼ੇਸ਼ ਗੱਲ ਇਹ ਹੈ ਕਿ ਇਨ੍ਹਾਂ ਦਿਨਾਂ ’ਚ ਸਾਰੇ ਸਫ਼ਾਈ ਕਰਮਚਾਰੀ ਆਪਣੀ ਡਿਊਟੀ ਬਿਨਾਂ ਕਿਸੇ ਡਰ-ਸੰਕੋਚ ਦੇ ਸੇਵਾ ਸਮਝ ਕੇ ਕਰਨ ਲੱਗੇ ਹੋਏ ਹਨ।
ਬੰਗਾ ਦੇ ਈ ਓ ਰਾਜੀਵ ਉਬਰਾਏ ਅਨੁਸਾਰ ਸ਼ਹਿਰ ’ਚ 71 ਸਫ਼ਾਈ ਸੇਵਕ ਸਰਗਰਮੀ ਨਾਲ ਸਫ਼ਾਈ ਕਰ ਰਹੇ ਹਨ। ਸਵੇਰੇ ਤੇ ਸ਼ਾਮ ਦੀਆਂ ਆਪਣੀਆਂ ਸ਼ਿਫ਼ਟਾਂ ’ਚ ਕੰਮ ਕਰਨ ਵਾਲੇ ਇਹ ਯੋਧੇ ਬਿਨਾਂ ਕਿਸੇ ਤੋਂ ਕਹਾਏ ਆਪਣੇ-ਆਪ ਹਰੇਕ ਮੁੱਹਲੇ ’ਚੋਂ ਘਰ-ਘਰ ’ਚੋਂ ਕੂੜਾ ਇਕੱਠਾ ਕਰਦੇ ਹਨ।
ਨਵਾਂਸ਼ਹਿਰ ਦੇ ਵਿਕਾਸ ਨਗਰ ’ਚੋਂ ਘਰਾਂ ’ਚੋਂ ਕੂੜਾ ਇਕੱਠਾ ਕਰਨ ਵਾਲੇ ਸਫ਼ਾਈ ਸੇਵਕ ਮਨਦੀਪ, ਸ਼ੰਮੀ ਤੇ ਧਰਮਪਾਲ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਇੱਕੋ-ਇੱਕ ਟੀਚਾ ਸ਼ਹਿਰ ’ਚ ਸਫ਼ਾਈ ਦੀ ਘਾਟ ਨਾ ਆਉਣ ਦੇਣਾ ਹੈ। ਉਹ ਆਪਣੀ ਡਿਊਟੀ ਨੂੰ ਬਿਨਾਂ ਕਿਸੇ ਡਰ ਦੇ, ਪੂਰੀ ਸਾਵਧਾਨੀ ਨਾਲ ਕਰ ਰਹੇ ਹਨ ਅਤੇ ਲੋਕਾਂ ਵੱਲੋਂ ਇਨ੍ਹਾਂ ਦਿਨਾਂ ’ਚ ਪਿਆਰ ਅਤੇ ਮਾਣ-ਸਨਮਾਨ ਵੀ ਬਹੁਤ ਮਿਲ ਰਿਹਾ ਹੈ।
ਜ਼ਿਲ੍ਹੇ ’ਚ ਚਾਰਾਂ ਨਗਰ ਕੌਂਸਲਾਂ ’ਚ ਕੁੱਲ 92 ਵਾਰਡ ਹਨ, ਜਿਨ੍ਹਾਂ ’ਚ ਰੈਗੂਲਰ ਅਤੇ ਠੇਕਾ ਆਧਾਰਿਤ 284 ਸਫ਼ਾਈ ਸੇਵਕ ਕੰਮ ਕਰ ਰਹੇ ਹਨ। ਇਨ੍ਹਾਂ ਨਗਰ ਕੌਂਸਲਾਂ ਦੇ ਕਾਰਜ ਸਾਧਕ ਅਫ਼ਸਰਾਂ ਅਨੁਸਾਰ ਉਨ੍ਹਾਂ ਵੱਲੋਂ ਸਫ਼ਾਈ ਦੇ ਨਾਲ-ਨਾਲ ਸ਼ਹਿਰੀ ਇਲਾਕਿਆਂ ’ਚ ਸੈਨੇਟਾਈਜ਼ੇਸ਼ਨ ਲਈ ‘ਰੋਗਾਣੂ ਨਾਸ਼ਕ ਦਵਾਈ’ ਦੇ ਛਿੜਕਾਅ ਵੀ ਕਰਵਾਏ ਜਾ ਰਹੇ ਹਨ, ਜਿਸ ਲਈ ਬਾਕਾਇਦਾ ਟੀਮਾਂ ਬਣਾ ਕੇ, ਉਨ੍ਹਾਂ ਨੂੰ ਸਪਰੇਅ ਪੰਪ ਦਿੱਤੇ ਗਏ ਹਨ।