20 ਟਰਾਲੀਆਂ ਨੂੰ ਜਾਰੀ ਕੀਤੇ ਗਏ ਕਰਫਿਊ ਪਾਸ; ਸਮਾਜਿਕ ਦੂਰੀ ਦਾ ਰੱਖਿਆ ਖਾਸ ਖਿਆਲ
ਅਸ਼ੋਕ ਵਰਮਾ
ਮਾਨਸਾ, 14 ਅਪ੍ਰੈਲ 2020 : ਕੋਰੋਨਾ ਮਹਾਂਮਾਰੀ ਕਰਕੇ ਕਰਫਿਊ ਲਗਾਏ ਜਾਣ ਕਾਰਨ ਜ਼ਿਲਾ ਮਾਨਸਾ ਵਿਚ ਬਾਕੀ ਰਹਿ ਗਈ ਨਰਮੇ ਦੀ ਖਰੀਦ ਅੱਜ ਫੇਰ ਤੋਂ ਸ਼ੁਰੂ ਕਰਵਾ ਦਿੱਤੀ ਗਈ ਹੈ। ਮਾਨਸਾ ਪਹਿਲਾ ਜ਼ਿਲਾ ਹੈ ਜਿਸ ਵਿਚ ਪਹਿਲ ਦੇ ਆਧਾਰ ਤੇ ਨਰਮੇ ਦੀ ਖਰੀਦ ਮੁੜ ਤੋਂ ਸ਼ੁਰੂ ਕਰਵਾਈ ਗਈ ਹੈ। ਕਿਸਾਨਾਂ ਨੂੰ ਰਾਹਤ ਦਿੰਦਿਆਂ ਮਾਨਸਾ ਜ਼ਿਲੇ ਵਿਚ ਪਹਿਲ ਦੇ ਆਧਾਰ ਤੇ ਕਣਕ ਦੀ ਖਰੀਦ ਪ੍ਰੋਜੈਕਟ ਦੇ ਤਹਿਤ ਹੀ ਨਰਮੇ ਦੀ ਵੀ ਬਾਕੀ ਰਹਿੰਦੀ ਖਰੀਦ ਸ਼ੁਰੂ ਕਰ ਕੀਤੀ ਹੈ।
ਜ਼ਿਲਾ ਮੰਡੀ ਅਫ਼ਸਰ-ਕਮ-ਸਟੇਟ ਕਾਟਨ ਕੋਆਰਡੀਨੇਟਰ ਰਜਨੀਸ਼ ਗੋਇਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਿਪਟੀ ਕਮਿਸ਼ਨਰ ਮਾਨਸਾ ਗੁਰਪਾਲ ਸਿੰਘ ਚਹਿਲ ਦੇ ਦਿਸ਼ਾ ਨਿਰਦੇਸ਼ਾਂ ਤੇ ਨਰਮੇ ਦੀ ਬਾਕੀ ਰਹਿੰਦੀ ਖਰੀਦ ਫਿਰ ਤੋਂ ਸ਼ੁਰੂ ਕਰਵਾਈ ਗਈ ਹੈ। ਉਨਾਂ ਦੱਸਿਆ ਕਿ ਹੁਣ ਤੱਕ ਜ਼ਿਲੇ ਵਿਚ 9.40 ਲੱਖ ਕੁਇੰਟਲ ਦੇ ਕਰੀਬ ਨਰਮੇ ਦੀ ਖਰੀਦ ਕੀਤੀ ਜਾ ਚੁੱਕੀ ਹੈ ਅਤੇ ਕੋਰੋਨਾ ਵਾਇਰਸ ਦੇ ਚਲਦਿਆਂ ਲਗਾਏ ਗਏ ਕਰਫਿਊ ਕਾਰਨ ਤਕਰੀਬਨ 50 ਹਜ਼ਾਰ ਕੁਇੰਟਲ ਨਰਮੇ ਦੀ ਖਰੀਦ ਬਾਕੀ ਰਹਿ ਗਈ ਸੀ ਜੋ ਕਿ ਇਕ ਮਹੀਨੇ ਦੇ ਅੰਦਰ ਅੰਦਰ ਨਿਪਟਾਉਣ ਦਾ ਟੀਚਾ ਹੈ। ਉਨਾਂ ਦੱਸਿਆ ਕਿ ਮੰਡੀ ਵਿਚ ਭੀੜ ਨੂੰ ਘਟਾਉਣ ਲਈ ਇਕ ਦਿਨ ਵਿਚ ਸਿਰਫ 20 ਟਰਾਲੀਆਂ ਨੂੰ ਹੀ ਸਬੰਧਤ ਮਾਰਕਿਟ ਕਮੇਟੀ ਦੁਆਰਾ ਪਾਸ ਜਾਰੀ ਕੀਤੇ ਗਏ ਹਨ, ਜੋ ਕਿ ਪਹਿਲਾਂ ਆਓ, ਪਹਿਲਾਂ ਪਾਓ ਦੇ ਆਧਾਰ ਤੇ ਜਾਰੀ ਕੀਤੇ ਗਏ। 500 ਕੁਇੰਟਲ ਦੇ ਕਰੀਬ ਖਰੀਦ ਦਾ ਰੋਜ਼ਾਨਾ ਦਾ ਟੀਚਾ ਰੱਖਿਆ ਗਿਆ ਹੈ ਅਤੇ ਜੇਕਰ ਇਹ ਪ੍ਰਕਿਰਿਆ ਸਫਲਤਾਪੂਰਵਕ ਰਹੀ ਤਾਂ ਪਾਸ ਦੀ ਲਿਮਟ 20 ਤੋਂ ਵਧਾ ਕੇ 40 ਅਤੇ ਰੋਜ਼ਾਨਾ ਦੀ ਖਰੀਦ ਦਾ ਟੀਚਾ 1 ਹਜ਼ਾਰ ਕੁਇੰਟਲ ਤੱਕ ਕਰ ਦਿੱਤਾ ਜਾਵੇਗਾ। ਉਨਾਂ ਦੱਸਿਆ ਕਿ ਅੱਜ ਕੁੱਲ 21 ਟਰਾਲੀਆਂ ਮੰਡੀ ਵਿਚ ਆਈਆਂ ਅਤੇ ਅੰਦਾਜ਼ਨ 446 ਕੁਇੰਟਲ ਦੀ ਖਰੀਦ ਸੀ.ਸੀ.ਆਈ. ਵੱਲੋਂ ਕੀਤੀ ਗਈ ਹੈ।
ਉਨਾਂ ਦੱਸਿਆ ਕਿ ਪੰਜਾਬ ਮੰਡੀ ਬੋਰਡ ਵੱਲੋਂ ਸਮਾਜਿਕ ਦੂਰੀ ਨੂੰ ਬਣਾਈ ਰੱਖਣ ਲਈ ਅਤੇ ਸੈਨੇਟਾਈਜ਼ਰ ਕਰਨ ਲਈ ਪੁਖਤਾ ਪ੍ਰਬੰਧ ਮੰਡੀ ਵਿਚ ਕੀਤੇ ਗਏ ਹਨ। ਕਾਟਨ ਯਾਰਡ ਵਿਚ ਆਉਣ ਵਾਲੇ ਹਰ ਵਿਅਕਤੀ ਨੂੰ ਸੈਨੇਟਾਈਜ਼ ਕੀਤਾ ਜਾਂਦਾ ਹੈ। ਟਰਾਲੀਆਂ ਦੇ ਖੜੇ ਹੋਣ ਵਾਲੀ ਜਗਾ ਤੇ ਹਾਇਪਰੋਕਲੋਰਾਈਡ ਨਾਲ ਸਪਰੇਅ ਕੀਤੀ ਗਈ ਹੈ। ਸਾਰੇ ਕਾਟਨ ਯਾਰਡ ਵਿਚ 30 30 ਦੇ ਖਾਨੇ ਬਣਾਏ ਗਏ ਹਨ। ਨਰਮੇ ਦੀਆਂ ਟਰਾਲੀਆਂ ਇਨਾਂ ਖਾਨਿਆਂ ਵਿਚ ਹੀ ਖੜੀਆਂ ਕਰਵਾਈਆਂ ਜਾਂਦੀਆਂ।
ਮੁੱਖ ਖੇਤੀਬਾੜੀ ਅਫ਼ਸਰ ਡਾ. ਰਾਮ ਸਰੂਪ ਦੁਆਰਾ ਮੰਡੀ ਵਿਚ ਨਰਮੇ ਦੀ ਖਰੀਦੋ ਫਰੋਖ਼ਤ ਸਬੰਧੀ ਚੈਕਿੰਗ ਦੌਰਾਨ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਲੇਬਰ ਨੂੰ ਆਪਸ ਵਿਚ ਘੱਟ ਤੋਂ ਘੱਟ 1.5 ਤੋਂ 2 ਮੀਟਰ ਦੀ ਦੂਰੀ ਬਣਾਉਣ ਲਈ ਕਿਹਾ ਗਿਆ। ਉਨਾਂ ਕਿਸਾਨ ਵੀਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿੰਨਾਂ ਕਿਸਾਨਾਂ ਨੇ ਹਾਲੇ ਤੱਕ ਨਰਮਾ ਨਹੀਂ ਵੇਚਿਆ ਉਹ ਨਰਮਾ ਵੇਚਣ ਸਬੰਧੀ ਕਰਫਿਊ ਪਾਸ ਲੈਣ ਲਈ ਸਬੰਧਤ ਮਾਰਕਿਟ ਕਮੇਟੀ ਅਤੇ ਸਬੰਧਤ ਆੜਤੀਏ ਨਾਲ ੇ ਸੰਪਰਕ ਕਰ ਸਕਦੇ ਹਨ। ਨਰਮੇ ਨੂੰ ਮੰਡੀ ਵਿਚ ਲਿਆਉਣ ਸਮੇਂ ਕੇਵਲ ਇਕ ਹੀ ਵਿਅਕਤੀ ਟਰੈਕਟਰ ਟਰਾਲੀ ਨਾਲ ਜਾਵੇ ਅਤੇ ਨਰਮੇ ਨੂੰ ਸਾਫ ਸੁੱਥਰਾ ਹੀ ਮੰਡੀ ਵਿਚ ਲਿਆਂਦਾ ਜਾਵੇ ਤਾਂ ਜੋ ਇਸ ਨੂੰ ਵੇਚਣ ਵਿਚ ਕਿਸੇ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।