ਐਸ ਏ ਐਸ ਨਗਰ, 14 ਅਪ੍ਰੈਲ 2020: ਮੈਡੀਕਲ ਅਤੇ ਨਾਨ-ਮੈਡੀਕਲ ਕਰਮਚਾਰੀਆਂ ਨੂੰ ਸੁਰੱਖਿਆ ਉਪਕਰਣ ਮੁਹੱਈਆ ਕਰਾਉਣ ਦੇ ਮੱਦੇਨਜ਼ਰ, ਮੁਹਾਲੀ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਨੇ ਅੱਜ ਸਿਹਤ ਮੰਤਰੀ ਪੰਜਾਬ, ਸ ਬਲਬੀਰ ਸਿੰਘ ਸਿੱਧੂ ਦੀ ਹਾਜ਼ਰੀ ਵਿਚ ਮੁਹਾਲੀ ਹਸਪਤਾਲਾਂ ਦੇ ਪੈਰਾ ਮੈਡੀਕਲ ਦੀ ਵਰਤੋਂ ਲਈ 100 ਪੀਪੀਈ ਕਿੱਟਾਂ, 200 ਸੈਨੀਟਾਈਜ਼ਰਜ਼ ਅਤੇ 500 ਥ੍ਰੀ ਲੇਅਰ ਮਾਸਕ ਸਿਵਲ ਸਰਜਨ ਮੁਹਾਲੀ ਡਾ: ਮਨਜੀਤ ਸਿੰਘ ਨੂੰ ਸੌਂਪੇ। ਪੈਰਾਮੇਡਿਕਸ ਲਈ ਜਲਦੀ ਹੀ ਹੋਰ 200 ਮਾਸਕ (ਐਨ 95) ਦਾ ਪ੍ਰਬੰਧ ਵੀ ਕੀਤਾ ਜਾਵੇਗਾ।
ਮੰਤਰੀ ਨੇ ਐਸੋਸੀਏਸ਼ਨ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸੰਕਟ ਦੇ ਇਸ ਸਮੇਂ ਵਿੱਚ ਜਦੋਂ ਸਾਰੇ ਕੋਰੋਨਾ ਵਾਇਰਸ ਬਿਮਾਰੀ ਨੂੰ ਹਰਾਉਣ ਦੀ ਲੜਾਈ ਵਿੱਚ ਜੁਟੇ ਹੋਏ ਹਨ, ਇਹ ਸਹਾਇਤਾ ਬਹੁਤ ਮਹੱਤਵ ਰੱਖਦੀ ਹੈ।
ਇਹ ਸਾਮਾਨ ਸੌਂਪਣ ਮੌਕੇ ਹੋਰਨਾਂ ਤੋਂ ਇਲਾਵਾ ਐਸੋਸੀਏਸ਼ਨ ਦੇ ਪ੍ਰਧਾਨ ਐਸ. ਚੌਧਰੀ, ਸਕੱਤਰ ਜਨਰਲ ਸੁਖਵਿੰਦਰ ਸਿੰਘ ਬੇਦੀ, ਹਰਿੰਦਰਪਾਲ ਸਿੰਘ ਹੈਰੀ ਸਕੱਤਰ ਲੋਕ ਸੰਪਰਕ ਮੁਹਾਲੀ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਤੋਂ ਇਲਾਵਾ ਐਮਐਸਸੀਏ ਦੇ ਕਾਰਜਕਾਰੀ ਮੈਂਬਰ ਸ. ਰਵਜੋਤ ਸਿੰਘ ਅਤੇ ਬ੍ਰਿਗੇਡੀਅਰ ਜੇ ਜੇ ਸਿੰਘ ਵੀ ਮੌਜੂਦ ਸਨ।