ਰੈਪਿਡ ਟੈਸਟਿੰਗ ਸ਼ੁਰੂ ;ਦੋ ਪਾਜੇਟਿਵ ਮਾਮਲੇ ਆਏ ਸਾਹਮਣੇ
ਐਸ ਏ ਐਸ ਨਗਰ, 14 ਅਪ੍ਰੈਲ 2020: ਕੋਰੋਨਾ ਵਾਇਰਸ ਪਾਜੇਟਿਵ ਮਾਮਲਿਆਂ ਦੀ ਜਾਂਚ ਲਈ ਟੈਸਟਿੰਗ ਨੂੰ ਹੋਰ ਅਪਗ੍ਰੇਡ ਕਰਨ ਦੀ ਰਣਨੀਤੀ ਦੇ ਹਿੱਸੇ ਵਜੋਂ, ਕੋਵਿਡ-19 ਲਈ ਰੈਪਿਡ ਟੈਸਟਿੰਗ ਅੱਜ ਪੰਜਾਬ ਵਿੱਚ ਜਵਾਹਰਪੁਰ ਤੋਂ ਸ਼ੁਰੂ ਕੀਤੀ ਗਈ।
ਇਸ ਮੌਕੇ ਜਵਾਹਰਪੁਰ ਤੋਂ ਲੱਛਣਾਂ ਵਾਲੇ ਮਰੀਜ਼ਾਂ ਦੇ ਨਮੂਨੇ ਅਤੇ ਫਲੂ ਕਾਰਨਰ, ਡੇਰਾਬਾਸੀ ਤੋਂ ਬੁਖਾਰ ਵਾਲੇ ਮਰੀਜ਼ਾਂ ਦੇ ਨਮੂਨੇ ਲਏ ਗਏ ਅਤੇ ਸਾਰੇ ਨੈਗਟਿਵ ਪਾਏ ਗਏ।
ਇਕ ਵੱਡੀ ਰਾਹਤ ਵਜੋਂ, ਸੈਕਟਰ 69, ਮੁਹਾਲੀ ਦੀ ਵਸਨੀਕ ਇੱਕ 36 ਸਾਲਾ ਮਹਿਲਾ ਮਰੀਜ਼, ਜਿਸ ਦੀ ਕੋਵਿਡ-19 ਦੀ ਰਿਪੋਰਟ ਦੋ ਵਾਰ ਨੈਗਟਿਵ ਆਈ ਹੈ, ਨੂੰ ਗਿਆਨ ਸਾਗਰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਇਸ ਮਹਿਲਾ ਨੂੰ 26 ਮਾਰਚ, 2020 ਨੂੰ ਗਿਆਨ ਸਾਗਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਸਦਾ ਪਤੀ ਪਹਿਲਾਂ ਕੋਰੋਨਾ ਵਾਇਰਸ ਲਈ ਪਾਜੇਟਿਵ ਪਾਇਆ ਗਿਆ ਸੀ। ਦੋਵੇਂ ਯੂਕੇ ਦੀ ਯਾਤਰਾ ਨਾਲ ਸਬੰਧਤ ਸਨ।
ਇਸੇ ਦੌਰਾਨ ਜ਼ਿਲ੍ਹੇ ਵਿੱਚ ਅੱਜ ਦੋ ਪਾਜੇਟਿਵ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿਚੋਂ ਇਕ 56 ਸਾਲਾ ਮਹਿਲਾ ਹੈ ਜੋ ਪਹਿਲਾਂ ਹੀ ਪਾਜੇਟਿਵ ਮਾਮਲਿਆਂ ਦੀ ਨਜ਼ਦੀਕੀ ਪਰਿਵਾਰਕ ਮੈਂਬਰ ਹੈ ਜਦਕਿ ਦੂਜਾ ਕੇਸ 38 ਸਾਲਾ ਮਹਿਲਾ ਹੈ ਜੋ ਮੁੰਡੀ ਖਰੜ ਦੀ ਮ੍ਰਿਤਕ ਮਹਿਲਾ ਦੇ ਸੰਪਰਕ ਵਿਚ ਆਈ ਸੀ।