ਹਰਿੰਦਰ ਨਿੱਕਾ
ਸੰਗਰੂਰ, 14 ਅਪ੍ਰੈਲ 2020 - ਕੋਰੋਨਾ ਵਾਇਰਸ ਨੂੰ ਫ਼ੈਲਣ ਤੋਂ ਰੋਕਣ ਲਈ ਕਰਫਿਊ ਲਗਾਇਆ ਗਿਆ ਹੈ ਪਰ ਆਮ ਜਨਤਾ ਨੂੰ ਕੋਈ ਸਮੱਸਿਆ ਨਾ ਆਵੇ ਇਸ ਲਈ ਸਮੇਂ-ਸਮੇਂ ਕੁੱਝ ਛੋਟਾਂ ਦਿੱਤੀਆਂ ਜਾ ਰਹੀਆਂ ਹਨ। ਇਸੇ ਹੀ ਲੜੀ ਤਹਿਤ ਕਿਸਾਨਾਂ ਨੂੰ ਖਾਦ ਸਬੰਧੀ ਕੋਈ ਸਮੱਸਿਆ ਨਾ ਪੈਦਾ ਹੋਵੇ, ਇਸ ਲਈ ਵਧੀਕ ਜ਼ਿਲ੍ਹਾ ਮੈਜਿਸਟਰੇਟ ਵਲੋਂ ਵਧੀਕ ਪ੍ਰਮੁੱਖ ਸਕੱਤਰ, ਖੇਤੀਬਾੜੀ ਤੇ ਕਿਸਾਨ ਵਿਭਾਗ ਪੰਜਾਬ ਦੇ ਪੱਤਰ ਰਾਹੀਂ ਪ੍ਰਾਪਤ ਹਦਾਇਤਾਂ ਅਨੁਸਾਰ ਛੋਟ ਦੇ ਹੁਕਮ ਜਾਰੀ ਕੀਤੇ ਹਨ ਜਿਨ੍ਹਾਂ ਵਿੱਚ ਫਰਟੀਲਾਈਜ਼ਰਜ਼, ਪੈਸਟੀਸਾਈਡਜ਼, ਬੀਜ ਦੇ ਉਤਪਾਦ ਅਤੇ ਪੈਕੇਜਿੰਗ ਯੂਨਿਟ, ਖਾਦ ਬਣਾਉਣ ਵਾਲੀਆਂ ਫੈਕਟਰੀਆਂ ਸ਼ਾਮਲ ਹਨ ਅਤੇ ਇਨ੍ਹਾਂ ਖਾਦ ਫੈਕਟਰੀਆਂ ਵਿੱਚ ਕੰਮ ਸਮੇਂ 10 ਤੋਂ ਵੱਧ ਵਿਅਕਤੀ ਮੌਜੂਦ ਨਹੀਂ ਹੋਣਗੇ।
ਇਸ ਦੌਰਾਨ ਕੋਰੋਨਾਵਾਇਰਸ ਦੀ ਰੋਕਥਾਮ ਲਈ ਜਾਰੀ ਦਿਸ਼ਾ ਨਿਰਦੇਸ਼ ਜਿਵੇਂ ਕੰਮ ਕਰਨ ਵਾਲੀ ਲੇਬਰ ਵੱਲੋਂ ਕੰਮ ਕਰਦੇ ਸਮੇਂ ਸਮਾਜਿਕ ਦੂਰੀ, ਮਾਸਕ ਪਾਉਣਾ ਅਤੇ ਹੱਥਾਂ ਨੂੰ ਸਾਬਣ ਨਾਲ ਧੋਣਾ ਜਾਂ ਸੈਨੀਟਾਈਜ਼ ਕਰਨਾ ਯਕੀਨੀ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਭਾਰਤ ਸਰਕਾਰ, ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮੇਂ- ਸਮੇਂ 'ਤੇ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਦੀ ਵੀ ਪਾਲਣਾ ਨੂੰ ਯਕੀਨੀ ਬਣਾਉਣ ਦੇ ਆਦੇਸ਼ ਦਿੱਤੇ ਗਏ ਹਨ।