ਅਸ਼ੋਕ ਵਰਮਾ
ਬਠਿੰਡਾ, 14 ਅਪ੍ਰੈਲ 2020 - ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਇਕਾਈ ਕੋਟੜਾ ਕੌੜਾ ਨੇ ਸੂਬਾ ਕਮੇਟੀ ਦੇ ਸੱਦੇ ਤੇ ਕੋਈ ਨਾ ਸੋਂਵੇ ਭੁੱਖਾ ਦੀ ਮੁਹਿੰਮ ਤਹਿਤ ਅੱਜ ਪਿੰਡ ਦੇ 250 ਗਰੀਬ ਤੇ ਲੋੜਵੰਦ ਪਰਿਵਾਰਾਂ ਨੂੰ ਇੱਥ ਲੱਖ ਰੁਪਏ ਤੋਂ ਵੱਧ ਦੇ ਰਾਸ਼ਨ ਦੀ ਵੰਡ ਕੀਤੀ ਗਈ । ਰਾਸ਼ਨ ਦੀ ਵੰਡ ਮੁਹਿੰਮ ਵਿੱਚ ਪਿੰਡ ਇਕਾਈ ਪੰਜਾਬ ਖੇਤ ਮਜਦੂਰ ਯੂਨੀਅਨ ਨੇ ਪੂਰਾ ਸਹਿਯੋਗ ਦਿੱਤਾ ਗਿਆ । ਬੀ.ਕੇ.ਯੂ ਇਕਾਈ ਦੇ ਆਗੂ ਨਹਿਰੂ ਸਿੰਘ ,ਪਵਨ ਕੁਮਾਰ ਸ਼ਰਮਾ.ਸ਼ੇਰ ਸਿੰਘ .ਬਿੰਦਰ ਸਿੰਘ ਨੇ ਪ੍ਰੈਂਸ ਬਿਆਨ ਰਾਹੀਂ ਦੱਸਿਆ ਕਿ ਕੇਂਦਰ ਦੀ ਮੋਦੀ ਹਕੂਮਤ ਤੇ ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਲਾਉਕਡਾਊਨ ਵਰਗੇ ਕਦਮ ਤਾਂ ਲਏ ਜਾ ਰਹੇ ਹਨ ਪਰ ਪਰ ਘਰਾਂ ਵਿੱਚ ਬੰਦ ਲੋਕਾਂ ਦੀਆਂ ਸਮੱਸਿਆਵਾਂ ਸਬੰਧੀ ਕੁੱਝ ਨਹੀਂ ਕੀਤਾ ਜਾ ਰਿਹਾ ।
ਉਨਾਂ ਕਿਹਾ ਕਿ ਰੋਜ ਕਮਾਕੇ ਖਾਣ ਵਾਲੇ ਲੋਕਾਂ ਦੀ ਜਾਨ ਕੁੜਿੱਕੀ ਵਿੱਚ ਫਸੀ ਹੋਈ ਹੈ । ਜੋ ਕੁੱਝ ਉਨਾਂ ਦੇ ਪੱਲੇ ਸੀ ਉਹ ਕਦੋਂ ਦੇ ਖਰਚ ਚੁੱਕੇ ਹਨ ਤੇ ਅੱਜ ਉਹ ਫਾਕਿਆਂ ਵਿੱਚ ਦਿਨ ਕੱਟ ਰਹੇ ਹਨ । ਉਨਾਂ ਸਰਕਾਰ ਤੇ ਦੋਸ਼ ਲਾਉਦਿਆਂ ਕਿਹਾ ਕਿ ਲੋਕਾਂ ਦੀਆਂ ਮੁਸੀਬਤਾਂ ਨੂੰ ਹੱਲ ਕਰਨ ਦੇ ਬਿਆਨ ਦੇਣ ਵਾਲੀਆਂ ਸਰਕਾਰਾਂ ਵਲੋਂ ਅਜੇ ਤੱਕ ਲੋਕਾਂ ਨੂੰ ਰਸੋਈ ਵਰਤੋਂ ਦੀਆਂ ਵਸਤਾਂ ਵੀ ਪਹੁੰਚਦੀਆਂ ਨਹੀਂ ਕੀਤੀਆਂ ਜੇ ਕਿਤੇ ਮਾੜਾ ਮੋਟਾ ਸਮਾਨ ਦਿੱਤਾ ਗਿਆ , ਉਹ ਆਪਣੀ ਸਿਆਸਤ ਨੂੰ ਚਮਕਾਉਣ ਤੇ ਵੋਟਾਂ ਦਾ ਝਾੜ ਵਧਾਉਣ ਦਾ ਸਾਧਨ ਹੋ ਨਿਬੜਿਆ ਹੈ ।
ਉਨਾਂ ਕੋਰੋਨਾ ਮਹਾਮਾਰੀ ਦੇ ਵਧਕੇ ਕਹਿਰ ਨੂੰ ਰੋਕਣ ਲਈ ਸਰਕਾਰ ਤੋਂ ਮੰਗ ਕੀਤੀ ਕਿ ਸਾਰੇ ਪ੍ਰਾਈਵੇਟ ਹਸਪਤਾਲਾਂ ਦਾ ਕੌਮੀ ਕਰਨ ਕਰਕੇ ਸਰਕਾਰੀ ਹੱਥਾਂ ਚੋਂ ਲੈਣ ,ਸਰਕਾਰੀ ਡਾਕਟਰਾਂ ,ਨਰਸਾਂ,ਸਫਾਈ ਕਰਮਚਾਰੀਆਂ ਨੂੰ ਮੈਡੀਕਲ ਕਿੱਟਾਂ ਦੇਣ,ਜਨਤਕ ਵੰਡ ਪ੍ਰਣਾਲੀ ਦਾ ਹੋਰ ਵਧਾਰਾ ਪਸਾਰਾ ਕਰਕੇ ਸਾਰੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੇਣ,ਮਨਰੇਗਾ ਕੰਮ ਦੇ ਬਕਾਏ ਦੇਣ ਅਤੇ ਸਮਾਜਿਕ ਦੂਰੀ ਰੱਖਣ ਦੀਆਂ ਸਾਵਧਾਨੀਆਂ ਕਰਕੇ ਕੰਮ ਚਲਾਉਣ ,ਕਿਸਾਨਾਂ ਦੀ ਕਣਕ ਖਰੀਦ ਦੇ ਪੂਰੇ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ ।
ਇਸਦੇ ਨਾਲ ਹੀ ਉਨਾਂ ਸਰਕਾਰ ਤੇ ਮੀਡੀਆ ਵਲੋਂ ਕਰੋਨਾ ਵਾਇਰਸ ਫੈਲਾਉਣ ਦਾ ਦੋਸੀ ਇੱਕ ਫਿਰਕੇ ਸਿਰ ਮੜਕੇ ਫਿਰਕਾਪ੍ਰਸਤੀ ਨੂੰ ਪੱਠੇ ਪਾਉਣ ਦੀਆਂ ਚੱਲੀਆਂ ਜਾ ਰਹੀਆਂ ਚਾਲਾਂ ਨੂੰ ਬੰਦ ਕਰਨ ਅਤੇ ਕਰੋਨਾ ਦੇ ਬਣੇ ਹਾਲਾਤ ਅੰਦਰ ਸ਼ੰਘਰਸ਼ੀਲ ਲੋਕਾਂ ਦੀਆਂ ਕੀਤੀਆਂ ਜਾ ਰਹੀਆਂ ਗਿਰਫਤਾਰੀਆਂ ਬੰਦ ਕਰਨ ਦੀ ਮੰਗ ਵੀ ਕੀਤੀ ਹੈ । ਉਨਾਂ ਕਿਹਾ ਕਿ ਸਰਕਾਰ ਲੋਕਾਂ ਦੀਆਂ ਮੁਸਕਲਾਂ ਦਾ ਹੱਲ ਕਰੇ ਤਾਂ ਕਿ ਲੋਕਾਂ ਨੂੰ ਮਜਬੂਰੀ ਵਿੱਚ ਸੜਕਾਂ ਤੇ ਨਾ ਆਉਣਾ ਪਵੇ। ਰਾਸਨ ਦੀ ਵੰਡਾਈ ਵਿੱਚ ਤਾਰਾ ਸਿੰਘ ,ਸ਼ੇਰ ਸਿੰਘ ,ਸਿਮਰਜੀਤ ਸਿੰਘ ,ਰਮਜਾਨ ਖਾਨ,ਬੂਟਾ ਸਿੰਘ ਆਦਿ ਨੌਜਵਾਨਾਂ ਨੇ ਪੂਰੀ ਤਨਦੇਹੀ ਨਾਲ ਡਿਉਟੀ ਨਿਭਾਈ ।