ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਮੱਦੇਨਜ਼ਰ ਖ਼ਾਲਸਾ ਪੰਥ ਦੇ ਸਥਾਪਨਾ ਦਿਵਸ ਅਤੇ ਵਿਸਾਖੀ ਦੇ ਪਵਿੱਤਰ ਦਿਹਾੜੇ ਮੌਕੇ ਕਲਗੀਧਰ ਟ੍ਰੱਸਟ, ਬੜੂ ਸਾਹਿਬ ਅਧੀਨ ਚੱਲ ਰਹੀ ਅਕਾਲ ਅਕੈਡਮੀ ਉੱਡਤ ਸੈਦੇਵਾਲ ਦੇ ਬੱਚਿਆਂ ਨੇ ਟ੍ਰੱਸਟ ਮੁਖੀ ਬਾਬਾ ਇਕਬਾਲ ਸਿੰਘ ਜੀ ਦੀ ਸਰਪ੍ਰਸਤੀ ਹੇਠ ਅਤੇ ਪ੍ਰਿੰਸੀਪਲ ਗੁਰਜੀਤ ਕੌਰ ਆਹਲੂਵਾਲੀਆ ਦੀ ਅਗਵਾਈ 'ਚ ਘਰਾਂ ਵਿੱਚ ਬੈਠ ਕੇ ਹੀ ਪਰਿਵਾਰ ਸਮੇਤ ਗੁਰਮਤਿ ਅਨੁਸਾਰ ਵੱਖ-ਵੱਖ ਬਾਣੀਆਂ ਦੇ ਪਾਠ ਕਰਕੇ ਇਹ ਪਵਿੱਤਰ ਦਿਹਾੜਾ ਮਨਾਇਆ। ਇਸ ਮੌਕੇ ਦੂਜੀ ਜਮਾਤ ਤੋਂ ਲੈ ਕੇ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਜਪੁਜੀ ਸਾਹਿਬ ਦੇ 171 ਪਾਠ, ਚੌਪਈ ਸਾਹਿਬ ਦੇ 141 ਪਾਠ, ਸੁਖਮਨੀ ਸਾਹਿਬ ਦੇ 33 ਪਾਠ, ਮਾਲਾ ਪਾਠ 379 ਅਤੇ ਮੂਲ ਮੰਤਰ ਦੇ 709 ਪਾਠ ਕੀਤੇ। ਇਸ ਪ੍ਰਕਾਰ ਵਿਦਿਆਰਥੀ ਜਿੱਥੇ ਗੁਰਬਾਣੀ ਨਾਲ ਜੁੜੇ, ਉੱਥੇ ਅਕਾਲ ਅਕੈਡਮੀ ਦੇ ਮਨੋਰਥ ਦੁਨਿਆਵੀ ਵਿੱਦਿਆ ਦੇ ਨਾਲ-ਨਾਲ ਅਧਿਆਤਮਕ ਵਿੱਦਿਆ ਦਾ ਪ੍ਰਸਾਰ ਵੀ ਹੋਇਆ।
ਕਲਗ਼ੀਧਰ ਟ੍ਰੱਸਟ, ਬੜੂ ਸਾਹਿਬ ਦੇ ਪ੍ਰਧਾਨ ਅਤੇ 'ਸ਼੍ਰੋਮਣੀ ਪੰਥ ਰਤਨ' ਬਾਬਾ ਇਕਬਾਲ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਥਾਪਨਾ ਅਤੇ ਵਿਸਾਖੀ ਦੇ ਪਵਿੱਤਰ ਦਿਹਾੜੇ ਦੀ ਸਿੱਖ-ਸੰਗਤਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਸ ਪਵਿੱਤਰ ਦਿਹਾੜੇ 'ਤੇ ਸਾਨੂੰ ਆਪਣਾ-ਆਪ ਗੁਰੂ ਸਾਹਿਬ ਨੂੰ ਸਮਰਪਿਤ ਕਰ ਦੇਣਾ ਚਾਹੀਦਾ ਹੈ। ਸਮਰਪਿਤ ਹੋਣ ਤੋਂ ਭਾਵ ਹੈ ਕੇ ਗੁਰੂ ਸਾਹਿਬ ਦੇ ਦਰਸਾਏ ਮਾਰਗ ਅਤੇ ਦਿੱਤੀਆਂ ਸਿੱਖਿਆਵਾਂ ਉੱਤੇ ਬੜੀ ਦ੍ਰਿੜ੍ਹਤਾ ਤੇ ਸ਼ਰਧਾ-ਭਾਵਨਾ ਨਾਲ ਪਹਿਰਾ ਦੇਣ ਤੋਂ ਹੈ। ਹਰ ਸਿੱਖ ਨੂੰ ਬਾਣੀ ਤੇ ਬਾਣੇ ਵਿਚ ਪ੍ਰਪੱਕ ਹੋਣਾ ਚਾਹੀਦਾ ਹੈ। ਇਸ ਪਵਿੱਤਰ ਦਿਹਾੜੇ ਮੌਕੇ ਕਲਗ਼ੀਧਰ ਟ੍ਰੱਸਟ, ਬੜੂ ਸਾਹਿਬ ਵੱਲੋਂ ਦੁਨੀਆਂ ਭਰ ਵਿੱਚ ਵੱਸਦੀ ਸਿੱਖ-ਸੰਗਤ ਨੂੰ ਇਸ ਪਵਿੱਤਰ ਦਿਹਾੜੇ ਦੀ ਹਾਰਦਿਕ ਵਧਾਈ ਹੋਵੇ, ਅਸੀਂ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਆਪ ਨੂੰ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨ।