ਹਰਿੰਦਰ ਨਿੱਕਾ
- ਜਨਤਕ ਥਾਵਾਂ ’ਤੇ ਛੇਤੀ ਹੀ ਲਾਈਆਂ ਜਾਣਗੀਆਂ ਹੋਰ ਮਸ਼ੀਨਾਂ-ਡੀਸੀ ਫੂਲਕਾ
ਬਰਨਾਲਾ, 15 ਅਪਰੈਲ 2020 - ਕੋਰੋਨਾ ਵਾਇਰਸ ਤੋਂ ਬਚਾਅ ਲਈ ਸਭ ਤੋਂ ਵੱਡਾ ਨੁਕਤਾ ਚੰਗੀ ਤਰਾਂ ਹੱਥ ਧੋਣਾ ਹੈ ਤੇ ਇਸੇ ਨੁਕਤੇ ਤਹਿਤ ਉਪਰਾਲੇ ਜਾਰੀ ਹਨ। ਹੁਣ ਜ਼ਿਲਾ ਪ੍ਰਸ਼ਾਸਨ ਨੇ ਪਹਿਲ ਕਰਦੇ ਹੋਏ ਸਿਵਲ ਹਸਪਤਾਲ ਬਰਨਾਲਾ ਦੇ ਨਵੇਂ ਜ਼ੱਚਾ-ਬੱਚਾ ਵਿੰਗ ’ਚ ਹੱਥ ਧੋਣ ਵਾਲੀ ਆਟੋਮੈਟਿਕ ਮਸ਼ੀਨ ਸਥਾਪਿਤ ਕੀਤੀ ਹੈ, ਜਿਸ ਦਾ ਉਦਘਾਟਨ ਅੱਜ ਡਿਪਟੀ ਕਮਿਸ਼ਨਰ ਬਰਨਾਲਾ ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਕੀਤਾ ਗਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਮੈਡਮ ਰੂਹੀ ਦੁੱਗ, ਐਸਡੀਐਮ ਅਨਮੋਲ ਸਿੰਘ ਧਾਲੀਵਾਲ ਤੇ ਸਿਵਲ ਸਰਜਨ ਡਾ. ਗੁਰਿੰਦਰਬੀਰ ਸਿੰਘ ਵੀ ਹਾਜ਼ਰ ਸਨ।
ਇਸ ਮੌਕੇ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਕਿਹਾ ਕਿ ਕੋਰੋਨਾ ਵਾਇਰਸ ਤੋਂ ਬਚਾਅ ਲਈ ਸਮੇਂ ਸਮੇਂ ’ਤੇ ਹੱਥ ਧੋੋਣਾ ਬਹੁਤ ਜ਼ਰੂਰੀ ਹੈ। ਇਸੇ ਤਹਿਤ ਨਗਰ ਕੌਂਸਲ ਬਰਨਾਲਾ ਰਾਹੀਂ ਹੱਥ ਧੋਣ ਵਾਲੀ ਆਟੋਮੈਟਿਕ ਮਸ਼ੀਨ ਸਿਵਲ ਹਸਪਤਾਲ ਦੇ ਨਵੇਂ ਜ਼ੱਚਾ-ਬੱਚਾ ਵਿੰਗ ਵਿਚ ਲਾਈ ਗਈ ਹੈ। ਇਸ ਮਸ਼ੀਨ ਦੇ ਦੋ ਪੈਡਲ ਲਾਏ ਗਏ ਹਨ। ਇਕ ਪੈਡਮ ਨੂੰ ਪੈਰ ਨਾਲ ਦਬਾਉਣ ’ਤੇ ਪਾਣੀ ਅਤੇ ਇਕ ਪੈਡਲ ਨਾਲ ਹੈਂਡ ਵਾਸ਼ ਦਾ ਪ੍ਰਬੰਧ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਅਜਿਹੀਆਂ ਕਰੀਬ 10 ਹੋਰ ਮਸ਼ੀਨਾਂ ਵੱਖ ਵੱਖ ਥਾਵਾਂ ’ਤੇ ਲਾਉਣ ਦਾ ਟੀਚਾ ਹੈ ਤਾਂ ਜੋ ਜਨਤਕ ਥਾਵਾਂ ’ਤੇ ਲੋਕਾਂ ਵੱਲੋ ਹੱਥ ਧੋਤੇ ਜਾਣਾ ਯਕੀਨੀ ਬਣਾਇਆ ਜਾਵੇ।
ਇਸ ਮੌਕੇ ਐਸਡੀਐਮ ਅਨਮੋਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਹ ਮਸ਼ੀਨ ਵਿਸ਼ੇਸ਼ ਡਿਜਾਇਨ ਦੇਖ ਕੇ ਖੁਦ ਤਿਆਰ ਕਰਵਾਈ ਗਈ ਹੈ, ਜਿਸ ’ਤੇ ਲਗਭਗ 8 ਹਜ਼ਾਰ ਰੁਪਏ ਦੀ ਲਾਗਤ ਆਈ ਹੈ ਤੇ ਹੁਣ ਵੱਖ ਵੱਖ ਥਾਵਾਂ ਜਿਵੇਂ ਸਬਜ਼ੀ ਮੰਡੀ, ਜ਼ਿਲਾ ਪ੍ਰਬੰਧਕੀ ਕੰਪਲੈਕਸ ਤੇ ਹੋਰ ਥਾਵਾਂ ਜਿੱਥੇ ਲੋਕਾਂ ਦੀ ਜ਼ਿਆਦਾ ਆਮਦ ਹੈ, ਉਥੇ ਲਵਾਈਆਂ ਜਾਣਗੀਆਂ। ਉਨਾਂ ਦੱਸਿਆ ਕਿ ਇੱਥੇ ਵਲੰਟੀਅਰਾਂ ਦੀ ਵੀ ਡਿਊਟੀ ਲਗਾਈ ਗਈ ਹੈ, ਜੋ ਲੋਕਾਂ ਨੂੰ ਹੱਥ ਧੋਣ ਲਈ ਪ੍ਰੇਰਿਤ ਕਰ ਰਹੇ ਹਨ। ਇਸ ਮੌਕੇ ਸਿਵਲ ਹਸਪਤਾਲ ਵਿਖੇ ਆਉਣ ਵਾਲਿਆਂ ਨੂੰ ਮਾਸਕ ਵੀ ਦਿੱਤੇ ਗਏ। ਇਸ ਮੌਕੇ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਮਨਪ੍ਰੀਤ ਸਿੰਘ ਸਿੱਧੂ, ਸੈਨੇਟਰੀ ਇੰਸਪੈਕਟਰ ਅੰਕੁਸ਼, ਬੀਸੀਸੀ ਕੋਆਰਡੀਨੇਟਰ ਹਰਜੀਤ ਸਿੰਘ ਤੇ ਹੋਰ ਹਾਜ਼ਰ ਸਨ।