ਅਸ਼ੋਕ ਵਰਮਾ
- ਸਰਕਾਰਾਂ ਦੀ ਬੇਰੁਖੀ ਕਾਰਨ ਗੰਭੀਰ ਸੰਕਟ ਦਾ ਖਦਸ਼ਾ
ਬਠਿੰਡਾ, 15 ਅਪ੍ਰੈਲ 2020 - ਕੋਰੋਨਾ ਕਾਰਨ ਸਰਕਾਰ ਵੱਲੋਂ ਮੜੇ ਕਰਫਿਊ ਤੇ ਲਾਕਡਾਊਨ ਦੇ ਚਲਦਿਆਂ ਸੰਕਟ ਮੂੰਹ ਆਏ ਲੋਕਾਂ ਦੀ ਬਾਂਹ ਫੜਦਿਆਂ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਸ਼ੁਰੂ ਕੀਤੀ ‘‘ਕੋਈ ਨਾ ਸੌਂਵੇ ਭੁੱਖਾ’’ ਮੁਹਿੰਮ ਦੇ ਤਹਿਤ ਥੁੜਾਂ ਮਾਰੇ ਲੋੜਵੰਦ ਪਰਿਵਾਰਾਂ ਤੱਕ ਰਾਸ਼ਨ/ਲੰਗਰ ਤੇ ਹੋਰ ਜ਼ਰੂਰੀ ਵਸਤਾਂ ਪਹੁੰਚਦੀਆਂ ਕਰਨ ਦੇ ਲਏ ਫੈਸਲੇ ਮੁਤਾਬਕ 8 ਜ਼ਿਲਿਆਂ ਦੇ 120 ਪਿੰਡਾਂ ’ਚ 5371 ਪਰਿਵਾਰਾਂ ਤੱਕ ਕਰੀਬ 28 ਲੱਖ 45 ਹਜ਼ਾਰ ਰੁਪਏ ਤੋਂ ਉੱਪਰ ਦਾ ਸੁੱਕਾ ਰਾਸ਼ਨ ਪੁਚਾਇਆ ਗਿਆ। ਇਸਤੋਂ ਇਲਾਵਾ ਕਈ ਥਾਂਈਂ ਹਜ਼ਾਰਾਂ ਪਰਿਵਾਰਾਂ ਨੂੰ ਲੰਗਰ ਪਕਾ ਕੇ ਵੀ ਦਿੱਤਾ ਗਿਆ।
ਦੋਹਾਂ ਜਥੇਬੰਦੀਆਂ ਦੇ ਜਨਰਲ ਸਕੱਤਰਾਂ ਸੁਖਦੇਵ ਸਿੰਘ ਕੋਕਰੀ ਕਲਾਂ ਤੇ ਲਛਮਣ ਸਿੰਘ ਸੇਵੇਵਾਲਾ ਨੇ ਜਾਰੀ ਕੀਤੇ ਬਿਆਨ ਰਾਹੀਂ ਦੱਸਿਆ ਕਿ 8 ਅਪ੍ਰੈਲ ਨੂੰ ਦੋਹਾਂ ਜਥੇਬੰਦੀਆਂ ਦੀ ਹੋਈ ਮੀਟਿੰਗ ਸਮੇਂ ਲੋੜਵੰਦਾਂ ਤੱਕ 50 ਲੱਖ ਰੁਪਏ ਦਾ ਰਾਸ਼ਨ ਵੰਡਣ ਦਾ ਫੈਸਲਾ ਲਿਆ ਗਿਆ ਸੀ ਉਸ ਦੇ ਤਹਿਤ ਜ਼ਿਲਾ ਬਠਿੰਡਾ, ਬਰਨਾਲਾ, ਸੰਗਰੂਰ, ਮੋਗਾ, ਫਰੀਦਕੋਟ, ਲੁਧਿਆਣਾ, ਅੰਮਿ੍ਰਤਸਰ ਤੇ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡਾਂ ’ਚ ਇਹ ਰਾਸ਼ਨ ਵੰਡਿਆ ਗਿਆ ਜਦੋਂ ਕਿ ਬਾਕੀ ਦਾ ਰਹਿੰਦਾ ਟੀਚਾ ਇੱਕ ਦੋ ਦਿਨਾਂ ’ਚ ਪੂਰਾ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ 10 ਜ਼ਿਲਿਆਂ ਦੇ 200 ਪਿੰਡਾਂ ਦੇ ਹਜ਼ਾਰਾਂ ਲੋੜਵੰਦ ਪਰਿਵਾਰਾਂ ਤੱਕ ਦੁੱਧ, ਰਾਸ਼ਨ ਤੋਂ ਇਲਾਵਾ ਕੁੱਝ ਥਾਂਵਾ ’ਤੇ ਮਾਸਕ ਤੇ ਸੈਨੇਟਾਈਜ਼ਰ ਵੀ ਵੰਡੇ ਜਾ ਚੁੱਕੇ ਹਨ।
ਉਹਨਾਂ ਆਖਿਆ ਕਿ ਲਾਕਡਾਊਨ ਤੇ ਕਰਫਿਊ ਦੇ ਤਿੰਨ ਹਫ਼ਤੇ ਬੀਤ ਜਾਣ ਦੇ ਬਾਵਜੂਦ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਅਜੇ ਤੱਕ ਵੀ ਪੂਰਾ ਰਾਸ਼ਨ ਨਹੀਂ ਵੰਡਿਆ ਗਿਆ, ਜੋ ਕਿੱਟਾਂ ਪੰਜਾਬ ਸਰਕਾਰ ਵੱਲੋਂ ਭੇਜੀਆਂ ਵੀ ਗਈਆਂ ਹਨ ਉਹ ਲੋੜਵੰਦਾਂ ਦੀ ਗਿਣਤੀ ਦੇ ਮੁਕਾਬਲੇ ਆਟੇ ‘ਚ ਲੂਣ ਬਰਾਬਰ ਸਾਬਤ ਹੋ ਰਹੀਆ ਹਨ । ਉਨਾਂ ਦੱਸਿਆ ਕਿ ਆਟਾ, ਦਾਲ ਤੇ ਖੰਡ ਤੱਕ ਸੀਮਤ ਹੋਣ ਕਰਕੇ ਇਹ ਭੁੱਖੇ ਢਿੱਡਾਂ ਨੂੰ ਭਰਨ ਦਾ ਸਾਧਨ ਨਹੀਂ ਬਣ ਰਹੀਆਂ। ਕਿਉਕਿ ਇਹਨਾਂ ’ਚ ਚਾਹ ਪੱਤੀ, ਲੂਣ, ਮਿਰਚ, ਹਲਦੀ ਤੇ ਤੇਲ ਤੋਂ ਬਿਨਾਂ ਨਾ ਚਾਹ ਤੇ ਨਾ ਦਾਲ ਰੋਟੀ ਨਹੀਂ ਬਣ ਸਕਦੀ। ਉਹਨਾਂ ਦੱਸਿਆ ਕਿ ਆਪਣੇ ਸੀਮਤ ਸਾਧਨਾਂ ਦੇ ਬਾਵਜੂਦ ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ ਵੰਡੇ ਰਾਸ਼ਨ ’ਚ ਆਟਾ, ਦਾਲ, ਲੂਣ, ਮਿਰਚ, ਹਲਦੀ, ਤੇਲ, ਖੰਡ ਤੇ ਚਾਹ-ਪੱਤੀ ਸਮੇਤ 10-12 ਵਸਤਾਂ ਸ਼ਾਮਲ ਕੀਤੀਆਂ ਗਈਆਂ ਹਨ।
ਉਹਨਾਂ ਆਖਿਆ ਕਿ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਲਾਕਡਾਊਨ ਤੇ ਕਰਫਿਊ 3 ਮਈ ਤੱਕ ਤਾਂ ਵਧਾ ਦਿੱਤਾ ਹੈ ਪਰ ਮੁਸੀਬਤਾਂ ਮੂੰਹ ਧੱਕੇ ਲੋਕਾਂ ਲਈ ਨਾ ਸਿਰਫ਼ ਰਾਸ਼ਨ ਦਾ ਪ੍ਰਬੰਧ ਨਹੀਂ ਕੀਤਾ ਬਲਕਿ ਹੋਰਨਾਂ ਬਿਮਾਰੀਆਂ ਤੋਂ ਪੀੜਤਾਂ ਲਈ ਦਵਾਈਆਂ ਤੇ ਇਲਾਜ ਵੀ ਕੋਈ ਬਦਲਵਾ ਪ੍ਰਬੰਧ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਕਰੋਨਾ ਤੋਂ ਬਚਾਓ ਲਈ ਮੂਹਰੇ ਹੋ ਕੇ ਲੜ ਰਹੇ ਡਾਕਟਰਾਂ ਤੇ ਹੋਰ ਮੈਡੀਕਲ ਸਟਾਫ਼ ਲਈ ਬਚਾਓ ਕਿੱਟਾਂ ਦਾ ਪ੍ਰਬੰਧ ਕਰਨ ਅਤੇ ਕਰੋਨਾ ਪੀੜਤਾਂ ਦੀ ਭਾਲ ਕਰਨ ਲਈ ਲੋੜੀਂਦੇ ਟੈਸਟ ਕਰਨ, ਵੈਂਟੀਲੇਟਰਾਂ ਦਾ ਪ੍ਰਬੰਧ ਕਰਨ ਆਦਿ ਅਤਿ ਜ਼ਰੂਰੀ ਕਦਮ ਚੁੱਕਣ ਦੇ ਮਾਮਲੇ ’ਚ ਵੀ ਦੋਹੇਂ ਹਕੂਮਤਾਂ ਬੁਰੀ ਤਰਾਂ ਫੇਲ ਸਾਬਤ ਹੋਈਆਂ ਹਨ। ਇਸੇ ਕਰਕੇ ਹਜ਼ਾਰਾਂ ਮਜ਼ਦੂਰ ਆਪਣੀ ਜਾਨ ਖਤਰੇ ’ਚ ਪਾ ਕੇ ਮੁੰਬਈ ਤੇ ਸੂਰਤ ਵਰਗੇ ਸ਼ਹਿਰਾਂ ’ਚ ਸੜਕਾਂ ’ਤੇ ਨਿਕਲ ਰਹੇ ਹਨ, ਪਰ ਸਰਕਾਰਾਂ ਉਹਨਾਂ ਦੀਆਂ ਮੁਸ਼ਕਲਾਂ ਦੂਰ ਕਰਨ ਦੀ ਥਾਂ ਕੇਸ ਦਰਜ ਕਰਨ ਤੇ ਡਾਂਗ ਵਰਾਉਣ ਵਰਗੇ ਹੋਰ ਘਿਨਾਉਣੇ ਅਪਰਾਧ ਕਰ ਰਹੀਆਂ ਹਨ।
ਉਹਨਾਂ ਕਿਹਾ ਕਿ ਜਦੋਂ ਦੇਸ਼ ਦੇ ਕਰੋੜਾਂ ਲੋਕ ਗੰਭੀਰ ਸੰਕਟ ’ਚ ਘਿਰੇ ਹੋਏ ਹਨ ਤਾਂ ਫਾਸ਼ੀਵਾਦੀ ਇਸ ਸਮੇਂ ਵੀ ਮੁਸਲਮਾਨਾਂ ਖਿਲਾਫ਼ ਫਿਰਕੂ ਜ਼ਹਿਰ ਪਸਾਰਾ ਕਰਨ ਅਤੇ ਜਮਹੂਰੀ ਹੱਕਾਂ ਦੇ ਕਾਰਕੁੰਨਾਂ ਤੇ ਸੀ.ਏ.ਏ., ਐਨ.ਆਰ.ਸੀ. ਖਿਲਾਫ਼ ਸੰਘਰਸ਼ ’ਚ ਮੋਹਰੀ ਰੋਲ ਨਿਭਾਉਣ ਵਾਲੇ ਵਿਦਿਆਰਥੀਆਂ ਨੂੰ ਨਿਸ਼ਾਨਾ ਬਨਾਉਣ ਰਾਹੀਂ ਫਿਰਕੂ ਫਾਸ਼ੀ ਅਜੰਡੇ ਨੂੰ ਅੱਗੇ ਵਧਾ ਰਹੇ ਹਨ। ਉਹਨਾਂ ਗੌਤਮ ਨਵਲੱਖਾ, ਡਾ. ਅਨੰਦ ਤੇਲਤੂੰਬੜੇ ਤੇ ਜਾਮੀਆ ਯੂਨੀਵਰਸਿਟੀ ਦੀ ਵਿਦਿਆਰਥੀ ਆਗੂ ਸੈਫੂਰਾ ਜ਼ਰਗਰ ਨੂੰ ਸੀਖਾਂ ਪਿੱਛੇ ਡੱਕਣ ਦੀ ਨਿਖੇਧੀ ਕਰਦਿਆਂ ਉਹਨਾਂ ਨੂੰ ਤਰੰਤ ਰਿਹਾਅ ਕਰਨ ਦੀ ਮੰਗ ਕੀਤੀ।
ਉਹਨਾਂ ਮੰਗ ਕੀਤੀ ਕਿ ਲੋੜਵੰਦਾਂ ਤੱਕ ਪੂਰੀ ਮਾਤਰਾ ’ਚ ਰਾਸ਼ਨ ਭੇਜਿਆ ਜਾਵੇ, ਹੋਰਨਾਂ ਰੋਗਾਂ ਤੋਂ ਪੀੜਤ ਰੋਗੀਆਂ ਦੇ ਇਲਾਜ ਲਈ ਬੰਦ ਕੀਤੀ ਓ.ਪੀ.ਡੀ. ਸ਼ੁਰੂ ਕੀਤੀ ਜਾਵੇ ਅਤੇ ਸਾਰੇ ਪ੍ਰਾਈਵੇਟ ਹਸਪਤਾਲਾਂ ਨੂੰ ਸਰਕਾਰੀ ਹੱਥਾਂ ’ਚ ਲੈ ਕੇ ਇਹਨਾਂ ਹਸਪਤਾਲਾਂ ਤੇ ਲੈਬੋਰੇਟੀਰੀਆਂ ਦਾ ਸਮੁੱਚਾ ਢਾਂਚਾ ਪੀੜਤਾਂ ਦੇ ਇਲਾਜ ਲਈ ਵਰਤਿਆ ਜਾਵੇ। ਉਹਨਾਂ ਹਰ ਮਾਮਲੇ ’ਚ ਸਰਕਾਰਾਂ ਦੇ ਲੋਕਾਂ ਪ੍ਰਤੀ ਬੇਰੁਖੀ ਤੇ ਬੇਕਿਰਕੀ ਵਾਲੇ ਰਵੱਈਏ ਦੇ ਚਲਦਿਆਂ ਕਰੋਨਾ ਤੋਂ ਵੀ ਵਧੇਰੇ ਮੌਤਾਂ ਭੁੱਖ ਮਰੀ, ਆਰਥਿਕ ਮੰਦੀ ਤੇ ਹੋਰਨਾਂ ਬਿਮਾਰੀ ਕਾਰਨ ਹੋਣ ਦਾ ਖਦਸ਼ਾ ਜਾਹਰ ਕਰਦਿਆਂ ਸਰਕਾਰਾਂ ਨੂੰ ਤੁਰੰਤ ਢੁੱਕਵੇਂ ਕਦਮ ਚੁੱਕਣ ਦੀ ਮੰਗ ਕੀਤੀ ਹੈ।