ਅਸ਼ੋਕ ਵਰਮਾ
- ਅਧਿਆਪਕ ਕਵੀ ਗੁਰਪ੍ਰੀਤ ਹੋਣਗੇ ਪਹਿਲੇ ਪ੍ਰੋਗਰਾਮ 'ਚ ਰੂ-ਬ-ਰੂ
ਮਾਨਸਾ, 15 ਅਪ੍ਰੈਲ 2020 - ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾਈ ਦੇ ਨਾਲ ਨਾਲ ਹੁਣ ਉਨ੍ਹਾਂ ਦੀਆਂ ਸਾਹਿਤਕ ਅਤੇ ਸਭਿਆਚਾਰਕ ਰੁਚੀਆਂ ਨੂੰ ਪ੍ਰਫੁਲਿਤ ਕਰਨ ਲਈ ਵਿਸ਼ੇਸ਼ ਉਪਰਾਲੇ ਹੋਣ ਲੱਗੇ ਨੇ, ਇਸ ਲੜੀ ਤਹਿਤ ਉੱਘੇ ਸਾਹਿਤਕਾਰਾਂ ਨੂੰ ਵਿਦਿਆਰਥੀਆਂ ਦੇ ਰੂ ਬ ਰੂ ਕੀਤਾ ਜਾਵੇਗਾ, ਜਿਸ ਦੀ ਸ਼ੁਰੂਆਤ ਭਲਕੇ 16 ਅਪ੍ਰੈਲ ਤੋਂ ਮਾਨਸਾ ਜ਼ਿਲ੍ਹੇ ਚ ਕੀਤੀ ਜਾ ਰਹੀ ਹੈ, ਜਿਸ ਤਹਿਤ ਪ੍ਰਸਿੱਧ ਸਾਹਿਤਕਾਰ ਅਧਿਆਪਕ ਗੁਰਪ੍ਰੀਤ ਜ਼ੂਮ ਐਪ ਤੇ ਵਿਦਿਆਰਥੀਆਂ ਦੇ ਰੂ-ਬ-ਰੂ ਹੋਣਗੇ। ਇਸ ਸਮਾਗਮ ਦੀ ਪ੍ਰਧਾਨਗੀ ਨਾਮਵਰ ਨਾਟਕਕਾਰ ਅਜਮੇਰ ਸਿੰਘ ਔਲਖ ਦੀ ਪਤਨੀ ਅਤੇ ਪ੍ਰਸਿੱਧ ਰੰਗਕਰਮੀ ਮਨਜੀਤ ਕੌਰ ਔਲਖ ਕਰਨਗੇ।
ਇਸ ਰੂ ਬ ਰੂ ਸਮਾਗਮ ਦੇ ਪ੍ਰਬੰਧਕ ਹਰਦੀਪ ਸਿੰਘ ਸਿੱਧੂ ਅਤੇ ਰਾਜੇਸ਼ ਕੁਮਾਰ ਬੁਢਲਾਡਾ ਨੇ ਦੱਸਿਆ ਕਿ ਬੇਸ਼ੱਕ ਸਿੱਖਿਆ ਵਿਭਾਗ ਵੱਲ੍ਹੋ ਸਮੇਂ ਸਮੇਂ ਵਿਦਿਆਰਥੀਆਂ ਦੀਆਂ ਸਾਹਿਤਕ ਅਤੇ ਸੱਭਿਆਚਾਰ ਸਰਗਰਮੀਆਂ ਨੂੰ ਪ੍ਰਫੁੱਲਤ ਕਰਨ ਲਈ ਉਪਰਾਲੇ ਹੁੰਦੇ ਰਹਿੰਦੇ ਹਨ, ਪਰ ਹੁਣ ਜਦੋਂ ਕਰੋਨਾ ਕਰਫਿਊ ਕਾਰਨ ਅਧਿਆਪਕ ਅਤੇ ਵਿਦਿਆਰਥੀ ਘਰਾਂ ਚ ਬੈਠੇ ਹਨ ਤਾਂ ਉਨ੍ਹਾਂ ਦੀ ਪੜ੍ਹਾਈ ਨੂੰ ਜਾਰੀ ਰੱਖਣ ਅਤੇ ਉਨ੍ਹਾਂ ਦੀਆਂ ਹੋਰ ਰੁਚੀਆਂ ਨੂੰ ਵਿਕਸਤ ਕਰਨ ਲਈ ਅਧਿਆਪਕਾਂ ਵੱਲ੍ਹੋ ਨਵੇਂ ਨਵੇ ਉਪਰਾਲੇ ਹੋ ਰਹੇ ਹਨ, ਇਨ੍ਹਾਂ ਉਪਰਾਲਿਆਂ ਤਹਿਤ ਹੀ ਸਾਹਿਤਕਾਰ ਅਧਿਆਪਕਾਂ ਅਤੇ ਹੋਰ ਉਘੇ ਲੇਖਕਾਂ, ਕਲਾਕਾਰਾਂ ਨੂੰ ਵਿਦਿਆਰਥੀਆਂ ਦੇ ਰੂ ਬ ਰੂ ਕੀਤਾ ਜਾਵੇਗਾ।
ਪ੍ਰਬੰਧਕਾਂ ਨੇ ਦੱਸਿਆ ਕਿ ਜ਼ੂਮ ਐਪ ਤੇ ਰੂ ਬ ਰੂ ਹੋਣ ਵਾਲੇ ਸਰਕਾਰੀ ਸੈਕੰਡਰੀ ਸਕੂਲ ਮਾਨਸਾ ਦੇ ਅਧਿਆਪਕ ਕਵੀ ਗੁਰਪ੍ਰੀਤ ਹਨ, ਜਿੰਨ੍ਹਾਂ ਦੀਆਂ ਚਾਰ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਉਨ੍ਹਾਂ ਦੀ ਕਵਿਤਾ " ਹਰੀ ਕੇ ਪੱਤਣ " ਪੰਜਾਬ ਸਕੂਲ ਸਿੱਖਿਆ ਬੋਰਡ ਦੀ ਗਿਆਰਵੀਂ ਜਮਾਤ ਦੇ ਸਿਲੇਬਸ ਵਿੱਚ ਪੜ੍ਹਾਈ ਜਾ ਰਹੀ ਹੈ। ਗੁਰਪ੍ਰੀਤ ਦੀਆਂ ਕਾਵਿ ਪੁਸਤਕਾਂ ਤੇ ਵੱਖ ਵੱਖ ਯੂਨੀਵਰਸਿਟੀਆਂ ਵੱਲੋ ਖੋਜ ਕਾਰਜ ਹੋ ਚੁੱਕਿਆ ਹੈ। ਉਨ੍ਹਾਂ ਦੀਆਂ ਕਈ ਕਵਿਤਾਵਾਂ ਹਿੰਦੀ, ਅੰਗਰੇਜ਼ੀ, ਬੰਗਲਾ, ਨੇਪਾਲੀ ਵਿਚ ਪ੍ਰਕਾਸ਼ਿਤ ਹੋ ਚੁੱਕੀਆਂ ਹਨ, ਉਨ੍ਹਾਂ ਨੂੰ ਹੋਰ ਅਨੇਕਾਂ ਮਾਣ ਸਨਮਾਨਾਂ ਤੋਂ ਬਿਨ੍ਹਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਪ੍ਰੋ ਮੋਹਨ ਸਿੰਘ ਕਵਿਤਾ ਪੁਰਸਕਾਰ ਮਿਲ ਚੁੱਕਿਆ ਹੈ।
ਇਸ ਰੂ ਬ ਰੂ ਸਮਾਗਮ ਚ ਮਾਨਸਾ ਦੇ ਸਾਰੇ ਸਹਿਤਕਾਰਾਂ ਤੋ ਬਿਨ੍ਹਾਂ ਪੰਜਾਬ ਦੇ ਨਾਮਵਰ ਸਾਹਿਤਕਾਰ ਅਧਿਆਪਕਾਂ, ਲੇਖਕਾਂ, ਕਲਾਕਾਰਾਂ ਨੂੰ ਵਿਦਿਆਰਥੀਆਂ ਦੇ ਰੂ ਬ ਰੂ ਕੀਤਾ ਜਾਵੇਗਾ।ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ, ਐਲੀਮੈਂਟਰੀ ਜਗਰੂਪ ਭਾਰਤੀ, ਉਪ ਜ਼ਿਲ੍ਹਾ ਸਿੱਖਿਆ ਅਫਸਰ ਗੁਰਲਾਭ ਸਿੰਘ, ਜ਼ਿਲ੍ਹਾ ਗਾਈਡੈਸ ਤੇ ਕੌਸਲਰ ਨਰਿੰਦਰ ਸਿੰਘ ਮੋਹਲ, ਨੈਸ਼ਨਲ ਅਵਾਰਡੀ ਅਮਰਜੀਤ ਰੱਲੀ, ਜ਼ਿਲ੍ਹਾ ਕੋਆਰਡੀਨੇਟਰ ਗੁਰਨੈਬ ਮੰਘਾਣੀਆਂ ਆਦਿ ਵੀ ਰੂ-ਬ-ਰੂ ਹੋਣਗੇ।