ਹਰੀਸ ਕਾਲੜਾ
- ਡੀ.ਸੀ. ਨੇ ਅਨਾਜ ਮੰਡੀ ਰੂਪਨਗਰ ਦਾ ਦੌਰਾ ਕਰ ਲਿਆ ਖਰੀਦ ਪ੍ਰਬੰਧਾਂ ਦਾ ਜ਼ਾਇਜਾ
ਰੂਪਨਗਰ, 15 ਅਪ੍ਰੈਲ 2020 - ਡੀ.ਸੀ. ਸ੍ਰੀਮਤੀ ਸੋਨਾਲੀ ਗਿਰੀ ਨੇ ਦੱਸਿਆ ਕਿ ਹਾੜੀ ਸੀਜਨ 2020 ਦੌਰਾਨ ਜ਼ਿਲ੍ਹੇ ਦੀਆਂ ਸਾਰੀਆਂ ਅਨਾਜ ਮੰਡੀਆਂ ਵਿੱਚ ਕਣਕ ਦੀ ਖਰੀਦ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਜ਼ਿਲ੍ਹੇ ਦੀ ਕੁਝ ਮੰਡੀਆਂ ਵਿੱਚ ਕਣਕ ਦੀ ਆਮਦ ਹੋਣੀ ਸ਼ੁਰੂ ਹੋ ਗਈ ਹੈ। ਅੱਜ ਉਨ੍ਹਾਂ ਨੇ ਕਣਕ ਮੰਡੀ ਰੂਪਨਗਰ ਦਾ ਦੌਰਾ ਕਰਕੇ ਕੀਤੇ ਗਏ ਪ੍ਰਬੰਧਾਂ ਦਾ ਜਾਇਜਾ ਲਿਆ ਹੈ।
ਇਸ ਦੌਰਾਨ ਕੁਝ ਸਮੱਸਿਆਵਾਂ ਸਾਹਮਣੇ ਆਈਆ ਹਨ ਜਿਨ੍ਹਾਂ ਨੂੰ ਹੱਲ ਕਰਨ ਦੇ ਲਈ ਮੌਕੇ ਤੇ ਹੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜਿਲ੍ਹੇ ਦੀਆਂ ਮੰਡੀਆਂ ਵਿੱਚ ਅੱਜ ਦੇ ਦਿਨ 365 ਟਨ ਕਣਕ ਦੀ ਖਰੀਦ ਕੀਤੀ ਗਈ ਹੈ। ਇਸ ਦੀ ਅਦਾਇਗੀ 48 ਘੰਟੇ ਅੰਦਰ ਕਰ ਦਿੱਤੀ ਜਾਵੇਗੀ ।ਉਨ੍ਹਾਂ ਦੱਸਿਆ ਕਿ ਰੋਪੜ ਮੰਡੀ ਵਿੱਚ 200 ਟਨ ,ਘਨੌਲੀ ਵਿੱਚ 15 ਟਨ , ਭਰਤਗੜ੍ਹ ਵਿੱਚ 20 ਟਨ , ਮੋਰਿੰਡਾ ਵਿੱਚ 100 ਟਨ, ਕੀਰਤਪੁਰ ਸਾਹਿਬ ਵਿਖੇ 30 ਟਨ ਦੇ ਤਹਿਤ ਕੁੱਲ 365 ਟਨ ਕਣਕ ਦੀ ਖਰੀਦ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਦੇ ਪ੍ਰਕੋਪ ਨੂੰ ਦੇਖਦੇ ਹੋਏ ਕਿਸਾਨਾਂ ਨੂੰ ਫਸਲ ਦੀ ਕਟਾਈ ਤੋਂ ਲੈ ਕੇ ਮੰਡੀਆਂ ਵਿੱਚ ਕਣਕ ਨੂੰ ਵੇਚਣ ਤੱਕ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਕਿਸਾਨਾਂ ਦੀ ਫਸਲ ਦਾ ਇਕ-ਇਕ ਦਾਣਾ ਖਰੀਦਿਆ ਜਾਵੇਗਾ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਜ਼ਿਲੇ ਅੰਦਰ ਸਥਾਪਤ 47 ਮੰਡੀਆਂ 'ਤੇ ਸੈਨੀਟਾਈਜ਼ੇਸ਼ਨ, ਟੋਆਇਲਟ, ਪੀਣ ਵਾਲੇ ਸਾਫ਼ ਪਾਣੀ, ਬਿਜਲੀ, ਹੱਥ ਥੋਣ ਲਈ ਵਾਸਵੇਸ਼ਨ ਆਦਿ ਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਤਾਂ ਜੋ ਮੰਡੀ ਅੰਦਰ ਆਉਣ ਵਾਲੇ ਕਿਸਾਨਾਂ ਨੂੰ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਇਹ ਵੀ ਕਿਹਾ ਕਿ ਕਣਕ ਦੀ ਕਟਾਈ ਦਾ ਸਮਾਂ ਸਵੇਰੇ 6 ਵਜੇ ਤੋਂ ਸ਼ਾਮ 7 ਵਜੇ ਤੱਕ ਹੋਵੇਗਾ, ਰਾਤ ਦੇ ਸਮੇਂ ਕੰਬਾਇਨ ਨਾ ਚਲਾਈ ਜਾਵੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੋਵਿਡ-19 ਦੇ ਮੱਦੇਨਜਰ ਜ਼ਿਲ੍ਹੇ ਅੰਦਰ ਲਗਾਏ ਗਏ ਕਰਫਿਊ ਦੌਰਾਨ ਪੰਜਾਬ ਮੰਡੀ ਬੋਰਡ ਵੱਲੋਂ ਪ੍ਰਾਪਤ ਹਦਾਇਤਾਂ ਦੀ ਕਿਸਾਨਾਂ ਨੂੰ ਖਾਸ ਖਿਆਲ ਰੱਖਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਸਬੰਧਤ ਸਕੱਤਰ ਮਾਰਕੀਟ ਕਮੇਟੀ ਵੱਲੋਂ ਆਪਣੇ ਅਧੀਨ ਆਉਂਦੀਆਂ ਮੰਡੀਆਂ ਵਿੱਚ ਕਣਕ ਵੇਚਣ ਲਈ ਆੜਤੀਆਂ ਵੱਲੋਂ ਕਿਸਾਨਾਂ ਨੂੰ 50-50 ਕੁਇੰਟਲ ਦੇ ਹੋਲੋਗ੍ਰਾਮ ਵਾਲੇ ਪਾਸ ਜਾਰੀ ਕੀਤੇ ਜਾ ਰਹੇ ਹਨ।
ਡੀ.ਸੀ. ਗਿਰੀ ਨੇ ਕਿਹਾ ਕਿ ਮੰਡੀਆਂ ਵਿੱਚ ਕਣਕ ਲਿਆਉਣ ਸਮੇਂ ਹੋਲੋਗ੍ਰਾਮ ਵਾਲੇ ਕੂਪਨ ਨੂੰ ਹੀ ਮੰਨਿਆ ਜਾਵੇਗਾ, ਇਸਦੀ ਫੋਟੋ ਕਾਪੀ ਜਾਂ ਮੋਬਾਇਲ ਵਿਚ ਖੀਚੀ ਤਸਵੀਰ ਮੰਨਣਯੋਗ ਨਹੀਂ ਹੋਵੇਗੀ। ਬਿਨ੍ਹਾਂ ਹੋਲੋਗ੍ਰਾਮ ਵਾਲੇ ਕੂਪਨ ਤੋਂ ਮੰਡੀ ਵਿਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਕਿਸਾਨ ਆਪਣਾ ਕੂਪਨ ਪ੍ਰਾਪਤ ਕਰਨ ਲਈ ਆਪਣੇ ਆੜਤੀਏ ਨਾਲ ਸੰਪਰਕ ਕਰਨ ਅਤੇ ਕਿਸੇ ਵੀ ਕਿਸਾਨ ਵੱਲੋਂ ਬਿਨ੍ਹਾਂ ਕੂਪਨ ਤੋਂ ਕਣਕ ਮੰਡੀ ਵਿਖੇ ਨਾ ਲਿਆਂਦੀ ਜਾਵੇ। ਟਰੈਕਟਰ/ਟਰਾਲੀ ਤੇ ਇਕ ਜਾਂ ਦੋ ਤੋਂ ਵੱਧ ਵਿਅਕਤੀ ਲਿਆਉਣ ਤੋਂ ਗੁਰੇਜ ਕੀਤਾ ਜਾਵੇ ਅਤੇ ਸਮਾਜਿਕ ਦੂਰੀ ਬਣਾ ਕੇ ਰੱਖੀ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਮੰਡੀ ਵਿਚ ਕਣਕ ਸਾਫ ਸੁਥਰੀ ਅਤੇ ਸੁਕਾ ਕੇ ਹੀ ਲਿਆਂਦੀ ਜਾਵੇ ਤਾਂ ਜੋ ਇਸ ਦੀ ਉਸੇ ਦਿਨ ਹੀ ਵਿਕਰੀ ਹੋ ਸਕੇ।
ਡੀ.ਸੀ. ਸੋਨਾਲੀ ਗਿਰੀ ਨੇ ਕਿਹਾ ਕਿ ਕਣਕ ਦੀ ਲੋਡਿੰਗ/ਅਨਲੋਡਿੰਗ ਮਾਰਕਿਟ ਕਮੇਟੀ ਵੱਲੋਂ ਨਿਸ਼ਚਿਤ ਕੀਤੀ ਥਾਂ ਜਾਂ ਮਾਰਕ ਕੀਤੇ ਖਾਨੇ ਵਿਚ ਹੀ ਕੀਤੀ ਜਾਵੇ। ਇਸ ਦੌਰਾਨ ਮਾਸਕ/ਕਪੜੇ ਨਾਲ ਮੂੰਹ ਢੱਕ ਕੇ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਕਿਸਾਨ ਸਾਬਣ ਨਾਲ ਜਾਂ ਸੈਨੇਟਾਈਜ਼ਰ ਨਾਲ ਚੰਗੀ ਤਰ੍ਹਾਂ ਹੱਥ ਸਾਫ ਕਰਕੇ ਹੀ ਮੰਡੀ ਅੰਦਰ ਦਾਖਲ ਹੋਣ। ਉਨ੍ਹਾਂ ਇਹ ਵੀ ਕਿਹਾ ਕਿ ਮੰਡੀ ਵਿਚ ਖੁੱਲ੍ਹੇ ਵਿੱਚ ਨਾ ਥੁਕਿਆ ਜਾਵੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇਕਰ ਕਿਸੇ ਕਿਸਾਨ ਨੂੰ ਬੁਖਾਰ, ਖਾਂਸੀ ਜਾਂ ਜੁਕਾਮ ਹੈ ਤਾਂ ਮੰਡੀ ਵਿਚ ਨਾ ਆਇਆ ਜਾਵੇ। ਉਨ੍ਹਾਂ ਕਿਹਾ ਕਿ ਥੋੜੇ-ਥੋੜੇ ਸਮੇਂ ਬਾਅਦ ਹੱਥਾਂ ਨੂੰ ਪਾਣੀ ਅਤੇ ਸਾਬਣ ਨਾਲ ਚੰਗੀ ਤਰ੍ਹਾਂ ਧੋਣਾ ਅਤੇ ਸੈਨੇਟਾਈਜ਼ਰ ਦੀ ਲਾਜ਼ਮੀ ਵਰਤੋਂ ਕੀਤੀ ਜਾਵੇ। ਉਨ੍ਹਾਂ ਵਿਸ਼ੇਸ਼ ਤੌਰ 'ਤੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਜੋ ਆਦੇਸ਼ ਦਿੱਤੇ ਗਏ ਹਨ ਉਹ ਕਿਸਾਨਾਂ ਦੀ ਸਿਹਤ, ਸੁਰੱਖਿਆ ਨੂੰ ਮੁੱਖ ਰੱਖ ਕੇ ਹੀ ਦਿੱਤੇ ਗਏ ਹਨ, ਇਸ ਲਈ ਇਨ੍ਹਾਂ ਆਦੇਸ਼ਾਂ ਦੀ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ ਤਾਂ ਜੋ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਫੈਲਾਅ ਨੂੰ ਰੋਕਿਆ ਜਾ ਸਕੇ।
ਇਸ ਮੌਕੇ ਜ਼ਿਲ੍ਹਾ ਮੰਡੀ ਅਫਸਰ ਸ਼੍ਰੀ ਅਜ਼ੈਪਾਲ ਸਿੰਘ ਬਰਾੜ ਅਤੇ ਜ਼ਿਲ੍ਹਾ ਖੁਰਾਕ ਤੇ ਸਪਲਾਈ ਅਫਸਰ ਸ਼੍ਰੀ ਸਤਵੀਰ ਸਿੰਘ ਤੋਂ ਇਲਾਵਾ ਵੱਖ ਵੱਖ ਖਰੀਦ ਏਜੰਸੀਆਂ ਦੇ ਅਧਿਕਾਰੀ ਵੀ ਮੌਜੂਦ ਸਨ।