ਭਾਈਚਾਰੇ ਨੂੰ ਦੁੱਧ ਵੇਚਣ ਲਈ ਕੋਈ ਦਿੱਕਤ ਨਹੀਂ, ਖਾਣ-ਪੀਣ ਲਈ ਰਾਸ਼ਨ ਮੁਹੱਈਆ ਕਰਵਾਇਆ
ਚੰਡੀਗੜ੍ਹ,15 ਅਪਰੈਲ 2020: ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਹੈ ਕਿ ਤਲਵਾੜਾ, ਹੁਸ਼ਿਆਰਪੁਰ ਖੇਤਰ 'ਚ ਗੁੱਜਰ ਭਰਾਵਾਂ ਨੂੰ ਦੁੱਧ ਵੇਚਣ 'ਚ ਅਤੇ ਖਾਣ-ਪੀਣ ਸਬੰਧੀ ਕੋਈ ਦਿੱਕਤ/ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।
ਸ੍ਰੀ ਅਰੋੜਾ ਨੇ ਅੱਜ ਇੱਥੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਧਿਆਨ 'ਚ ਲਿਆਂਦਾ ਗਿਆ ਸੀ ਕਿ ਗੁੱਜਰ ਭਰਾ, ਜੋ ਕਿ ਦੁੱਧ ਵੇਚਣ ਦਾ ਕੰਮ ਕਰਦੇ ਹਨ, ਨੂੰ ਲਾਕਡਾਊਨ ਕਾਰਨ ਦੁੱਧ ਵੇਚਣ ਅਤੇ ਖਾਣਾ ਉਪਲੱਬਧ ਨਾ ਹੋਣ ਸਬੰਧੀ ਦਿੱਕਤ ਆ ਰਹੀ ਸੀ। ਉਨ੍ਹਾਂ ਕਿਹਾ ਭਾਈਚਾਰੇ ਦੀ ਇਹ ਸਮੱਸਿਆ ਦੂਰ ਕਰ ਦਿੱਤੀ ਗਈ ਹੈ। ਉਨਾਂ ਨੂੰ ਖਾਣਾ ਅਤੇ ਰਾਸ਼ਨ ਮੁਹੱਈਆ ਕਰਵਾ ਦਿੱਤਾ ਗਿਆ ਹੈ।
ਸ੍ਰੀ ਅਰੋੜਾ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਹੁਸ਼ਿਆਰਪੁਰ ਨੇ ਮਿਲਕ ਪਲਾਂਟ ਗੁਰਦਾਸਪੁਰ ਦੇ ਵਾਹਨ ਰਾਹੀਂ ਇਨ੍ਹਾਂ ਦਾ ਦੁੱਧ ਚੁੱਕਣ ਦਾ ਪ੍ਰਬੰਧ ਕਰ ਦਿੱਤਾ ਹੈ ਅਤੇ ਕੁੱਝ ਲੀਟਰ ਦੁੱਧ ਦਸੂਹੇ 'ਚ ਵੇਚਣ ਦੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਭਾਈਚਾਰੇ ਦੀ ਸਮੱਸਿਆ ਦੂਰ ਕਰ ਦਿੱਤੀ ਗਈ ਹੈ।
ਸ੍ਰੀ ਅਰੋੜਾ ਨੇ ਹੋਰ ਵੇਰਵੇ ਦਿੰਦਿਆਂ ਦੱਸਿਆ ਕਿ ਗੁੱਜਰ ਭਾਈਚਾਰੇ ਦੇ ਇਹ ਭਰਾ ਇਨ੍ਹਾਂ ਦਿਨਾਂ 'ਚ ਹਿਮਾਚਲ ਚਲੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਹਿਮਾਚਲ ਸਰਕਾਰ ਨੇ ਕੋਰੋਨਾ ਕਰਕੇ ਲਾਕਡਾਊਨ ਹੋਣ ਕਾਰਨ ਇਨ੍ਹਾਂ ਨੂੰ ਸੂਬੇ 'ਚ ਦਾਖਲ ਨਹੀਂ ਹੋਣ ਦਿੱਤਾ, ਜਿਸ ਕਾਰਨ ਇਨ੍ਹਾਂ ਨੂੰ ਵਾਪਸ ਪਰਤਣਾ ਪਿਆ। ਉਨ੍ਹਾਂ ਕਿਹਾ ਕਿ ਇਸ ਭਾਈਚਾਰੇ ਨੂੰ ਕਿਸੇ ਕਿਸਮ ਦੀ ਤੰਗੀ/ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।