ਜੰਮੂ, 15 ਅਪ੍ਰੈਲ 2020 - ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਭੋਮਾ ਮੁੱਖ ਸਲਾਹਕਾਰ ਸਰਬਜੀਤ ਸਿੰਘ ਜੰਮੂ ਨੇ ਇੱਕ ਸ਼ਾਂਝੇ ਬਿਆਨ ਵਿੱਚ ਸਪੱਸ਼ਟ ਕੀਤਾ ਹੈ ਕਿ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਹਮੇਸ਼ਾ ਹੱਕ , ਸੱਚ, ਇਨਸਾਫ਼ ਤੇ ਜ਼ਬਰ ਜ਼ੁਲਮ ਵਿਰੁੱਧ ਡਟਕੇ 1978 ਤੋਂ ਲੈਕੇ ਹੁਣ ਤੱਕ ਇਸ ਸਿਧਾਂਤ ਤੇ ਪਹਿਰਾ ਦੇ ਕੇ ਕੇਂਦਰ ਸਰਕਾਰ ,ਪੰਜਾਬ ਸਰਕਾਰ ਤੇ ਖਾਸ਼ ਕਰਕੇ ਪੰਜਾਬ ਪੁਲਿਸ ਨਾਲ ਲੋਕਤੰਤਰਕ ਢੰਗ ਤਰੀਕਿਆਂ ਨਾਲ ਲੜਾਈ ਲੜਦੀ ਆਈ ਹੈ ਜਿਸਦੇ ਲਈ ਫੈਡਰੇਸ਼ਨ ਨੂੰ ਪਿਛਲੇ ਸਮੇਂ ਵਿੱਚ ਵੱਡੀਆਂ ਕੁਰਬਾਨੀਆਂ ਕਰਕੇ ਕੀਮਤਾਂ ਤਾਰਨੀਆਂ ਪਈਆਂ ਹਨ ।
ਅੱਜ ਜਦੋਂ ਕੋਰੋਨਾ ਵਾਇਰਸ ਮਹਾਂਮਾਰੀ ਇੱਕ ਸਾਂਝੀ ਬੀਮਾਰੀ ਵਿਰੁੱਧ ਇੱਕ ਸਾਂਝੀ ਜੰਗ ਪੰਜਾਬ ,ਦੇਸ਼, ਤੇ ਵਿਦੇਸ਼ਾਂ ਵਿੱਚ ਚੱਲ ਰਹੀ ਹੈ ਤਾਂ ਸੰਭਾਵਿਕ ਤੌਰ 'ਤੇ ਪੰਜਾਬ ਵਿੱਚ ਵੀ ਜੰਗ ਤੇ ਲੜਾਈ ਦੀਆਂ ਪ੍ਰਸਥਿਤੀਆਂ ਤੇ ਬਦਲੀਆਂ ਹਨ । ਪਹਿਲਾਂ ਪੰਜਾਬ ਪੁਲਿਸ ਹਰ ਇਨਸਾਫ਼ ਮੰਗਣ ਵਾਲਿਆਂ ਵਿਰੁੱਧ ਡਾਂਗ ਤੇ ਬੰਦੂਕ ਚੁੱਕਕੇ ਲੜਦੀ ਸੀ ਹੁੱਣ 1978 ਤੋਂ ਬਾਅਦ ਪਹਿਲੀ ਵਾਰ ਹਾਲਾਤ ਹੀ ਅਜਿਹੇ ਮੋੜ ਉੱਤੇ ਖੜ੍ਹ ਗਏ ਹਨ ਕਿ ਪੰਜਾਬ ਪੁਲਿਸ ਨੂੰ ਇਸ ਵਾਰ ਆਪਣੀਆਂ ਤੇ ਆਪਣੇ ਪ੍ਰਵਾਰਾਂ ਦੀਆਂ ਜਾਨਾਂ ਖ਼ਤਰੇ ਵਿੱਚ ਪਾ ਕੇ ਪੰਜਾਬ ਦੀ ਸਮੁੱਚੀ ਜਨਤਾ ਨੂੰ ਘਰਾਂ ਵਿੱਚ ਬਿਠਾਕੇ ਉਨ੍ਹਾਂ ਨੂੰ ਬਚਾਉਣ ਲਈ ਲੜਾਈ ਲੜਨੀ ਪੈ ਰਹੀ ਹੈ ਇਹੋ ਕਾਰਨ ਹੈ ਕਿ ਅੱਜ ਜਦੋ ਪਟਿਆਲਾ ਸਨੌਰ ਸਬਜ਼ੀ ਮੰਡੀ ਵਿਖੇ ਕਰਫਿਊ ਦੇ ਨਿਯਮਾਂ ਦੀ ਪਾਲਣਾ ਕਰਨ ਦੀ ਬਜਾਏ ਕੁੱਝ ਲੋਕਾਂ ਨੇ ਸ਼ਰੇਆਮ ਪੰਜਾਬ ਪੁਲੀਸ ਤੇ ਹਮਲਾ ਕਰਕੇ ਇੱਕ ਥਾਣੇਦਾਰ ਦਾ ਹੱਥ ਹੀ ਕੱਟ ਦਿੱਤਾ ( ਰੱਬ ਦਾ ਸ਼ੁੱਕਰ ਕਿ ਉਸ ਦੀ ਧੌਣ ਨਹੀਂ ਕੱਟੀ ਗਈ ) ਤੇ ਬਾਕੀਆਂ ਮੁਲਾਜ਼ਮਾਂ ਨੂੰ ਜ਼ਖ਼ਮੀ ਕਰ ਦਿੱਤਾ।
ਪਰ ਪੰਜਾਬ ਪੁਲੀਸ ਨੇ ਸੰਜ਼ਮ ਤੋਂ ਕੰਮ ਲੈਂਦਿਆਂ ਗੋਲੀ ਨਹੀਂ ਚਲਾਈ ਨਹੀਂ ਤਾਂ ਵੱਡੇ ਪੱਧਰ ਤੇ ਹਾਲਾਤ ਵਿਗੜ ਸਕਦੇ ਸਨ। ਇਸੇ ਲਈ ਫੈਡਰੇਸ਼ਨ ਨੇ ਮਨੁੱਖੀ ਹੱਕਾਂ ਤੇ ਪਹਿਰਾ ਦੇਂਦਿਆਂ ਸਭ ਤੋਂ ਪਹਿਲਾਂ ਲਕਸ਼ਮਣ ਰੇਖਾ ਪਾਰ ਕਰਕੇ ਪੰਜਾਬ ਪੁਲਿਸ ਦੇ ਹੱਕ ਵਿੱਚ ਵੀ ਹਾਅ ਦਾ ਨਾਅਰਾ ਮਾਰਕੇ ਆਪਣਾ ਧਰਮ ਨਿਭਾਇਆ ਹੈ। ਜ਼ਬਰ ਕਿਸੇ ਤੇ ਵੀ ਹੋਵੇ ਜ਼ਬਰ , ਜ਼ਬਰ ਹੀ ਹੈ ਪਰ ਇਸ ਦਾ ਕਦਾਚਿੱਤ ਇਹ ਮਤਲਬ ਨਹੀਂ ਸਮਝ ਲੈਣਾ ਚਾਹੀਦਾ ਕਿ ਫੈਡਰੇਸ਼ਨ ਨੇ ਪੰਜਾਬ ਪੁਲਿਸ ਨੂੰ ਹੁੱਣ ਜ਼ਬਰ ਜ਼ੁਲਮ ਕਰਨ ਤੇ ਲੁੱਟ ਖਸੁੱਟ ਕਰਨ ਦਾ ਸਰਟੀਫਿਕੇਟ ਜਾਂ ਹਰੀ ਝੰਡੀ ਦੇ ਦਿੱਤੀ ਹੈ । ਸੁਨਾਰ ਸਬਜ਼ੀ ਮੰਡੀ ਵਿੱਚ ਚਾਰ ਲੋਕਾਂ ਨੇ ਪੁਲਿਸ ਤੇ ਹਮਲਾ ਕੀਤਾ ਉਨ੍ਹਾਂ ਦੋਸ਼ੀਆਂ ਵਿਰੁੱਧ ਪੁਲੀਸ ਕਾਰਵਾਈ ਬਣਦੀ ਹੈ ਪਰ ਹੁਣ ਇਸ ਹਮਲੇ ਦੀ ਆੜ ਵਿੱਚ ਬਾਬਾ ਬਲਵਿੰਦਰ ਸਿੰਘ ਦੀ ਨਿਰਦੋਸ਼ ਧਰਮਪਤਨੀ ਤੇ ਬੇਟੀ ਨੂੰ ਸੰਗਰੂਰ ਜ਼ਿਲ੍ਹੇ ਦੇ ਪਿੰਡ ਤੋਂ ਗ੍ਰਿਫਤਾਰ ਕਰਨਾ ਫਿਰ ਉਹਨਾਂ ਤੇ ਹੋਰ ਲੋਕਾਂ ਤੇ ਵੀ ਕੇਸ ਦਰਜ ਕਰਕੇ ਪੁਲਿਸ ਰਿਮਾਂਡ ਲੈਣਾ ਬੇਹੱਦ ਨਿੰਦਣਯੋਗ ਕਾਰਵਾਈ ਹੈ ਪੰਜਾਬ ਦੇ ਮੁੱਖ ਮੰਤਰੀ ਨੂੰ ਇਸ ਦੀ ਜਾਂਚ ਕਰਵਾਕੇ ਇਹਨਾਂ ਬੀਬੀਆਂ ਤੇ ਹੋਰ ਨਿਰਦੋਸ਼ ਸਿੱਖਾਂ ਨੂੰ ਰਿਹਾਅ ਕਰਨਾ ਚਾਹੀਦਾ ਹੈ ।
ਫੈਡਰੇਸ਼ਨ ਦੇ ਨੋਟਿਸ ਵਿੱਚ ਪੰਜਾਬ ਪੁਲੀਸ ਦੀ ਧੱਕੇਸ਼ਾਹੀ ਦੀ ਇੱਕ ਹੋਰ ਰਿਪੋਰਟ ਲੁਧਿਆਣੇ ਤੋਂ ਸਾਹਮਣੇ ਆਈ ਹੈ ਕਿ ਇੱਕ ਦੁਕਾਨਦਾਰ ਨੇ ਇਸ ਲਈ ਆਤਮਾ ਹੱਤਿਆਂ ਕਰ ਲਈ ਹੈ ਕਿ ਹਰ ਰੋਜ਼ ਪੁਲਿਸ ਮੁਲਾਜ਼ਮ ਉਸ ਦੀ ਦੁਕਾਨ ਤੋਂ 3000 ਦਾ ਜਬਰੀ ਸੌਦਾ ਬਗ਼ੈਰ ਪੈਸੇ ਦਿੱਤਿਆਂ ਲੈ ਜਾਂਦੇ ਸਨ । ਇਹਨਾਂ ਪੁਲਿਸ ਮੁਲਾਜ਼ਮਾਂ ਦੀ ਸ਼ਨਾਖਤ ਕਰਕੇ ਇਹਨਾਂ ਵਿਰੁੱਧ ਕਤਲ ਦਾ ਮੁਕੱਦਮਾ ਉੱਚ ਪੁਲੀਸ ਅਧਿਕਾਰੀਆਂ ਨੂੰ ਦਰਜ ਕਰਵਾਉਣਾ ਚਾਹੀਦਾ ਹੈ । ਕਰਫਿਊ ਦੀ ਆੜ ਹੇਠ ਪੰਜਾਬ ਪੁਲਿਸ ਵਿੱਚ ਕੁੱਝ ਕਾਲੀਆਂ ਭੇਡਾਂ ਨੇ ਆਪਣੇ ਸੁਭਾਅ ਤੇ ਆਦਤ ਅਨੁਸਾਰ ਲੋਕਾਂ ਨੂੰ ਆਪਣੀਆਂ ਜੇਬਾਂ ਤੇ ਘਰ ਭਰਨ ਲਈ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਹੈ ਜਿਸ ਨਾਲ ਸਮੁੱਚੀ ਪੰਜਾਬ ਪੁਲਿਸ ਬਦਨਾਮ ਹੋਣੀ ਸ਼ੁਰੂ ਹੋ ਗਈ ਹੈ ਜਿਸਦਾ ਪੰਜਾਬ ਸਰਕਾਰ ਨੂੰ ਤੁਰੰਤ ਨੋਟਿਸ ਲੈ ਕੇ ਕਾਲੀਆਂ ਭੇਡਾਂ ਤੇ ਆਪਣੀ ਲਗਾਮ ਕੱਸਣੀ ਚਾਹੀਦੀ ਹੈ ਨਹੀਂ ਤਾਂ ਇਹ ਭੇਡਾਂ ਪੰਜਾਬ ਸਰਕਾਰ ਦੀ ਵੱਡੇ ਪੱਧਰ ਤੇ ਕਿਰਕਿਰੀ ਕਰਵਾਕੇ ਰੱਖ ਦੇਣਗੀਆਂ ਤੇ ਕਰਵਾ ਰਹੀਆਂ ਹਨ।
ਇਹ ਪੰਜਾਬ ਪੁਲਿਸ ਪਹਿਲਾਂ ਵੀ ਸਮੇਂ ਸਮੇਂ ਦੀਆਂ ਸਰਕਾਰਾਂ ਤੇ ਗਵਰਨਰਾਂ ਦੀਆਂ ਹਿਦਾਇਤਾਂ ਮੁਤਾਬਿਕ ਪੰਜਾਬ ਵਿੱਚ ਹੱਕ , ਸੱਚ ਤੇ ਇਨਸਾਫ਼ ਲਈ ਉੱਠੀ ਹਰ ਲਹਿਰ ਨੂੰ ਹਾਕਮਾਂ ਦੇ ਕੁਹਾੜੇ ਦਾ ਦਸਤਾ ਬਣਕੇ ਕਨੂੰਨ ਦੀ ਲਕਸ਼ਮਣ ਰੇਖਾ ਪਾਰ ਕਰਕੇ ਫੀਤੀਆਂ ਤੇ ਘਰ ਭਰਨ ਦੀ ਅੰਨ੍ਹੀ ਦੌੜ ਵਿੱਚ ਆਪਣੇ ਹੀ ਭਰਾਵਾਂ ਨੂੰ ਅੰਨ੍ਹਿਆਂ ਹੋ ਕੇ ਨਿਸ਼ਾਨਾ ਬਣਾਉਂਦੀ ਆਈ ਹੈ ਪਿਛਲਾ ਇਤਿਹਾਸ ਸਭ ਦੇ ਸਾਹਮਣੇ ਹੈ। ਪਰ ਇਸਦੇ ਨਾਲ ਹੀ ਪੰਜਾਬ ਪੁਲਿਸ ਦੇ ਉਹ ਹੀਰੇ ਵੀ ਹਨ ਜੋ ਇਤਿਹਾਸ ਦੇ ਪੰਨਿਆਂ ਤੇ ਆਪਣਾ ਨਾਮ ਸੁਨਿਹਰੀ ਅੱਖਰਾਂ ਵਿੱਚ ਦਰਜ ਕਰਵਾ ਗਏ ਹਨ । ਸਾਰੀ ਪੁਲੀਸ ਮਾੜ੍ਹੀ੍ ਨਹੀਂ , ਇਸ ਲਈ ਕਾਲੀਆਂ ਭੇਡਾਂ ਦੀ ਸਜ਼ਾ ਸਮੁੱਚੀ ਪੰਜਾਬ ਪੁਲਿਸ ਨੂੰ ਨਾ ਦਿੱਤੀ ਜਾਵੇ ।
ਬਿਆਨ ਦੇ ਅਖੀਰ ਵਿੱਚ ਫੈਡਰੇਸ਼ਨ ਨੇਤਾਵਾਂ ਨੇ ਪੰਜਾਬ ਦੀ ਜਨਤਾ ਨੂੰ ਦੋਵੇਂ ਹੱਥ ਜੋੜਦਿਆਂ ਨਿਮਰਤਾ ਭਰੀ ਅਪੀਲ ਕਰਦਿਆਂ ਕਿਹਾ ਕਿ ਉਹ ਕਰੋਨਾ ਵਾਇਰਸ ਮਹਾਂਮਾਰੀ ਵਿਰੁੱਧ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਦਾ ਘਰ ਅੰਦਰ ਰਹਿ ਕੇ ਸਖ਼ਤੀ ਨਾਲ ਪਾਲਣ ਕਰਨ ਇਸ ਵਿੱਚ ਆਪਣਾ ਤੇ ਸਰਬੱਤ ਦਾ ਭਲਾ ਹੈ ।