ਅਸ਼ੋਕ ਵਰਮਾ
- ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਮੁਕੰਮਲ ਪ੍ਰਬੰਧਾਂ ਦਾ ਦਾਅਵਾ
ਬਠਿੰਡਾ, 15 ਅਪ੍ਰੈਲ 2020 - ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਬਠਿੰਡਾ ਜਿਲੇ ’ਚ ਕਣਕ ਦੀ ਸਰਕਾਰੀ ਖਰੀਦ ਦੇ ਪ੍ਰਬੰਧਾਂ ਤੇ ਉਂਗਲ ਉਠਾਈ ਹੈ ਜਦੋਂਕਿ ਅਫਸਰ ਸਭ ਅੱਛਾ ਹੋਣ ਦੀ ਗੱਲ ਆਖ ਰਹੇ ਹਨ। ਯੂਨੀਅਨ ਦੇ ਜਿਲਾ ਪ੍ਰਧਾਨ ਬਲਦੇਵ ਸਿੰਘ ਸਦੋਹਾ,ਰੇਸ਼ਮ ਸਿੰਘ ਯਾਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਕਿਹਾ ਗਿਆ ਸੀ ਕਿ ਕਣਕ ਦੀ ਖਰੀਦ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ, ਪਰ ਅੱਜ ਜਦੋਂ ਜਿਲੇ ਦੇ ਖਰੀਦ ਕੇਂਦਰਾਂ ਤੇ ਮੰਡੀਆਂ ਦੀ ਰਿਪੋਰਟ ਇੱਕਠੀ ਕੀਤੀ ਤਾਂ ਸਾਹਮਣੇ ਆਇਆ ਕਿ ਸਫਾਈ, ਪਾਣੀ, ਫਲੱਸ਼ ਅਤੇ ਸੈਨੇਟਾਈਜ਼ਰ ਦਾ ਇੱਕਾ ਦੁੱਕਾ ਹੀ ਮੰਡੀਆਂ ਵਿੱਚ ਪ੍ਰਬੰਧ ਹੈ। ਉਨਾਂ ਆਖਿਆ ਕਿ ਜਿਆਦਾਤਰ ਮੰਡੀਆਂ ਵਿੱਚ ਪ੍ਰਬੰਧ ਕਰਨ ’ਚ ਸਰਕਾਰ ਨਾਕਾਮ ਰਹੀ ਹੈ।
ਉਨਾਂ ਦੱਸਿਆ ਕਿ ਅਜਿਹਾ ਹੀ ਹਾਲ ਪਾਸ ਦਾ ਹੈ ਜੋਕਿ ਪੂਰੀ ਤਰਾਂ ਵੰਡੇ ਨਹੀਂ ਜਾ ਸਕੇ ਹਨ। ਉਨਾਂ ਆਖਿਆ ਕਿ ਕਣਕ ਵੇਚਣ ਦੇ ਮਾਮਲੇ ’ਚ ਕਿਸਾਨਾਂ ਨੂੰ ਭੰਬਲਭੂਸੇ ਵਿੱਚ ਪਾ ਦਿੱਤਾ ਹੈ ਜਦੋਂਕਿ ਕਿਸਾਨ ਆਪਣੀ ਪੁੱਤਾਂ ਵਾਂਗ ਪਾਲੀ ਕਣਕ ਦੀ ਫਸਲ ਵੱਢਣ,ਵੇਚਣ, ਸਾਂਭਣ ਲਈ ਦੁਬਿਧਾ ਵਿੱਚ ਹੈ। ਉਨਾਂ ਆਖਿਆ ਕਿ ਬੁਹਤੇ ਕਿਸਾਨਾਂ ਨੇ ਕਣਕ ਦੀ ਕਟਾਈ ਕਰ ਕੇ ਆਪਣੇ ਘਰਾਂ ਵਿੱਚ ਹੀ ਰੱਖੀਂ ਹੈ, ਕਿਉਂਕਿ ਮੰਡੀਆਂ ਵਿੱਚ ਨਾ ਪ੍ਰਬੰਧ ਹੋਣ ਤੇ ਉਨਾਂ ਨੂੰ ਫਸਲ ਰੁਲਣ ਦਾ ਖਦਸ਼ਾ ਹੈ। ਕਿਸਾਨ ਆਗੂਆਂ ਨੇ ਚਿਤਾਵਨਂ ਦਿੱਤੀ ਕਿ ਜੇਕਰ ਸਰਕਾਰ ਨੇ ਕਣਕ ਦੀ ਖਰੀਦ ਨੂੰ ਲੈਕੇ 50 ਕੁਇੰਟਲ ਦੀ ਲੱਗੀ ਪਾਬੰਦੀ ਨਾਂ ਹਟਾਈ ਤਾਂ ਕਿਸਾਨਾਂ ਨੂੰ ਸਰਕਾਰ ਦੀਆਂ ਨਕਾਮੀਆ ਖਿਲਾਫ ਝੰਡਾ ਚੁੱਕਣ ਲਈ ਮਜਬੂਰ ਹੋਣਾ ਪਵੇਗਾ ਜਿਸ ਲਈ ਜਿੰਮੇਵਾਰੀ ਜਿਲਾ ਪ੍ਰਸ਼ਾਸ਼ਨ ਦੀ ਹੋਵੇਗੀ।
ਜਿਲ੍ਹਾ ਪ੍ਰਸ਼ਾਸ਼ਨ ਦਾ ਪੱਖ
ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ੍ਰੀਨਿਵਾਸਨ (ਆਈ.ਏ.ਐਸ.) ਨੇ ਦੱਸਿਆ ਕਿ ਜ਼ਿਲਾ ਬਠਿੰਡਾ ਦੀਆਂ ਮੰਡੀਆਂ ਵਿਚ ਅੱਜ ਪਹਿਲੇ ਦਿਨ ਤੋਂ ਕਣਕ ਦੀ ਆਮਦ ਸ਼ੁਰੂ ਹੋ ਚੁੱਕੀ ਹੈ। ਕਰੋਨਾ ਵਾਇਰਸ ਦੇ ਮੱਦੇਨਜ਼ਰ ਿਕਣਕ ਦੀ ਜਿਣਸ ਲਿਆਉਣ ਸਮੇਂ ਕਿਸਾਨਾਂ ਨੂੰ ਕਿਸੇ ਪ੍ਰਕਾਰ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਉਨਾਂ ਦੱਸਿਆ ਕਿ ਜ਼ਿਲਾ ਬਠਿੰਡਾ ’ਚ ਮੰਡੀ ਵਿਚ ਕਣਕ ਲਿਆਉਣ ਸਮੇਂ ਕਿਸਾਨਾਂ ਨੂੰ ਆੜਤੀਆਂ ਦੇ ਮਾਰਫ਼ਤ ਸਪੈਸ਼ਲ ਪਾਸ ਜਾਰੀ ਕੀਤੇ ਜਾ ਰਹੇ ਹਨ। ਉਨਾਂ ਦੱਸਿਆ ਕਿ ਇੱਕ ਦਿਨ ਵਿਚ ਕਰੀਬ 2000 ਪਾਸ ਜਾਰੀ ਕੀਤੇ ਹਨ ਜਦੋਂਕਿ ਇਸ ਤੋਂ ਪਹਿਲਾਂ 3000 ਦੇ ਕਰੀਬ ਪਾਸ ਕਿਸਾਨਾਂ ਨੂੰ ਜਾਰੀ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਕਣਕ ਦੀ ਖ਼ਰੀਦ ਦੇ ਲਈ 442 ਖ਼ਰੀਦ ਕੇਂਦਰ ਬਣਾਏ ਗਏ ਹਨ।
ਮੰਡੀਆਂ ਵਿਚ ਮੁਕੰਮਲ ਪ੍ਰਬੰਧ
ਜ਼ਿਲ੍ਹਾ ਮੰਡੀ ਅਫ਼ਸਰ ਪ੍ਰੀਤ ਕੰਵਰ ਸਿੰਘ ਬਰਾੜ ਨੇ ਦੱਸਿਆ ਕਿਸਾਨਾਂ ਦੀ ਸਿਹਤ ਅਤੇ ਫ਼ਸਲ ਦੀ ਸਾਂਭ-ਸੰਭਾਲ ਲਈ ਮੰਡੀਆਂ ਵਿਚ ਮੁਕੰਮਲ ਪ੍ਰਬੰਧ ਕੀਤੇ ਗਏ ਹਨ। ਉਨਾਂ ਕਿਹਾ ਕਿ ਅੱਜ ਪਹਿਲੇ ਦਿਨ ਕਿਸਾਨਾਂ ਨੂੰ ਹਾਰ ਪਾ ਕੇ ਮੰਡੀਆਂ ਵਿਚ ਕਣਕ ਲਿਆਉਣ ’ਤੇ ਵਿਸ਼ੇਸ਼ ਤੌਰ ’ਤੇ ਸਵਾਗਤ ਕੀਤਾ ਗਿਆ ਹੈ। ਕਿਸਾਨ ਨੂੰ ਮੰਡੀ ਵਿਚ ਆਉਣ ਤੋਂ ਪਹਿਲਾਂ ਸੈਨੀਟਾਈਜ਼ ਕੀਤਾ ਗਿਆ ਅਤੇ ਭਵਿੱਖ਼ ਵੀ ਮੰਡੀਆਂ ’ਚ ਆਉਣ ਵਾਲੇ ਕਿਸਾਨਾਂ ਨੂੰ ਸੈਨੀਟਾਈਜ਼ ਕੀਤਾ ਜਾਵੇਗਾ। ਇਸ ਤੋਂ ਇਲਾਵਾ ਉਨਾਂ ਕਿਹਾ ਕਿ ਸਾਰੀਆਂ ਮੰਡੀਆਂ ਨੂੰ ਲਗਾਤਾਰ ਸੈਨੀਟਾਈਜ਼ ਕੀਤਾ ਜਾ ਰਿਹਾ ਹੈ। ਮੰਡੀਆਂ ਵਿਚ ਕਿਸਾਨਾਂ ਲਈ ਪੀਣ ਯੋਗ ਪਾਣੀ ਅਤੇ ਹੱਥਾਂ ਨੂੰ ਧੋਣ ਦੀ ਸੁਵਿਧਾ ਵੀ ਉਪਲੱਬਧ ਕਰਵਾਈ ਜਾ ਰਹੀ ਹੈ।
ਪਾਸ ਦਿਖਾਉਣਾ ਲਾਜਮੀ:ਡੀਐਮਓ
ਜ਼ਿਲ੍ਹ ਮੰਡੀ ਅਫ਼ਸਰ ਪ੍ਰੀਤ ਕੰਵਰ ਸਿੰਘ ਬਰਾੜ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਣਕ ਦੀ ਖ਼ਰੀਦ ਦੌਰਾਨ ਆਪਸੀ ਦੂਰੀ ਨੂੰ ਬਣਾ ਕੇ ਰੱਖਣਾ ਯਕੀਨੀ ਬਣਾਇਆ ਜਾਵੇ ਤਾਂ ਜੋ ਅਸੀਂ ਇਸ ਭਿਆਨਕ ਬਿਮਾਰੀ ਨੂੰ ਹਰਾਉਣ ’ਚ ਸਫ਼ਲ ਹੋ ਸਕੀਏ। ਇਸ ਤੋਂ ਇਲਾਵਾ ਉਨਾਂ ਇਹ ਵੀ ਸਪੱਸ਼ਟ ਕੀਤਾ ਕਿ ਕਿਸਾਨ ਨੂੰ ਪਾਸ ਦੀ ਮਿਤੀ ਵਾਲੇ ਦਿਨ ਹੀ ਆਪਣੀ ਕਣਕ ਦੀ ਜਿਣਸ ਮੰਡੀ ਵਿਚ ਲਿਜਾਣ ਦੀ ਆਗਿਆ ਹੋਵੇਗੀ। ਮੰਡੀ ਵਿਚ ਫ਼ਸਲ ਲਿਆਉਣ ਸਮੇਂ ਅਸਲੀ ਪਾਸ ਦਿਖਾਉਣਾ ਲਾਜ਼ਮੀ ਹੋਵੇਗਾ। ਉਨਾਂ ਇਹ ਵੀ ਕਿਹਾ ਕਿ ਪਾਸ ਦੀ ਫ਼ੋਟੋ ਕਾਪੀ ਨਹੀਂ ਮੰਨੀ ਜਾਵੇਗੀ ਅਤੇ ਪਾਸ ਨਾਲ ਛੇੜਛਾੜ ਕਰਨ ਵਾਲਿਆਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨਾਂ ਕਿਹਾ ਕਿ ਕਣਕ ਦੀ ਕਟਾਈ ਲਈ ਕੰਬਾਇਨ ਚਲਾਉਣ ਦਾ ਸਮਾਂ ਸਵੇਰੇ 8 ਤੋਂ ਸ਼ਾਮ 7 ਵਜੇ ਤੱਕ ਹੋਵੇਗਾ।