ਅਸ਼ੋਕ ਵਰਮਾ
ਬਠਿੰਡਾ, 15 ਅਪ੍ਰੈਲ 2020 - ਬਿਜਲੀ ਮੁਲਾਜ਼ਮਾਂ ਦੀ ਜਥੇਬੰਦੀ ਟੈਕਨੀਕਲ ਸਰਵਿਸਜ਼ ਯੂਨੀਅਨ (ਇਨਕਲਾਬੀ ਗਰੁੱਪ) ਸਰਕਲ, ਡਵੀਜਨ ਅਤੇ ਸਬ ਡਵੀਜ਼ਨਾਂ ਬਠਿੰਡਾ ਦੇ ਆਗੂਆਂ ਨਗਿੰਦਰ ਪਾਲ ਸ਼ਰਮਾ, ਬਲਜਿੰਦਰ ਸਿੰਘ, ਨਛੱਤਰ ਸਿੰਘ, ਮੋਹਨ ਲਾਲ, ਭੀਮ ਸੈਨ, ਲਛਮਣ ਸਿੰਘ ਅਤੇ ਭੁਪਿੰਦਰ ਸਿੰਘ ਸੰਧੂ ਨੇ ਪਟਿਆਲਾ ਵਿਖੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਉਪਰ ਸ਼ਰਾਰਤੀ ਅਨਸਰਾਂ ਵੱਲੋਂ ਕੀਤੇ ਜਾਨ ਲੇਵਾ ਹਮਲੇ ਦੀ ਪੁਰਜ਼ੋਰ ਨਿਖੇਧੀ ਕਰਦਿਆਂ ਪੰਜਾਬ ਸਰਕਾਰ ਕੋਲੋਂ ਸ਼ਰਾਰਤੀ ਅਨਸਰਾਂ ਖਿਲਾਫ਼ ਸ਼ਖਤ ਤੋਂ ਸ਼ਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਕਿਰੋਨਾ ਬਿਮਾਰੀ ਦੇ ਖਿਲਾਫ ਚਲ ਰਹੀ ਦੇਸ਼ ਪੱਧਰੀ ਜੰਗ ਵਿਚ ਆਪਣੀ ਜਾਨ ਅਤੇ ਆਪਣੇ ਬੱਚਿਆਂ ਦੀ ਪਰਵਾਹ ਕੀਤੇ ਬਿਨਾ ਡਟੇ ਪੁਲਿਸ ਮੁਲਾਜ਼ਮ, ਬਿਜਲੀ ਮੁਲਾਜ਼ਮ, ਡਾਕਟਰ ਅਤੇ ਹੋਰ ਵੱਖ ਵੱਖ ਵਿਭਾਗਾਂ ਦੇ ਮੁਲਾਜ਼ਮਾਂ ਦਾ ਹੌਂਸਲਾ ਬਰਕਰਾਰ ਬਣਿਆਂ ਰਹੇ ।
ਜਥੇਬੰਦੀ ਨੇ ਪੰਜਾਬ ਸਰਕਾਰ ਕੋਲੋਂ ਇਹ ਵੀ ਮੰਗ ਕੀਤੀ ਹੈ ਕਿ ਲੋੜਵੰਦਾਂ ਤੱਕ ਹਰ ਤਰਾਂ ਦੀ ਸਰਕਾਰੀ ਪੱਧਰ ਤੇ ਮੱਦਦ ਕੀਤੀ ਜਾਵੇ ਜਿਵੇਂ ਕਿ ਰਾਸ਼ਨ, ਵੱਖ ਵੱਖ ਬੀਮਾਰੀਆਂ ਨਾਲ ਜੂਝ ਰਹੇ ਮਰੀਜ਼ਾਂ ਦਾ ਇਲਾਜ ਅਤੇ ਦਵਾਈਆਂ ਦਾ ਪਰਬੰਧ ਕੀਤਾ ਜਾਵੇ। ਉਨਾਂ ਦੱਸਿਆ ਕਿ ਕਈ ਥਾਵਾਂ ਤੇ ਸਰਕਾਰੀ ਰਾਸ਼ਨ ਵਗੈਰਾ ਨੀ ਪਹੁੰਚ ਰਿਹਾ ਸਿਰਫ ਸਮਾਜ ਸੇਵੀ ਅਤੇ ਧਾਰਮਿਕ ਸੰਸਥਾਵਾਂ ਹੀ ਇੰਨਾਂ ਥਾਵਾਂ ਤੇ ਸਹਾਇਤਾ ਕਰ ਰਹੀਆਂ ਹਨ।
ਮੁਹੱਲਿਆਂ, ਪਿੰਡਾਂ ਅਤੇ ਕਸਬਿਆਂ ਵਿੱਚ ਵੱਖ ਵੱਖ ਬੀਮਾਰੀਆਂ ਨਾਲ ਜੂਝ ਰਹੇ ਮਰੀਜ਼ਾਂ ਦਾ ਸਰਕਾਰੀ ਹਸਪਤਾਲਾਂ, ਡਿਸਪੈਂਸਰੀਆਂ ਦੇ ਨਾਲ ਨਾਲ ਪ੍ਰਾਈਵੇਟ ਡਾਕਟਰਾਂ, ਹਸਪਤਾਲਾਂ ਦਾ ਸਹਿਯੋਗ ਲੈ ਕੇ ਮਰੀਜ਼ਾਂ ਦੇ ਇਲਾਜ ਦਾ ਪਰਬੰਧ ਕੀਤਾ ਜਾਵੇ ਕਿਉਂਕਿ ਹੋਰ ਬੀਮਾਰੀਆਂ ਤੋਂ ਪੀੜਤ ਲੋਕ ਇਲਾਜ ਖੁਣੋਂ ਭੁਖਮਰੀ ਦਾ ਸ਼ਿਕਾਰ ਹੋ ਕੇ ਆਪਣੀ ਜਾਨ ਗਵਾ ਦੇਣ। ਆਗੂਆਂ ਨੇ ਮੰਗ ਕੀਤੀ ਹੈ ਕਿ ਬਿਜਲੀ ਮੁਲਾਜ਼ਮਾਂ ਦੀ ਕੱਟੀ ਗਈ ਤਨਖ਼ਾਹ ਤੁਰੰਤ ਜਾਰੀ ਕੀਤੀ ਜਾਵੇ,ਮਾਸਕ,ਦਸਤਾਨੇ,ਸੈਨੇਟਾਈਜਰ ਦਿੱਤੇ ਜਾਣ ਅਤੇ 50 ਲੱਖ ਦਾ ਸਪੈਸ਼ਲ ਬੀਮਾ ਕੀਤਾ ਜਾਵੇ ਕਿਉਂਕਿ ਬਿਜਲੀ ਮੁਲਾਜ਼ਮ ਦੋ ਤਰਾਂ ਦੇ ਰਿਸਕ ਇਕ ਕਿਰੋਨਾ ਅਤੇ ਦੂਸਰਾ ਕਰੰਟ ਦਾ ਡਰ ਹੁੰਦੇ ਹੋਏ ਵੀ ਆਪਣੀਆਂ ਡਿਊਟੀਆਂ ਤਨਦੇਹੀ ਨਾਲ ਨਿਭਾ ਰਹੇ ਹਨ।