ਹਰਿੰਦਰ ਨਿੱਕਾ
- ਦੇਰ ਰਾਤ ਪੀੜਾਂ ਨਾਲ ਕੁਰਲਾਉਂਦੀ ਔਰਤ ਨੂੰ ਪੁਲਿਸ ਪਾਰਟੀ ਨੇ ਪਹੁੰਚਾਇਆ ਹਸਪਤਾਲ
- ਮਹਿਲ ਕਲਾਂ ਹਸਪਤਾਲ ਵਾਲਿਆਂ ਨਾ ਸੰਭਾਲਿਆ, ਫਿਰ ਲੈ ਆਏ ਬਰਨਾਲਾ
ਬਰਨਾਲਾ, 16 ਅਪ੍ਰੈਲ 2020 - ਕਿੱਤਾ ਜਾਂ ਕੰਮ ਕੋਈ ਵੀ ਹੋਵੇ, ਉਸ ਵਿੱਚ ਚੰਗੇ ਤੇ ਮਾੜੇ ਦੋਵੇਂ ਤਰਾਂ ਦੇ ਕਿਰਦਾਰ ਦੇ ਵਿਅਕਤੀ ਅਕਸਰ ਹੀ ਦੇਖਣ ਨੂੰ ਮਿਲ ਜਾਂਦੇ ਨੇ। ਇਸੇ ਹੀ ਤਰਾਂ ਦਾ ਖਾਕੀ ਦੀ ਸ਼ਾਨ ਨੂੰ ਵਧਾਉਣ ਵਾਲਾ ਵਰਦੀ ਦਾ ਕਿਰਦਾਰ ਬੁੱਧਵਾਰ ਦੀ ਦੇਰ ਰਾਤ ਉਦੋਂ ਸਾਹਮਣੇ ਆਇਆ। ਜਦੋਂ ਥਾਣਾਂ ਟੱਲੇਵਾਲ ਅਧੀਨ ਪੈਂਦੇ ਪਿੰਡ ਛੀਨੀਵਾਲ ਖੁਰਦ ਵਿਖੇ ਆਪਣੇ ਪੇਕੇ ਘਰ ਆਈ ਹੋਈ ਕਰੀਬ 22/23 ਵਰ੍ਹਿਆਂ ਦੀ ਗਰਭਵਤੀ ਔਰਤ ਨੈਨਸੀ ਕੌਰ ਨੂੰ ਦੇਰ ਰਾਤ ਜੰਮਣ ਪੀੜਾਂ ਸ਼ੁਰੂ ਹੋ ਗਈਆਂ।
ਪਰਿਵਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ, ਇੱਕ ਲੌਕਡਾਉਣ ਦੂਜਾ ਦੇਰ ਰਾਤ ਦਾ ਸਮਾਂ, ਘਰ 'ਚ ਚੀਖ ਪੁਕਾਰ ਸੁਣਕੇ ਕੋਲੋ ਲੰਘਦੀ ਪੁਲਿਸ ਦੀ ਪੈਟਰੌਲਿੰਗ ਪਾਰਟੀ ਵੀ ਪਹੁੰਚ ਗਈ। ਪੁਲਿਸ ਪਾਰਟੀ ਦੀ ਅਗਵਾਈ ਥਾਣੇਦਾਰ ਪਰਮਜੀਤ ਸਿੰਘ ਕਰ ਰਿਹਾ ਸੀ ਤੇ ਪੁਲਿਸ ਪਾਰਟੀ 'ਚ ਹੌਲਦਾਰ ਸੁਖਪਾਲ ਸਿੰਘ ਤੇ ਹੌਲਦਾਰ ਲਖਵੀਰ ਸਿੰਘ ਸ਼ਾਮਿਲ ਸਨ। ਪੁਲਿਸ ਪਾਰਟੀ ਬਿਨਾਂ ਕੋਈ ਦੇਰੀ ਕੀਤਿਆਂ ਪੀੜਾਂ ਨਾਲ ਕੁਰਲਾ ਰਹੀ, ਗਰਭਵਤੀ ਔਰਤ ਨੂੰ ਉਹਦੇ ਭਰਾ ਤੇ ਹੋਰ ਪਰਿਵਾਰ ਦੇ ਮੈਂਬਰਾਂ ਸਮੇਤ ਗੱਡੀ 'ਚ ਲੈ ਕੇ ਛੀਨੀਵਾਲ ਖੁਰਦ ਤੋਂ ਪਹਿਲਾਂ ਮਹਿਲ ਕਲਾਂ ਹਸਪਤਾਲ 'ਚ ਪਹੁੰਚੀ।
ਪਰੰਤੂ ਉੱਥੋਂ ਦੇ ਡਿਊਟੀ ਤੇ ਤਾਇਨਾਤ ਸਟਾਫ ਨੇ ਉਹ ਨੂੰ ਨਹੀਂ ਸੰਭਾਲਿਆ। ਫਿਰ ਪੁਲਿਸ ਪਾਰਟੀ ਅੱਕਣ ਜਾਂ ਪਿਛਾਂਹ ਪੈਰ ਖਿੱਚਣ ਦੀ ਬਜਾਏ ਉਹ ਨੂੰ ਲੈ ਕੇ ਰਾਤ ਕਰੀਬ ਸਾਢੇ 10 ਕੁ ਵਜੇ ਸਿਵਲ ਹਸਪਤਾਲ ਬਰਨਾਲਾ ਪਹੁੰਚ ਗਈ। ਜਿੱਥੇ ਉਸ ਨੂੰ ਐਮਰਜੈਂਸੀ 'ਚ ਭਰਤੀ ਕਰਵਾਇਆ। ਇਹ ਮੰਨੋ ਕਿ ਪੀੜਾਂ ਨਾਲ ਕੁਰਲਾਉਂਦੀ ਔਰਤ ਲਈ ਪੁਲਿਸ ਪਾਰਟੀ ਫਰਿਸ਼ਤਾ ਬਣ ਕੇ ਬਹੁੜੀ। ਪਤਾ ਇਹ ਵੀ ਲੱਗਿਆ ਕਿ ਲੌਕਡਾਉਨ ਦੇ ਕਾਰਣ ਪਿੰਡ ਦੇ ਕਿਸੇ ਵੀ ਮੋਹਤਬਰ ਵਿਅਕਤੀ ਨੇ ਪਰਿਵਾਰ ਨਾਲ ਰਾਤ ਨੂੰ ਚੱਲਣ ਲਈ ਹਾਂ ਨਹੀਂ ਸੀ ਕੀਤੀ।
ਹਸਪਤਾਲ ਪਹੁੰਚੀ ਔਰਤ ਨੈਨਸੀ ਤੇ ਉਸ ਦੇ ਭਰਾ ਪ੍ਰਗਟ ਸਿੰਘ ਤੇ ਪਰਿਵਾਰ ਦੇ ਹੋਰ ਮੈਂਬਰਾਂ ਨੇ ਪੁਲਿਸ ਪਾਰਟੀ ਦਾ ਸ਼ੁਕਰੀਆ ਅਦਾ ਕਰਦੇ ਹੋਏ ਕਿਹਾ ਕਿ ਜੇ ਅੱਜ ਪੁਲਿਸ ਪਾਰਟੀ ਉਨ੍ਹਾਂ ਦੀ ਹਸਪਤਾਲ ਲਿਆਉਣ 'ਚ ਮਦਦ ਨਾ ਕਰਦੀ ਤਾਂ ਕੁੱਝ ਵੀ ਹੋ ਸਕਦਾ ਸੀ,,,,। ਉੱਧਰ ਪੁਲਿਸ ਪਾਰਟੀ ਦੇ ਇੰਚਾਰਜ ਥਾਣੇਦਾਰ ਪਰਮਜੀਤ ਸਿੰਘ ,ਤੇ ਦੋਂਵੇ ਹੌਲਦਾਰਾਂ ਸੁਖਪਾਲ ਸਿੰਘ ਤੇ ਲਖਵੀਰ ਸਿੰਘ ਨੇ ਕਿਹਾ ਕਿ ਉਹ ਐਸਐਸਪੀ ਸ੍ਰੀ ਸੰਦੀਪ ਗੋਇਲ ਦੁਆਰਾ ਲੋਕਾਂ ਦੀ ਸੇਵਾ ਕਰਨ ਦੀ ਦਿੱਤੀ ਜਾ ਰਹੀ ਪ੍ਰੇਰਣਾ ਤੋਂ ਪ੍ਰੇਰਿਤ ਹੋ ਕੇ ਉਹਨਾਂ ਇਸ ਨੂੰ ਆਪਣਾ ਫਰਜ਼ ਸਮਝ ਕੇ ਨਿਭਾਇਆ ਹੈ।