ਫਿਰੋਜ਼ਪੁਰ 16 ਅਪ੍ਰੈਲ 2020 : ਐੱਨਐੱਚਐੱਮ ਮੁਲਾਜ਼ਮ ਸਿਹਤ ਵਿਭਾਗ ਵਿਚ ਪਿਛਲੇ ਕਾਫੀ ਸਾਲਾਂ ਤੋਂ ਦਿਨ ਰਾਤ ਸਖ਼ਤ ਮਿਹਨਤ ਕਰ ਰਹੇ ਹਨ। ਸਿਹਤ ਵਿਭਾਗ ਦੀ ਰੀਡ ਦੀ ਹੱਡੀ ਮੰਨੇ ਜਾਂਦੇ ਸਿਹਤ ਕਰਮਚਾਰੀ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ ਅਤੇ ਇਹ ਸਿਹਤ ਕਰਮਚਾਰੀ ਬਹੁਤ ਹੀ ਨਿਗੁਣੀਆਂ ਤਨਖਾਹਾਂ ਤੇ ਕੰਮ ਰਹੇ ਹਨ। ਇੰਨੀਆਂ ਘੱਟ ਤਨਖਾਹਾਂ ਤੇ ਨਾ ਤਾਂ ਉਹ ਆਪਣੇ ਬੱਚਿਆਂ ਦੀ ਪਰਵਰਿਸ਼ ਸਹੀ ਤਰ੍ਹਾਂ ਕਰ ਸਕਦੇ ਹਨ ਅਤੇ ਨਾ ਹੀ ਆਪਣੇ ਪਰਿਵਾਰ ਦਾ ਗੁਜਾਰਾ ਚਲਾ ਸਕਦੇ ਹਨ। ਐੱਨਐੱਚਐੱਮ. ਮੁਲਾਜ਼ਮ ਸਿਹਤ ਵਿਭਾਗ ਦੀ ਕਰੋਨਾ ਖਿਲਾਫ਼ ਚੱਲ ਰਹੀ ਮੁਹਿੰਮ ਵਿਚ ਸਿਹਤ ਵਿਭਾਗ ਨਾਲ ਮੋਢੇ ਨਾਲ ਮੋਢਾ ਜੋੜ ਖੜ੍ਹੇ ਹਨ ਅਤੇ ਆਪਣੀ ਡਿਊਟੀਆਂ ਪੂਰੀ ਤਨਦੇਹੀ ਨਾਲ ਨਿਭਾ ਰਹੇ ਹਨ। ਇਨ੍ਹਾਂ ਮੁਲਾਜ਼ਮਾਂ ਵਿਚ ਐੱਨਐੱਚਐੱਮ ਅਧੀਨ ਕੰਮ ਕਰਦੇ ਮੁਲਾਜ਼ਮ ਜਿਵੇਂ ਕਿ ਏਐੱਨਐੱਮ, ਸਟਾਫ਼ ਨਰਸਾਂ, ਐੱਲਟੀ, ਸੀਐੱਚਓਜ਼ ਅਤੇ ਦਫ਼ਤਰੀ ਕਲੈਰੀਕਲ ਸਟਾਫ਼, ਕੋਰੋਨਾ ਮੁਹਿੰਮ ਵਿਚ ਦਿਨ ਰਾਤ ਡਿਊਟੀਆਂ ਕਰ ਰਹੇ ਹਨ।
ਜੇ ਫੀਲਡ ਸਟਾਫ਼ ਦੀ ਗੱਲ ਕਰੀਏ ਤਾਂ ਏਐੱਨਐੱਮ ਅਤੇ ਸੀਐੱਚਓਜ਼ ਰੋਜ਼ਾਨਾ ਆਪਣੀਆਂ ਸੰਸਥਾਵਾਂ ਖੁੱਲੀਆਂ ਰੱਖ ਕੇ ਪਿੰਡਾਂ ਦੇ ਲੋਕਾਂ ਨੂੰ ਦਵਾਈਆਂ ਮੁਹੱਇਆ ਕਰਵਾ ਰਹੇ ਹਨ ਅਤੇ ਲੋਕਾਂ ਦੀ ਜਾਂਚ ਕਰ ਰਹੇ ਹਨ। ਐੱਚਐੱਚਐੱਮ ਅਧੀਨ ਕੰਮ ਕਰ ਰਿਹਾ ਦਫ਼ਤਰੀ ਸਟਾਫ਼ ਬਿਨ੍ਹਾ ਕਿਸੇ ਛੁੱਟੀ ਲਏ ਰਿਪੋਟਿੰਗ ਦਾ ਕੰਮ ਕਰ ਰਹੇ ਹਨ। ਇਸ ਦੇ ਬਾਵਜੂਦ ਦਫ਼ਤਰੀ ਸਟਾਫ ਨੂੰ ਇੰਸ਼ੋਰੈਂਸ ਪਾਲਿਸੀ ਵਿਚ ਨਹੀਂ ਲਿਆ ਗਿਆ ਹੈ ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ। ਬਹੁਤ ਹੀ ਦੁੱਖ ਦੀ ਗੱਲ ਹੈ ਕਿ ਇੰਨੀ ਮਿਹਨਤ ਕਰਨ ਦੇ ਬਾਵਜੂਦ ਵੀ ਪੰਜਾਬ ਸਰਕਾਰ ਨੇ ਇਨ੍ਹਾਂ ਕਰਮਚਾਰੀਆਂ ਨੂੰ ਨਾ ਤਾਂ ਰੈਗੂਲਰ ਕਰਨ ਸਬੰਧੀ ਕੋਈ ਪਾਲਸੀ ਤਿਆਰ ਕਰ ਰਹੀ ਹੈ ਅਤੇ ਨਾ ਹੀ ਹਰਿਆਣਾ ਸਰਕਾਰ ਵਾਂਗ ਪੇਅ ਸਕੇਲ ਦੇਣ ਲਈ ਕੋਈ ਕਾਰਵਾਈ ਅਮਲ ਵਿਚ ਲਿਆ ਰਹੀ ਹੈ। ਹਰਜਿੰਦਰ ਸਿੰਘ ਪ੍ਰਧਾਨ ਐੱਨਐੱਚਐੱਮ ਯੂਨੀਅਨ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਕਰੋਨਾ ਨਾਮਕ ਭਿਅੰਕਰ ਬਿਮਾਰੀ ਵਿਚ ਐੱਨਐੱਚਐੱਮ ਅਧੀਨ ਡਿਊਟੀਆਂ ਕਰ ਰਹੇ ਮੁਲਾਜ਼ਮਾਂ ਦੇ ਜ਼ਜਬੇ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਇਹਨਾਂ ਨੂੰ ਪੱਕਾ ਕਰੇ ਜਾਂ ਇਨ੍ਹਾਂ ਮੁਲਾਜ਼ਮਾਂ ਨੂੰ ਹਰਿਆਣਾ ਸਰਕਾਰ ਵਾਂਗ ਪੇਅ ਸਕੇਲ ਦੇ ਕੇ ਇਨ੍ਹਾਂ ਸਿਹਤ ਕਰਮਚਾਰੀਆਂ ਦਾ ਮਾਨ ਵਧਾਏ ਤਾਂ ਜੋ ਕਿ ਇਹ ਸਿਹਤ ਮੁਲਾਜ਼ਮ ਇਸ ਭਿਅੰਕਰ ਬਿਮਾਰੀ ਵਿਚ ਹੋਰ ਵੀ ਤਨਦੇਹੀ ਨਾਲ ਆਪਣੀਆਂ ਡਿਊਟੀਆਂ ਨਿਭਾ ਸਕਣ। ਇਸ ਮੌਕੇ ਸੁਮਿਤ ਕੁਮਾਰ ਲੇਖਾਕਾਰ ਅਤੇ ਆਂਕੜ੍ਹਾ ਸਹਾਇਕ ਮੁਕੇਸ਼ ਕੁਮਾਰ, ਸੂਚਨਾ ਸਹਾਇਕ ਜਗਜੀਤ ਸਿੰਘ ਅਤੇ ਹੋਰ ਐੱਨਐੱਚਐੱਮ ਸਟਾਫ਼ ਹਾਜਰ ਸੀ।