ਅਸ਼ੋਕ ਵਰਮਾ
ਬਠਿੰਡਾ, 16 ਅਪ੍ਰੈਲ 2020 - ਕੋਰੋਨਾ ਮਹਾਂਮਾਰੀ ਦੇ ਕਾਰਨ ਬਠਿੰਡਾ ਜਿਲ੍ਹੇ ਅੰਦਰ ਕਰਫਿਊ ਲਗਾਉਣ ਤੋਂ ਬਾਅਦ ਨਰਮੇਂ ਦੀ ਸਰਕਾਰੀ ਖਰੀਦ ਬੰਦ ਹੋਣ ਕਾਰਨ ਘਰਾਂ ਅੰਦਰ ਨਰਮੇਂ ਦੀ ਫਸਲ ਰੱਖੀ ਬੈਠੇ ਕਿਸਾਨਾਂ ਨੂੰ ਹੁਣ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਜਿਸ ਤਰਾਂ ਦੇ ਸਰਕਾਰ ਦੇ ਕਣਕ ਖਰੀਦ ਪ੍ਰਬੰਧ ਹਨ ਉਨਾਂ ਨੂੰ ਦੇਖਦੇ ਹੋਏ ਹੁਣ ਕਿਸਾਨਾਂ ਨੂੰ ਆਪਣੀ ਕਣਕ ਦੀ ਫਸਲ ਵੀ ਘਰ ਰੱਖਣੀ ਪਵੇਗੀ।
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਿਲ੍ਹਾ ਜਰਨਲ ਸਕੱਤਰ ਸਰੂਪ ਸਿੰਘ ਸਿੱਧੂ ਨੈ ਇੱਕ ਬਿਆਨ ਰਾਹੀਂ ਇੲ ਪ੍ਰਗਟਾਂਵਾ ਕਰਦਿਆਂ ਦੱਸਿਆ ਕਿ ਘਰਾਂ ਅੰਦਰ ਪਹਿਲਾਂ ਹੀ ਨਰਮੇ ਦੀ ਪਈ ਫਸਲ ਕਾਰਨ ਕਿਸਾਨਾਂ ਨੂੰ ਕਣਕ ਰੱਖਣਾ ਅੱਖਾ ਹੋ ਰਿਹਾ ਹੈ ਇਸ ਕਰਕੇ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਤਰੁੰਤ ਨਰਮੇਂ ਦੀ ਸਰਕਾਰੀ ਖਰੀਦ ਕਰਨ ਲਈ ਸੀ.ਸੀ.ਆਈ ਨੂੰ ਮੰਨਜੂਰੀ ਦੇਣੀ ਚਾਹੀਦੀ ਹੈ । ਉਨ੍ਹਾਂ ਆਖਿਆ ਕਿ ਕਿਸਾਨ ਆਪਣੀ ਨਰਮੇਂ ਦੀ ਫਸਲ ਵੀ ਵੇਚ ਸਕਣਗੇ ਅਤੇ ਕਣਕ ਦੀ ਫਸਲ ਵੀ ਘਰਾਂ ਅੰਦਰ ਸਾਂਭੀ ਜਾ ਸਕੇਗੀ।
ਉਨ੍ਹਾਂ ਕਿਹਾ ਕਿ ਮਾਨਸਾ ਜਿਲ੍ਹੇ ਅੰਦਰ 14 ਅਪ੍ਰੈਲ ਨੂੰ ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ਮੁਤਾਬਕ ਨਰਮੇਂ ਦੀ ਸਰਕਾਰੀ ਖਰੀਦ ਸ਼ੁਰੂ ਹੋ ਚੁੱਕੀ ਹੈ। ਉਨਾਂ ਕਿਹਾ ਕਿ ਨਰਮੇਂ ਦੀ ਖਰੀਦ ਸਬੰਧੀ ਉਨਾਂ ਵੱਲੋ ਸੀ.ਸੀ.ਆਈ ਦੇ ਜੀ.ਐੱਮ ਨਾਲ ਗੱਲਬਾਤ ਕੀਤੀ ਤਾਂ ਉਨਾਂ ਕਿਹਾ ਕਿ ਨਰਮਾ ਖਰੀਦਣ ਦੀ ਮੰਨਜੂਰੀ ਡਿਪਟੀ ਕਮਿਸ਼ਨਰ ਬਠਿੰਡਾ ਵੱਲੋਂ ਦਿੱਤੀ ਜਾਣੀ ਹੈ, ਜਦੋਂ ਮੰਨਜੂਰੀ ਮਿਲ ਗਈ ਉਦੋਂ ਹੀ ਨਰਮੇ ਦੀ ਖਰੀਦ ਕੀਤੀ ਜਾਵੇਗੀ। ਕਿਸਾਨ ਆਗੂ ਸਰੂਪ ਸਿੱਧੂ ਨੇ ਮੰਗ ਕੀਤੀ ਕਿ ਪ੍ਰਸ਼ਾਸ਼ਨ ਫੌਰੀ ਤੌਰ ਤੇ ਨਰਮੇ ਦੀ ਖਰੀਦ ਚਾਲੂ ਕਰਵਾਏ।