ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ, 16 ਅਪ੍ਰੈਲ 2020 - ਜ਼ਿਲ੍ਹੇ 'ਚ ਕਣਕ ਦੀ ਖ਼ਰੀਦ ਲਈ ਸਮੁੱਚੇ ਪ੍ਰਬੰਧ ਕਰ ਲਏ ਗਏ ਹਨ ਅਤੇ ਸਾਡੇ ਸਾਰੇ ਵਿਭਾਗ, ਜਿਸ ਵਿਚ ਮੰਡੀ ਬੋਰਡ, ਖੁਰਾਕ ਤੇ ਸਿਵਲ ਸਪਲਾਈ ਵਿਭਾਗ, ਕਿਸਾਨ, ਪੱਲੇਦਾਰ ਅਤੇ ਵੱਖ-ਵੱਖ ਖਰੀਦ ਏਜੰਸੀਆਂ ਇਕ ਟੀਮ ਵਜੋਂ ਸਾਰਾ ਕੰਮ ਨੇਪਰੇ ਚਾੜ੍ਹਨ ਲਈ ਹਰ ਤਰ੍ਹਾਂ ਤਿਆਰ ਹਨ।
ਅਨਾਜ ਮੰਡੀ ਭਗਤਾਂਵਾਲਾ ਵਿਖੇ ਉਕਤ ਪ੍ਰਗਟਾਵਾ ਕਰਦੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਕਿਹਾ ਕਿ ਅਸੀਂ ਕਣਕ ਦੀ ਸੁਰੱਖਿਅਤ ਖਰੀਦ ਦੇ ਬੰਦੋਬਸਤ ਕੀਤੇ ਹਨ, ਤਾਂ ਕਿ ਇਸ ਕੰਮ ਵਿਚ ਲੱਗੇ ਹਰੇਕ ਇਨਸਾਨ ਨੂੰ ਵਾਇਰਸ ਦੇ ਖ਼ਤਰੇ ਤੋਂ ਵੀ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਕੋਵਿਡ-19 ਦੀ ਮਹਾਂਮਾਰੀ ਦੇ ਮੱਦੇਨਜ਼ਰ ਕਿਸਾਨਾਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਮਕਸਦ ਨਾਲ ਖ਼ਰੀਦ ਲਈ 54 ਖਰੀਦ ਕੇਂਦਰ ਅਤੇ 9 ਰਾਈਸ ਮਿੱਲਾਂ ਨੂੰ ਆਰਜ਼ੀ ਤੌਰ 'ਤੇ ਮੰਡੀਆਂ ਵਜੋਂ ਵਰਤਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਣਕ ਦੀਆਂ ਬੋਰੀਆਂ 'ਤੇ ਨੀਲੇ ਰੰਗ ਦਾ ਛਾਪਾ ਨੀਲੇ ਰੰਗ ਦੇ ਧਾਗੇ ਨਾਲ ਸਿਲਾਈ ਕਰਨ ਸਬੰਧੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਢਿੱਲੋਂ ਨੇ ਕਿਹਾ ਕਿ ਕੋਵਿਡ 19 ਕਾਰਨ ਪੈਦਾ ਹੋਏ ਹਾਲਾਤ ਦੇ ਮੱਦੇਨਜ਼ਰ ਰਾਜ ਸਰਕਾਰ ਵਲੋਂ ਕਣਕ ਦੀ ਖ਼ਰੀਦ ਦਾ ਸੀਜ਼ਨ 15 ਜੂਨ 2020 ਤੱਕ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਮੰਡੀਆਂ ਵਿਚ ਟੋਕਨ ਸਿਸਟਮ ਲਾਗੂ ਕੀਤਾ ਗਿਆ ਹੈ ਤਾਂ ਜੋ ਕਿਸਾਨਾਂ ਵਲੋਂ ਮੰਡੀਆਂ ਵਿਚ ਯੋਜਨਾਬੱਧ ਤਰੀਕੇ ਰਾਹੀਂ ਕਣਕ ਲਿਆਂਦੀ ਜਾ ਸਕੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਡਾ. ਹਿਮਾਸ਼ੂੰ ਅਗਰਵਾਲ, ਡੀ. ਐਫ. ਐੱਸ. ਸੀ. ਲਖਵਿੰਦਰ ਸਿੰਘ, ਨਾਇਬ ਤਹਿਸੀਲਦਾਰ ਅਰਚਨਾ ਸ਼ਰਮਾ, ਡੀ.ਐਮ. ਪਨਸਪ ਬਨਦੀਪ ਸਿੰਘ, ਡੀ. ਐਮ. ਮਾਰਕਫੈੱਡ ਗੁਰਪ੍ਰੀਤ ਸਿੰਘ, ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਅਮਨਦੀਪ ਸਿੰਘ ਛੀਨਾ ਆਦਿ ਹਾਜ਼ਰ ਸਨ।