ਜ਼ਿਲ੍ਹੇ ਦੀਆਂ ਮੰਡੀਆਂ 'ਚ 11426 ਮੀਟਰਿਕ ਟਨ ਕਣਕ ਪੁੱਜੀ-ਕੁਮਾਰ ਅਮਿਤ
ਪਟਿਆਲਾ, 16 ਅਪ੍ਰੈਲ 2020: ਕਣਕ ਦੀ ਸਰਕਾਰੀ ਖਰੀਦ ਦੇ ਅੱਜ ਦੂਜੇ ਦਿਨ 11426 ਮੀਟਰਿਕ ਟਨ ਕਣਕ ਦੀ ਆਮਦ ਦਰਜ ਕੀਤੀ ਗਈ ਜਦੋਂਕਿ ਵੱਖ-ਵੱਖ ਸਰਕਾਰੀ ਏਜੰਸੀਆਂ ਵੱਲੋਂ 10771 ਮੀਟਰਿਕ ਟਨ ਕਣਕ ਦੀ ਖਰੀਦ ਕੀਤੀ ਹੈ ਅਤੇ ਹੁਣ ਤੱਕ ਕੁਲ 12010 ਮੀਟਰਿਕ ਟਨ ਕਣਕ ਮੰਡੀਆਂ 'ਚ ਆ ਚੁੱਕੀ ਹੈ, ਜਿਸ ਵਿੱਚੋਂ 11135 ਮੀਟਰਿਕ ਟਨ ਦੀ ਖਰੀਦ ਵੀ ਕੀਤੀ ਜਾ ਚੁੱਕੀ ਹੈ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੋਰੋਨਵਾਇਰਸ ਦੇ ਮੱਦੇਨਜ਼ਰ ਲਗਾਏ ਗਏ ਕਰਫਿਊ ਦੌਰਾਨ ਕਣਕ ਦੀ ਜਿਣਸ ਦੀ ਖਰੀਦ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਦੇਸ਼ਾਂ ਮੁਤਾਬਕ ਸੁਚੱਜੇ ਪ੍ਰਬੰਧ ਕਰਦਿਆਂ ਇਹ ਖਰੀਦ ਪੂਰੇ ਇਹਤਿਆਤ ਨਾਲ ਕੀਤੀ ਜਾ ਰਹੀ ਹੈ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਅੱਜ ਦੂਜੇ ਦਿਨ ਜ਼ਿਲ੍ਹੇ ਦੀਆਂ 71 ਮੰਡੀਆਂ 'ਚ ਕਣਕ ਦੀ ਭਰਵੀਂ ਆਮਦ ਦਰਜ ਕੀਤੀ ਗਈ ਕਿਸਾਨਾਂ ਨੂੰ ਪਹਿਲਾਂ ਜਾਰੀ ਕੂਪਨਾਂ ਜਰੀਏ ਹੀ ਕਿਸਾਨ ਆਪਣੀ ਫ਼ਸਲ ਮੰਡੀਆਂ 'ਚ ਲੈਕੇ ਪੁੱਜੇ। ਮੰਡੀਆਂ ਦੇ ਗੇਟਾਂ 'ਤੇ ਤਾਇਨਾਤ ਮਾਰਕੀਟ ਕਮੇਟੀ ਦੇ ਕਰਮਚਾਰੀਆਂ ਅਤੇ ਪੁਲਿਸ ਕਰਮਚਾਰੀਆਂ ਨੇ ਕਿਸਾਨਾਂ ਦੇ ਹੱਥ ਸੈਨੇਟਾਈਜ ਕਰਵਾਏ ਅਤੇ ਬਾਅਦ ਵਿੱਚ ਉਨ੍ਹਾਂ ਦਾ ਕੂਪਨ ਦੇਖਣ ਮਗਰੋਂ ਕਣਕ ਦੀ ਨਮੀ ਚੈਕ ਕਰਕੇ ਹੀ ਮੰਡੀ ਦੇ ਅੰਦਰ ਜਾਣ ਦਿੱਤਾ ਗਿਆ।
ਸ੍ਰੀ ਕੁਮਾਰ ਅਮਿਤ ਨੇ ਹੋਰ ਦੱਸਿਆ ਕਿ ਅੱਜ ਦੂਜੇ ਦਿਨ 68 ਮੰਡੀਆਂ 'ਚ 10771 ਮੀਟਰਿਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਹੈ, ਜਿਸ 'ਚੋਂ ਪਨਗਰੇਨ ਵੱਲੋਂ 3466 ਮੀਟਰਿਕ ਟਨ, ਮਾਰਕਫੈਡ ਵੱਲੋਂ 2619 ਮੀਟਰਿਕ ਟਨ, ਪਨਸਪ ਵੱਲੋਂ 2399 ਮੀਟਰਿਕ ਟਨ, ਵੇਅਰ ਹਾਊਸ ਵੱਲੋਂ 1407 ਮੀਟਰਿਕ ਟਨ ਅਤੇ ਐਫ.ਸੀ.ਆਈ ਵੱਲੋਂ 880 ਮੀਟਰਿਕ ਟਨ ਦੀ ਖ਼ਰੀਦ ਕੀਤੀ ਗਈ ਹੈ। ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਮੰਡੀਆਂ ਵਿੱਚ ਇਕੱਠ ਹੋਣ ਤੋਂ ਬਚਾਅ ਕਰਨ ਲਈ ਜ਼ਿਲ੍ਹੇ ਅੰਦਰ 290 ਖ਼ਰੀਦ ਕੇਂਦਰ ਸਥਾਪਤ ਕੀਤੇ ਗਏ ਹਨ, ਜਿਨ੍ਹਾਂ ਵਿੱਚ 110 ਮੰਡੀਆਂ ਅਤੇ 180 ਸਬ ਯਾਰਡ ਬਣਾਏ ਗਏ ਹਨ।