ਰਜਨੀਸ਼ ਸਰੀਨ
- 586 ਲੋਕਾਂ ਨੇ ਰੋਜ਼ਗਾਰ ਦੀ ਹਾਮੀ ਭਰੀ
- 426 ਪਰਿਵਾਰਾਂ ਨੂੰ ਕੋਈ ਵੀ ਵਿੱਤੀ ਵਸੀਲਾ ਨਾ ਹੋਣ ਕਾਰਨ ਮਿਲੇਗੀ ਮਦਦ
ਨਵਾਂ ਸ਼ਹਿਰ, 17 ਅਪਰੈਲ 2020 - ਹੈਲਪਿੰਗ ਹੈਂਡ ਐਸ ਬੀ ਐਸ ਨਗਰ ਪੁਲਿਸ ਨੇ ਇੱਕ ਨਿਵੇਕਲਾ ਫੈਸਲਾ ਲੈਂਦਿਆਂ ਭਵਿੱਖ ’ਚ ਕੇਵਲ ਉਸੇ ਪਰਿਵਾਰ ਨੂੰ ਮੱਦਦ ਭੇਜਣ ਦਾ ਫ਼ੈਸਲਾ ਕੀਤਾ ਹੈ, ਜਿਨ੍ਹਾਂ ਦਾ ਕੋਈ ਵੀ ਕਮਾਊ ਜੀਅ ਨਹੀਂ। ਐਸ ਐਸ ਪੀ ਅਲਕਾ ਮੀਨਾ ਦੀ ਸਰਪ੍ਰਸਤੀ ’ਚ ਕੰਮ ਕਰ ਰਹੇ ਇਸ ਗਰੁੱਪ ਨੇ ਨਵਾਂਸ਼ਹਿਰ ਦੇ ਸ਼ਹਿਰੀ ਇਲਾਕੇ ’ਚ ਇੱਕ ਵਿਸ਼ੇਸ਼ ਸਰਵੇਖਣ ਕਰਕੇ 586 ਅਜਿਹੇ ਲੋਕਾਂ ਦੀ ਸ਼ਨਾਖ਼ਤ ਕੀਤੀ ਗਈ ਹੈ ਜੋ ਕਿ ਕਣਕ ਦੇ ਸੀਜ਼ਨ ਦੌਰਾਨ ਮੰਡੀਆਂ ’ਚ ਕੰਮ ਕਰਨ ਲਈ ਤਿਆਰ ਹਨ।
ਡੀ ਐਸ ਪੀ ਰਾਜ ਕੁਮਾਰ ਨੇ ਇਸ ਉਪਰਾਲੇ ਬਾਰੇ ਕਿਹਾ ਕਿ ਪੁਲਿਸ ਵੱਲੋਂ ਇਕੱਤਰ ਕੀਤੀ ਇਹ ਜਾਣਕਾਰੀ ਸਬੰਧਤ ਸਬ ਡਵੀਜ਼ਨ ਦੇ ਐਸ ਡੀ ਐਮ, ਬੀ ਡੀ ਪੀ ਓ ਅਤੇ ਈ ਓ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾਂ ਜੋ ਰਾਸ਼ਨ ਭਵਿੱਖ ’ਚ ਕੇਵਲ ਤੇ ਕੇਵਲ ਉਸ ਪਰਿਵਾਰ ਤੱਕ ਜਾਵੇ, ਜਿਸ ਦਾ ਕੋਈ ਵੀ ਕਮਾਊ ਜੀਅ ਨਹੀਂ। ਉਨ੍ਹਾਂ ਮਿਸਾਲ ਦਿੰਦਿਆਂ ਕਿਹਾ ਕਿ ਨਵਾਂਸ਼ਹਿਰ ਦੇ ਵਾਰਡਾਂ ’ਚ ਸਰਵੇਖਣ ਦੌਰਾਨ 426 ਪਰਿਵਾਰ ਅਜਿਹੇ ਸਾਹਮਣੇ ਆਏ ਹਨ, ਜਿਨ੍ਹਾਂ ’ਚ ਕੋਈ ਵਿਧਵਾ, ਕੋਈ ਦਿਵਿਆਂਗ ਜਾਂ ਕਿਸੇ ਹੋਰ ਢੰਗ ਨਾਲ ਦਿਵਿਆਂਗਤਾ ਦਾ ਸ਼ਿਕਾਰ, ਬਜ਼ੁਰਗ ਜਾਂ ਫ਼ਿਰ ਰੋਜ਼ੀ-ਰੋਟੀ ਦਾ ਕੋਈ ਵਸੀਲਾ ਨਹੀਂ ਰੱਖਦੇ।
ਉਨ੍ਹਾਂ ਦੱਸਿਆ ਕਿ ਸ਼ਹਿਰ ’ਚ ਸਰਵੇਖਣ ਦੌਰਾਨ 586 ਅਜਿਹੇ ਵਿਅਕਤੀ ਮਿਲੇ ਜੋ ਸਰੀਰਕ ਤੌਰ ’ਤੇ ਰਿਸ਼ਟ-ਪੁਸ਼ਟ ਸਨ ਅਤੇ ਦਿਹਾੜੀ ਕਰਨ ਪ੍ਰਤੀ ਅੱਜ ਵੀ ਤਿਆਰ ਹਨ। ਇਨ੍ਹਾਂ ਦੀ ਸੂਚੀ ਸਬੰਧਤ ਅਧਿਕਾਰੀਆਂ ਨੂੰ ਭੇਜੀ ਗਈ ਹੈ ਤਾਂ ਜੋ ਸੀਜ਼ਨ ਦੌਰਾਨ ਇਨ੍ਹਾਂ ਦੇ ਰੋਜ਼ਗਾਰ ਦਾ ਕੋਈ ਹੀਲਾ ਹੋ ਸਕੇ।
ਡੀ ਐਸ ਪੀ ਰਾਜ ਕੁਮਾਰ ਅਨੁਸਾਰ ਪੁਲਿਸ ਵੱਲੋਂ ਸਮੁੱਚੇ ਜ਼ਿਲ੍ਹੇ ’ਚ ਇਹ ਸਰਵੇਖਣ ਕੀਤਾ ਜਾ ਰਿਹਾ ਹੈ ਤਾਂ ਜੋ ਰਾਸ਼ਨ ਦੀ ਵੰਡ ਲੋੜਵੰਦ ਲੋਕਾਂ ਤੱਕ ਹੀ ਹੋਵੇ ਅਤੇ ਜਿਹੜੇ ਵਿਅਕਤੀ ਰੋਜ਼ਗਾਰ ਕਮਾ ਸਕਦੇ ਹਨ, ਉਨ੍ਹਾਂ ਨੂੰ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾ ਕੇ ਸਵੈ ਨਿਰਭਰਤਾ ਲਈ ਪ੍ਰੇਰਿਆ ਜਾਵੇ।