ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 17 ਅਪ੍ਰੈਲ 2020 - ਨਗਰ ਕੌਂਸਲ ਦੀ ਵਿਸ਼ੇਸ਼ ਟੀਮ ਵੱਲੋਂ ਕਰੋਨਾ ਬਿਮਾਰੀ ਨੂੰ ਵਧਣ ਤੋਂ ਰੋਕਣ ਲਈ ਅਤੇ ਸ਼ਹਿਰ ਦੀ ਸਫਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਕੌਂਸਲ ਦੀਆਂ ਟੀਮਾਂ ਵੱਲੋਂ ਜਿਥੇ ਸ਼ਹਿਰ ਦੇ ਵੱਖ ਵੱਖ ਵਾਰਡਾਂ ਨੂੰ ਸੈਨੇਟਾਈਜ਼ ਕਰਨ ਲਈ ਸਪਰੇਅ ਕੀਤੀ ਜਾ ਰਹੀ ਹੈ ਉਥੇ ਹੀ ਬੀਤੀ ਸ਼ਾਮ ਪੁਲਿਸ ਵਿਭਾਗ ਦੀ ਮੰਗ ਤੇ ਪੁਲਿਸ ਵੱਲੋਂ ਸ਼ਹਿਰ ਵਿਚ ਵੱਖ ਵੱਖ ਥਾਵਾਂ ਲਗਾਏ ਗਏ ਨਾਕਿਆਂ, ਟੈਂਟਾਂ ਵਾਲੀ ਥਾਂ ਤੇ ਮੱਛਰ ਦੇ ਖਾਤਮੇ ਲਈ ਫੋਗਿੰਗ ਸਪਰੇਅ ਕਰਵਾਈ ਗਈ।
ਸੈਨਟਰੀ ਇੰਸਪੈਕਟਰ ਸ਼ਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਨਗਰ ਕੌਂਸਲ ਦੀਆਂ ਵੱਖ ਵੱਖ ਟੀਮਾਂ ਵੱਲੋਂ ਸਮੁੱਚੇ ਸ਼ਹਿਰ ਵਿਚ ਮੁੱਖ ਸਥਾਨਾਂ ਅਤੇ ਪੁਲਿਸ ਨਾਕਿਆਂ ਵਾਲੀਆਂ ਥਾਵਾਂ ਤੇ ਫੋਗਿੰਗ ਸਪਰੇਅ ਕਰਵਾਈ ਗਈ ਤਾਂ ਜ਼ੋ ਪੁਲਿਸ ਦੇ ਜਵਾਨਾਂ, ਅਧਿਕਾਰੀਆਂ ਨੂੰ ਆਪਣੀ ਡਿਊਟੀ ਸਮੇਂ ਮੱਛਰਾਂ ਆਦਿ ਤੋਂ ਕਿਸੇ ਤਰ੍ਹਾਂ ਦੀ ਦਿੱਕਤ ਪੇਸ਼ ਨਾ ਆਵੇ।
ਉਨ੍ਹਾਂ ਇਹ ਵੀ ਦੱਸਿਆ ਕਿ ਕੌਸਿਲ ਦੀਆਂ ਟੀਮਾਂ ਵੱਲੋਂ ਸਪਰੇਅ ਦੁਆਰਾ ਪੂਰੇ ਸ਼ਹਿਰ ਦੇ ਵਾਰਡਾਂ, ਸਰਕਾਰੀ ਦਫਤਰਾਂ ਅਤੇ ਹੋਰ ਜਨਤਕ ਥਾਵਾਂ ਨੂੰ ਦੋ ਵਾਰ ਸੈਨੇਟਾਈਜ਼ ਕੀਤਾ ਜਾ ਚੁੱਕਾ ਹੈ ਅਤੇ ਇਹ ਪ੍ਰਕਿਰਿਆ ਲਗਾਤਾਰ ਜਾਰੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਰਫਿਊ ਦੇ ਨਿਯਮਾਂ ਦੀ ਪਾਲਣਾ ਕਰਨ ਤੇ ਆਪਣੇ ਘਰਾਂ ਵਿਚ ਹੀ ਰਹਿਣ ਤਾਂ ਜ਼ੋ ਕਰੋਨਾ ਬਿਮਾਰੀ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਸਕੇ।