ਅਸ਼ੋਕ ਵਰਮਾ
- ਬੱਚੇ ਦਾ ਪਹਿਲੇ ਜਨਮਦਿਨ ਦੀ ਵਿਸ਼ੇਸ਼ ਅਹਿਮੀਅਤ : ਐਸ.ਐਸ.ਪੀ.
ਮਾਨਸਾ, 17 ਅਪ੍ਰੈਲ 2020 - ਮਾਨਸਾ ਪੁਲਿਸ ਨੇ ਬੱਚਿਆਂ ਦੇ ਪਹਿਲੇ ਜਨਮ ਦਿਨ ਤੇ ਮਾਪਿਆਂ ਨੂੰ ਕੇਕ ਭੇਜਣ ਦੀ ਸ਼ੁਰੂਆਤ ਕਰਕੇ ਨਿਵੇਕਲੀ ਪਿਰਤ ਪਾਈ ਹੈ। ਅੱਜ ਜਿਲਾ ਪੁਲਿਸ ਨੇ ਇੱਕ ਬੱਚੀ ਤੇ ਉਸਦੇ ਪ੍ਰੀਵਾਰ ਦੀਆਂ ਖੁਸ਼ੀਆਂ ਦੁੱਗਣੀਆਂ ਕਰ ਦਿੱਤੀਆਂ ਜਦੋਂ ਉਨਾਂ ਵੱਲੋਂ ਦਿੱਤੇ ਵਟਸਐਪ ਸੁਨੇਹੇਂ ਤੇ ਪੀਸੀਆਰ ਟੀਮਾਂ ਕੇਕ ਲੈਕੇ ਪੁੱਜ ਗਈਆਂ। ਇਸ ਮੌਕੇ ਆਂਢੀਆਂ ਗੁਆਂਢੀਆਂ ਨੇ ਪੂਰੀ ਸਾਵਧਾਨੀਆਂ ਦੀ ਵਰਤੋਂ ਕਰਦਿਆਂ ਆਪਣੇ-ਆਪਣੇ ਘਰਾਂ ਦੀਆ ਛੱਤਾਂ ਉਪਰ ਸਮਾਜਿਕ ਦੂਰੀ ਨਾਲ ਖੜੇ ਹੋ ਕੇ ਜਿੱਥੇ ਮਾਨਸਾ ਪੁਲਿਸ ਦਾ ਧੰਨਵਾਦ ਕੀਤਾ , ਉੱਥੇ ਹੀ ਬੱਚੀ ਦਾ ਜਨਮ ਦਿਨ ਤਾੜੀਆਂ ਮਾਰ ਕੇ ਮਨਾਇਆ ।
ਜਾਣਕਾਰੀ ਅਨੁਸਾਰ ਮਾਨਸਾ ਵਾਸੀ ਰਾਤੇਸ਼ ਗਰਗ ਦੀ ਬੱਚੀ ਮਾਇਰਾ ਗਰਗ ਦਾ ਪਹਿਲਾ ਜਨਮ ਦਿਨ ਸੀ ਜਿਸ ਨੂੰ ਪ੍ਰੀਵਾਰ ਧੂਮਧਾਮ ਨਾਲ ਮਨਾਉਣਾ ਚਾਹੁੰਦਾ ਸੀ। ਕੋਰੋਨਾ ਵਾਇਰਸ ਕਾਰਨ ਲੱਗੇ ਕਰਫਿਊ ਕਰਕੇ ਪ੍ਰੀਵਾਰ ਦੀਆਂ ਖੁਸ਼ੀਆਂ ਨੂੰ ਸੱਟ ਵੱਜੀ ਪਰ ਮਨ ’ਚ ਇਹ ਦਿਨ ਮਨਾਉਣ ਦੀ ਚਿਣਗ ਜਾਰੀ ਰਹੀ। ਪ੍ਰੀਵਾਰ ਵੱਲੋਂ ਮਾਨਸਾ ਦੇ ਵਾਰਡ ਨੰਬਰ 5 ਦੇ ਵਿਲੇਜ ਪੁਲਿਸ ਅਫਸਰ ਹੌਲਦਾਰ ਗੁਰਪਰੀਤ ਸਿੰਘ ਦੇ ਵਟਸਅੱਪ ‘ਤੇ ਮੈਸਿਜ਼ ਭੇਜਿਆ ਗਿਆ ਕਿ ਉਸਦੀ 1 ਸਾਲ ਦੀ ਬੱਚੀ ਮਾਇਰਾ ਗਰਗ ਦਾ ਪਹਿਲਾ ਜਨਮ ਦਿਨ ਹੈ ਜਿਸ ਨੂੰ ਉਹ ਮਨਾਉਣਾ ਚਾਹੁੰਦੇ ਹਨ। ਉਨਾਂ ਆਖਿਆ ਕਿ ਕਰਫਿਊ ਕਾਰਨ ਬਜ਼ਾਰ ਬੰਦ ਹੋਣ ਕਰਕੇ ਕੇਕ ਆਦਿ ਮੁਹੱਈਆ ਨਹੀਂ ਹੋ ਰਿਹਾ ਹੈ।
ਰਤੇਸ਼ ਗਰਗ ਨੇ ਪੁਲਿਸ ਨੂੰ ਕੇਕ ਮੁਹੱਈਆ ਕਰਾਉਣ ’ਚ ਉਨਾਂ ਦੀ ਸਹਾਇਤਾ ਕਰਨ ਦੀ ਮੰਗ ਕੀਤੀ ਸੀ। ਬੱਚੀ ਦੇ ਪਿਤਾ ਰਾਤੇਸ਼ ਗਰਗ ਨੇ ਕਿਹਾ ਕਿ ਉਨਾਂ ਲਈ ਆਪਣੀ ਬੱਚੀ ਦਾ ਇਹ ਜਨਮ ਦਿਨ ਉਮਰ ਭਰ ਲਈ ਯਾਦਗਾਰੀ ਬਣ ਗਿਆ ਹੈ। ਉਨਾਂ ਕਿਹਾ ਕਿ ਬੱਚੀ ਵੱਡੀ ਹੋਣ ‘ਤੇ ਉਸਨੂੰ ਦੱਸਣਗੇ ਕਿ ਕਿਸ ਤਰਾਂ ਕਰਫਿਊ ਦੌਰਾਨ ਉਸਦਾ ਪਹਿਲਾ ਜਨਮ ਦਿਨ ਮਾਨਸਾ ਪੁਲਿਸ ਦੀ ਸਹਾਇਤਾ ਨਾਲ ਬੜੀ ਖੁਸ਼ੀ-ਖੁਸ਼ੀ ਮਨਾਇਆ ਗਿਆ ਸੀ। ਸ੍ਰੀ ਗਰਗ ਨੇ ਐਸਐਸਪੀ ਡਾ ਨਰਿੰਦਰ ਭਾਰਗਵ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ ਹੈ।
ਹੌਲਦਾਰ ਗੁਰਪ੍ਰੀਤ ਸਿੰਘ ਨੇ ਮਾਮਲਾ ਆਪਣੇ ਸੀਨੀਅਰ ਅਫਸਰਾਂ ਕੋਲ ਭੇਜਿਆ ਜਿੰਨਾਂ ਅੱਗਿਓਂ ਐਸ.ਐਸ.ਪੀ. ਡਾ. ਨਰਿੰਦਰ ਭਾਰਗਵ ਦੇ ਧਿਆਨ ਵਿੱਚ ਲਿਆ ਦਿੱਤਾ। ਐਸਐਸਪੀ ਦੇ ਹੁਕਮਾਂ ‘ਤੇ ਹੌਲਦਾਰ ਗੁਰਪ੍ਰੀਤ ਸਿੰਘ ਨੇ ਪੀ.ਸੀ.ਆਰ. ਮਾਨਸਾ ਦੀ ਮੋਟਰਸਾਈਕਲ ਟੀਮ ਨਾਲ ਗਸ਼ਤ ਕਰਦਿਆਂ ਅਤੇ ਕੇਕ ਤੇ ਸਮਾਨ ਬੱਚੀ ਦੇ ਘਰ ਪਹੁੰਚਾਇਆ। ਇਸ ਮੌਕੇ ਪੁਲਿਸ ਫੋਰਸ ਨੇ ਪ੍ਰੀਵਾਰ ਤੇ ਬੱਚੀ ਨੂੰ ਜਿਲਾ ਪੁਲਿਸ ਵੱਲੋਂ ਹੈਪੀ ਬਰਥ-ਡੇ ਕਿਹਾ ਅਤੇ ਸਾਇਰਨ ਮਾਰਦੇ ਆਪਣੀ ਡਿਊਟੀ ਤੇ ਅੱਗੇ ਚਲੇ ਗਏ।
ਪਹਿਲੇ ਜਨਮ ਦਿਨ ਦੀ ਵਿਸ਼ੇਸ਼ ਅਹਿਮੀਅਤ:ਐਸਐਸਪੀ
ਸੀਨੀਅਰ ਪੁਲਿਸ ਕਪਤਾਨ ਮਾਨਸਾ ਡਾ ਨਰਿੰਦਰ ਭਾਰਗਵ ਦਾ ਕਹਿਣਾ ਸੀ ਕਿ ਮਾਪਿਆਂ ਲਈ ਬੱਚੇ ਦਾ ਪਹਿਲਾ ਜਨਮਦਿਨ ਵਿਸ਼ੇਸ਼ ਅਹਿਮੀਅਤ ਰੱਖਦਾ ਹੈ ਜਿਸ ਕਰਕੇੇ ਕਰਫਿਊ ਦੌਰਾਨ ਇਸ ਦਿਨ ਨੂੰ ਯਾਦਗਾਰੀ ਬਣਾਉਣ ਲਈ ਮਾਨਸਾ ਪੁਲਿਸ ਵੱਲੋਂ ਇਹ ਨਿਵੇਕਲਾ ਉਪਰਾਲਾ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਕਰਫਿਊ ਕਾਰਨ ਪਰਿਵਾਰਾਂ ਨੂੰ ਆਪਣੇ ਬੱਚਿਆਂ ਦੇ ਜਨਮ ਦਿਨ ਮਨਾਉਣ ਵਿੱਚ ਦਿੱਕਤ ਪੇਸ਼ ਆ ਰਹੀ ਹੈ ਕਿਉਕਿ ਬਜ਼ਾਰ ਬੰਦ ਹੋਣ ਕਾਰਨ ਕੇਕ ਉਪਲਬੱਧ ਨਹੀ ਹੋ ਸਕਦਾ ਹੈ। ਉਨਾਂ ਦੱਸਿਆ ਕਿ ਅਕਸਰ ਬੱਚੇ ਜਿਦ ਕਰਦੇ ਹਨ ਜਿਸ ਨੂੰ ਧਿਆਨ ’ਚ ਰੱਖਦਿਆਂ ਪੁਲਿਸ ਨੇ ਇਹ ਪਹਿਲਕਦਮੀ ਕੀਤੀ ਹੈ। ਐਸ.ਐਸ.ਪੀ. ਨੇ ਦੱਸਿਆ ਕਿ ਜੇਕਰ ਵਿਲੇਜ ਪੁਲਿਸ ਅਫਸਰਾਂ ਰਾਹੀ ਅਜਿਹੀ ਸੂਚਨਾ ਫਿਰ ਮਿਲੇਗੀ ਤਾਂ ਮਾਨਸਾ ਪੁਲਿਸ ਤੁਰੰਤ ਕੇਕ ਅਤੇ ਸਮਾਨ ਬੱਚੀ ਦੇ ਘਰ ਮੁਹੱਈਆ ਕਰਵਾਏਗੀ। ਐਸਐਸਪੀ ਨੇ ਇਸ ਸ਼ੁਭ ਅਵਸਰ ਤੇ ਮਾਪਿਆਂ ਨੂੰ ਵਧਾਈ ਵੀ ਦਿੱਤਾ।
ਮਾਨਸਾ ਪੁਲਿਸ ਲੋਕਾਂ ਦੇ ਅੰਗ ਸੰਗ
ਐਸ.ਐਸ.ਪੀ. ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਕੋਰਨਾ ਵਾਇਰਸ ਤੋਂ ਬਚਾਅ ਲਈ ਕਰਫਿਊ ਲੱਗਿਆ ਹੋਣ ਕਰਕੇ ਪ੍ਰਸਾਸ਼ਨ ਜਰੂਰੀ ਵਸਤਾਂ ਅਤੇ ਜਰੂਰੀ ਸੇਵਾਵਾਂ ਘਰ-ਘਰ ਮੁਹੱਈਆ ਕਰਵਾ ਰਿਹਾ ਹੈ। ਉਨਾਂ ਦੱਸਿਆ ਕਿ ਇਹ ਵੀ ਫੈਸਲਾ ਕੀਤਾ ਹੈ ਕਿ ਕਿਸੇ ਵੀ ਵਿਅਕਤੀ ਜਾਂ ਪਰਿਵਾਰ ਨੂੰ ਕੋਈ ਸਮੱਸਿਆ ਨਹੀ ਆਉਣ ਦਿੱਤੀ ਜਾਏਗੀ। ਉਨਾਂ ਆਖਿਆ ਕਿ ਆਮ ਲੋਕ ਵਿਲੇਜ ਜਾਂ ਵਾਰਡ ਵਾਈਜ ਤਾਇਨਾਂਤ ਪੁਲਿਸ ਅਫਸਰਾਂ ਕੋਲ ਸਮੱਸਿਆ ਦੱਸ ਸਕਦੇ ਹਨ ਜਿੰਨਾਂ ਦਾ ਯੋਗ ਹੱਲ ਕੀਤਾ ਜਾ ਰਿਹਾ ਹੈ। ਉਨਾਂ ਮਾਨਸਾ ਜਿਲੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮਹਾਂਮਾਰੀ ਦੇ ਮੱਦੇਨਜ਼ਰ ਘਰਾਂ ’ਚ ਰਹਿਣ ਅਤੇ ਪੁਲਿਸ ਨੂੰ ਸਹਿਯੋਗ ਦੇਣ।