ਦੇਵਾ ਨੰਦ ਸ਼ਰਮਾ
- ਕੱਲ ਸ਼ਾਮ ਤੱਕ ਜਿਲ੍ਹੇ ਵਿੱਚ ਹੋਈ 4576 ਮੀਟਰਕ ਟਨ ਕਣਕ ਦੀ ਖਰੀਦ
- ਕਿਸਾਨਾਂ ਨੂੰ 19 ਅਪ੍ਰੈਲ ਤੱਕ 11 ਹਜ਼ਾਰ ਤੋਂ ਵੱਧ ਪਾਸ ਜਾਰੀ ਕੀਤੇ
ਫਰੀਦਕੋਟ, 17 ਅਪਰੈਲ 2020 - ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਣਕ ਦੀ ਖਰੀਦ ਲਈ 15 ਅਪ੍ਰੈਲ ਤੋਂ ਸ਼ੁਰੂ ਕਰਨ ਦੇ ਕੀਤੇ ਗਏ ਐਲਾਨ ਤੋਂ ਬਾਅਦ ਫਰੀਦਕੋਟ ਦੀਆਂ ਮੰਡੀਆਂ ਵਿੱਚ ਕਣਕ ਦੀ ਫਸਲ ਆਉਣੀ ਸ਼ੁਰੂ ਹੋ ਗਈ ਹੈ ਅਤੇ ਮੰਡੀ ਬੋਰਡ ਵੱਲੋਂ ਕੋਵਿਡ-19 ਮਹਾਂਮਾਰੀ ਤੋਂ ਬਚਾਅ ਅਤੇ ਇਸ ਨੂੰ ਅੱਗੇ ਵੱਧਣ ਤੋਂ ਰੋਕਣ ਲਈ ਮੰਡੀਆਂ ਵਿੱਚ ਵਿਸ਼ੇਸ਼ ਇੰਤਜਾਮ ਕੀਤੇ ਗਏ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਸੌਰਭ ਰਾਜ ਨੇ ਦਿੱਤੀ।
ਉਨ੍ਹਾਂ ਕਿਹਾ ਕਿ ਸਾਰੀਆਂ ਮੰਡੀਆਂ ਵਿੱਚ ਕਿਸਾਨਾਂ ਨੂੰ ਕਣਕ ਦੀ ਫਸਲ ਲਿਆਉਣ ਲਈ ਮੰਡੀ ਬੋਰਡ ਵੱਲੋਂ ਪਾਸ ਜਾਰੀ ਕੀਤੇ ਗਏ ਹਨ ਅਤੇ ਮੰਡੀਆਂ ਵਿੱਚ ਕਿਸਾਨਾਂ ਦੇ ਹੱਥ ਧੋਣ, ਫਸਲ ਲਿਆਉਣ, ਸਫਾਈ, ਵੇਚਣ ਤੋਂ ਇਲਾਵਾ ਛਾਂ ਅਤੇ ਰੋਸ਼ਨੀ ਦੇ ਵੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਕਿਸਾਨ, ਆੜਤੀਆਂ, ਲੇਬਰ ਅਤੇ ਖਰੀਦ ਏਜੰਸੀਆਂ ਨੂੰ ਮੰਡੀਆਂ ਵਿੱਚ ਸਮਾਜਿਕ ਦੂਰੀ ਬਣਾਈ ਰੱਖਣ ਦੇ ਵੀ ਵਿਸ਼ੇਸ਼ ਆਦੇਸ਼ ਜਾਰੀ ਕੀਤੇ ਗਏ ਹਨ, ਜਦਕਿ ਮੰਡੀਆਂ ਵਿੱਚ ਹਾਜ਼ਰ ਹਰੇਕ ਕਿਸਾਨ, ਆੜਤੀ, ਲੇਬਰ ਆਦਿ ਲਈ ਮਾਸਕ ਪਹਿਨਣਾ ਲਾਜ਼ਮੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਰੋਨਾ ਮਹਾਂਮਾਰੀ ਤੋਂ ਬਚਾਅ ਲਈ ਮੰਡੀਆਂ ਵਿੱਚ ਸਿਰਫ ਉਨ੍ਹਾਂ ਕਿਸਾਨਾਂ ਦੀ ਹੀ ਐਂਟਰੀ ਹੁੰਦੀ ਹੈ ਜਿੰਨਾਂ ਨੂੰ ਮੰਡੀ ਬੋਰਡ ਜਾਂ ਆੜਤੀ ਵੱਲੋਂ ਪਾਸ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਹੀ ਕਿਸਾਨ ਮੰਡੀ ਵਿੱਚ ਆਉਣ ਜਿੰਨਾਂ ਕੋਲ ਆੜਤੀ ਜਾਂ ਮੰਡੀ ਬੋਰਡ ਵੱਲੋਂ ਜਾਰੀ ਪਾਸ ਹੋਣ।
ਜਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਸ੍ਰੀ ਜਸਪ੍ਰੀਤ ਸਿੰਘ ਕਾਹਲੋਂ ਨੇ ਦੱਸਿਆ ਕਿ ਜਿਲ੍ਹੇ ਦੀਆਂ ਮੰਡੀਆਂ ਵਿੱਚ ਕੱਲ ਸ਼ਾਮ ਤੱਕ 6270 ਮੀਟਰਕ ਟਨ ਕਣਕ ਦੀ ਆਮਦ ਹੋਈ ਹੈ ਜਿਸ ਵਿਚੋਂ ਖਰੀਦ ਏਜੰਸੀਆਂ ਅਤੇ ਮਿੱਲਰਾ ਵੱਲੋਂ 4576 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕੱਲ ਸ਼ਾਮ ਤੱਕ ਜਿਲ੍ਹੇ ਵਿੱਚ ਕੁੱਲ 154 ਕਿਸਾਨ ਕੂਪਨ ਰਾਹੀਂ ਆਪਣੀ ਫਸਲ ਲਿਆਏ ਸਨ, ਜਿਸ ਦੀ ਖਰੀਦ ਏਜੰਸੀਆਂ ਵੱਲੋਂ ਖਰੀਦ ਕੀਤੀ ਗਈ ਹੈ।
ਜਿਲ੍ਹਾ ਡਿਪਟੀ ਮੰਡੀ ਅਫਸਰ ਸ੍ਰੀ ਗੌਰਵ ਗਰਗ ਨੇ ਦੱਸਿਆ ਕਿ ਮਿਤੀ 15 ਅਪ੍ਰੈਲ ਲਈ 230 ਪਾਸ, ਮਿਤੀ 16 ਅਪ੍ਰੈਲ ਲਈ 2390 ਪਾਸ, ਮਿਤੀ 17 ਅਪ੍ਰੈਲ ਲਈ 2885 ਪਾਸ, ਮਿਤੀ 18 ਅਪ੍ਰੈਲ ਲਈ 2870 ਪਾਸ ਅਤੇ ਮਿਤੀ 19 ਅਪ੍ਰੈਲ ਲਈ 2815 ਪਾਸ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਇਹ ਪਾਸ ਦੋ ਦਿਨ ਪਹਿਲਾਂ ਤੋਂ ਹੀ ਆੜਤੀਆਂ ਰਾਹੀਂ ਪਹੁੰਚਾ ਦਿੱਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਮੰਡੀ ਵਿੱਚ ਸੁੱਕੀ ਕਣਕ ਹੀ ਲੈ ਕੇ ਆਉਣ ਅਤੇ ਆਪਣੇ ਪਾਸ ਸਮੇਤ ਆਉਣ। ਉਨ੍ਹਾਂ ਕਿਸਾਨਾਂ, ਆੜਤੀਆਂ, ਲੇਬਰ ਨੂੰ ਸਮਾਜਿਕ ਦੂਰੀ ਬਣਾਈ ਰੱਖਣ ਅਤੇ ਮਾਸਕ ਪਾ ਕੇ ਰੱਖਣ ਦੀ ਅਪੀਲ ਕੀਤੀ।