ਹਰਿੰਦਰ ਨਿੱਕਾ
ਬਰਨਾਲਾ 18 ਅਪਰੈਲ 2020 - ਜ਼ਿਲੇ ਵਿਚ ਕਣਕ ਦੀ ਸਰਕਾਰੀ ਖਰੀਦ ਜਾਰੀ ਹੈ ਅਤੇ 98 ਮੰਡੀਆਂ ਤੋਂ 107 ਸ਼ੈਲਰਾਂ ਦਾ ਪ੍ਰਬੰਧ ਕਣਕ ਦੀ ਖਰੀਦ ਲਈ ਕੀਤਾ ਹੈ ਤਾਂ ਜੋ ਕਰੋਨਾ ਵਾਇਰਸ ਤੋਂ ਬਚਾਅ ਲਈ ਮੰਡੀਆਂ ਵਿਚ ਕਿਸੇ ਤਰਾਂ ਦਾ ਇਕੱਠ ਨਾ ਹੋਵੇ। ਇਨਾਂ ਮੰਡੀਆਂ ਤੇ ਖਰੀਦ ਕੇਂਦਰਾਂ ਵਿਚ ਜੀਓਜੀ ਤੇ ਯੂਥ ਸੇਵਾਵਾਂ ਵਲੰਟੀਅਰ ਤਿੱਖੀ ਨਜ਼ਰ ਰੱਖ ਰਹੇ ਹਨ ਤਾਂ ਜੋ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਯਕੀਨੀ ਬਣਾਈ ਜਾ ਸਕੇ।
ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰੰਘ ਫੂਲਕਾ ਨੇ ਦੱਸਿਆ ਕਿ ਜ਼ਿਲੇ ਵਿਚ 44 ਜੀਓਜੀ ਮੰਡੀਆਂ ਵਿਚ ਪ੍ਰਬੰਧਾਂ ’ਤੇ ਨਜ਼ਰ ਰੱਖ ਰਹੇ ਹਨ ਅਤੇ ਕਰੋਨਾ ਵਾਇਰਸ ਤੋਂ ਬਚਾਅ ਦੇ ਮੱਦੇਨਜ਼ਰ ਜ਼ਰੂਰੀ ਹਦਾਇਤਾਂ ਦੀ ਪਾਲਣਾ ਯਕੀਨੀ ਬਣਾ ਰਹੇ ਹਨ। ਇਸ ਦੇ ਨਾਲ ਹੀ ਯੁਵਕ ਸੇਵਾਵਾਂ ਵਿਭਾਗ ਅਧੀਨ ਅਤੇ ਯੂਥ ਕਲੱਬਾਂ ਦੇ ਵਲੰਟੀਅਰ ਵੀ ਜੀਓਜੀ ਨਾਲ ਲਾਏ ਗਏ ਹਨ, ਜੋ ਮੰਡੀਆਂ ਵਿਚ ਕਿਸਾਨਾਂ ਦੇ ਹੱਥ ਧੁਆਉਣ, ਸੈਨੇਟਾਈਜ਼ ਕਰਾਉਣ, ਮੂੰਹ ਢਕਣ ਲਈ ਪ੍ਰੇਰਿਤ ਕਰਨ ਦੇ ਨਾਲ ਨਾਲ ਸਮਾਜਿਕ ਦੂਰੀ ਬਣਾਈ ਰੱਖਣ ਲਈ ਪ੍ਰੇਰਿਤ ਕਰ ਰਹੇ ਹਨ। ਜ਼ਿਲਾ ਬਰਨਾਲਾ ਦੇ ਜੀਓਜੀ ਹੈੱਡ ਕਰਨਲ ਲਾਭ ਸਿੰਘ ਨੇ ਦੱਸਿਆ ਕਿ ਜ਼ਿਲੇ ਦੀਆਂ ਅਹਿਮ ਮੰਡੀਆਂ ਵਿਚ 44 ਜੀਓਜੀ ਡਟੇ ਹੋਏ ਹਨ, ਜੋ ਕਿਸੇ ਵੀ ਤਰਾਂ ਦੀ ਸਮੱਸਿਆ ਜ਼ਿਲਾ ਪ੍ਰਸ਼ਾਸਨ ਅਤੇ ਸਬੰਧਤ ਅਧਿਕਾਰੀਆਂ ਦੇ ਧਿਆਨ ਵਿਚ ਲਿਆ ਰਹੇ ਹਨ।
ਇਸ ਮੌਕੇ ਸਹਾਇਕ ਡਾਇਰੈਕਟਰ (ਯੁਵਕ ਸੇਵਾਵਾਂ) ਸ੍ਰੀ ਵਿਜੈ ਭਾਸਕਰ ਨੇ ਦੱਸਿਆ ਕਿ ਬਰਨਾਲਾ ਦੀ ਮੁੱਖ ਅਨਾਜ ਮੰਡੀ ਤੋਂ ਇਲਾਵਾ ਹੋਰ ਅਹਿਮ ਮੰਡੀਆਂ ਵਿਚ ਵਲੰਟੀਅਰ ਜ਼ਰੂਰੀ ਸੇਵਾਵਾਂ ਨਿਭਾਅ ਰਹੇ ਹਨ। ਉੁਨਾਂ ਦੱਸਿਆ ਕਿ 7 ਵਲੰਟੀਅਰ ਬਰਨਾਲਾ ਦੀ ਮੁੱਖ ਅਨਾਜ ਮੰਡੀ ਵਿਚ ਲੱਗੇ ਹੋਏ ਹਨ। ਇਸ ਤੋਂ ਇਲਾਵਾ ਰੈੱਡ ਕ੍ਰਾਸ ਰਾਹੀਂ ਰਾਸ਼ਨ ਵੰਡਣ ਦੀਆਂ ਸੇਵਾਵਾਂ ਤੋਂ ਬਿਨਾਂ ਸਿਵਲ ਹਸਪਤਾਲ ਬਰਨਾਲਾ ਵਿਚ ਵੀ ਵਲੰਟੀਅਰ ਲੋਕਾਂ ਨੂੰ ਜ਼ਰੂਰੀ ਇਹਤਿਆਤਾਂ ਬਾਰੇ ਜਾਗਰੂਕ ਕਰ ਰਹੇ ਹਨ। ਇਸ ਤੋਂ ਇਲਾਵਾ ਜ਼ਿਲੇ ਦੀਆਂ ਹੋਰ ਮੰਡੀਆਂ ਵਿਚ ਵੀ ਯੂਥ ਕਲੱਬਾਂ ਦੇ ਵਲੰਟੀਅਰ ਲਾਏ ਗਏ ਹਨ। ਸਿਵਲ ਹਸਪਤਾਲ ਵਿਚ ਮਰੀਜ਼ਾਂ ਨੂੰ ਮਾਸਕ ਵੰਡਣ ਲਈ ਡਿਊਟੀ ਨਿਭਾਅ ਰਹੇ ਨਹਿਰੂ ਯੁਵਾ ਕੇਂਦਰ ਦੇ ਵਲੰਟੀਅਰ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਮਰੀਜ਼ਾਂ ਨੂੰ ਮਾਸਕ ਵੰਡਣ ਦੇ ਨਾਲ ਨਾਲ ਸਮੇਂ ਸਮੇਂ ’ਤੇ ਹੱਥ ਧੋਣ, ਸਮਾਜਿਕ ਦੂਰੀ ਰੱਖਣ ਤੇ ਸਰਕਾਰ ਦੇ ਹੋਰ ਜ਼ਰੂਰੀ ਦਿਸ਼ਾ ਨਿਰਦੇਸ਼ਾਂ ਬਾਰੇ ਜਾਗਰੂਕ ਕਰ ਰਹੇ ਹਨ ਤਾਂ ਜੋ ਕਰਨਾ ਵਾਇਰਸ ਤੋਂ ਬਚਾਅ ਰਹੇ।