ਅਸ਼ੋਕ ਵਰਮਾ
ਬਠਿੰਡਾ, 18 ਅਪਰੈਲ 2020 - ਬਲੱਡ ਬੈਂਕ ਬਠਿੰਡਾ ਵਿੱਚ ਖ਼ੂਨ ਦੀ ਕਮੀਂ ਨੂੰ ਮੁੱਖ ਰੱਖਦਿਆਂ ਅੱਜ ਫਿਰ ਰੈੱਡ ਕਰਾਸ ਸੁਸਾਇਟੀ ਦੀ ਪ੍ਰੇਰਣਾ ਅਤੇ ਸਹਿਯੋਗ ਨਾਲ ਯੂਨਾਈਟਿਡ ਵੈੱਲਫੇਅਰ ਸੁਸਾਇਟੀ ਦੇ 11 ਵਲੰਟੀਅਰਾਂ ਨੇ ਖ਼ੂਨਦਾਨ ਕੀਤਾ। ਯੂਨਾਈਟਿਡ ਵੈੱਲਫੇਅਰ ਸੁਸਾਇਟੀ ਦੇ ਬਾਨੀ ਵਿਜੇ ਭੱਟ ਅਤੇ ਰੈੱਡ ਕਰਾਸ ਸੁਸਾਇਟੀ ਦੇ ਫਸਟ ਏਡ ਟ੍ਰੇਨਰ ਨਰੇਸ਼ ਪਠਾਣੀਆ ਨੇ ਐਮਰਜੰਸੀ ਦੌਰਾਨ ਖ਼ੂਨਦਾਨ ਕਰਨ ਵਾਲੇ ਇਹਨਾਂ ਦਾਨੀਆਂ ਦਾ ਬਲੱਡ ਬੈਂਕ ਵਿਖੇ ਸਵਾਗਤ ਕੀਤਾ। ਉਹਨਾਂ ਕਿਹਾ ਕਿ ਕੋਰੋਨਾ ਬਿਮਾਰੀ ਦੀ ਜੰਗ ਨਾਲ ਜਿੱਥੇ ਡਾਕਟਰਜ਼, ਨਰਸਿਜ਼, ਹੈੱਲਥ ਵਰਕਰ, ਪ੍ਰਸ਼ਾਸਨਿਕ ਅਧਿਕਾਰੀ, ਸਫਾਈ ਸੇਵਕ, ਪੁਲਿਸ ਮੁਲਾਜਮ ਅਤੇ ਵਲੰਟੀਅਰਜ਼ ਫਰੰਟ ਲਾਈਨ ਯੋਧਿਆਂ ਦੇ ਤੌਰ ਤੇ ਕੰਮ ਕਰ ਰਹੇ ਹਨ, ਉੱਥੇ ਬਲੱਡ ਬੈਂਕਾਂ ਵਿੱਚ ਸਵੈਇੱਛੁਕ ਖ਼ੂਨਦਾਨੀ ਵੀ ਲੋੜਵੰਦਾਂ ਲਈ ਜਰੂਰਤ ਮੁਤਾਬਕ ਖ਼ੂਨਦਾਨ ਕਰ ਰਹੇ ਹਨ।
ਇਹ ਵੀ ਫਰੰਟ ਲਾਈਨ ਯੋਧੇ ਹਨ ਜਿਸ ਲਈ ਇਹਨਾਂ ਦਾ ਸਤਿਕਾਰ ਕਰਨਾ ਸਾਡਾ ਫਰਜ਼ ਬਣਦਾ ਹੈ। ਬਲੱਡ ਬੈਂਕ ਅਧਿਕਾਰੀ ਡਾ.ਰਜਿੰਦਰ ਕੁਮਾਰ ਅਤੇ ਡਾ.ਕਰਿਸ਼ਮਾ ਨੇ ਖ਼ੂਨਦਾਨੀਆਂ ਦਾ ਐਮਰਜੰਸੀ ਦੌਰਾਨ ਕੀਤੇ ਜਾ ਰਹੇ ਖ਼ੂਨਦਾਨ ਲਈ ਆਭਾਰ ਵੀ ਪ੍ਰਗਟ ਕੀਤਾ। ਯੂਨਾਈਟਿਡ ਸੰਸਥਾ ਦੇ ਵਲੰਟੀਅਰ ਪਰਮਿੰਦਰ, ਢੇਲਵਾਂ ਤੋਂ ਬਾਬਾ ਗੁਰਸੇਵਕ ਸਿੰਘ, ਜੋਗਿੰਦਰ, ਗੁਰਚਰਨ, ਗੁਰਪ੍ਰੀਤ, ਗੁਰਸੇਵਕ, ਅਵਤਾਰ, ਨਿਰਮਲਪ੍ਰੀਤ, ਹਰਚਰਨ ਸਿੰਘ, ਕੋਟਬਖ਼ਤੂ ਤੋਂ ਜਸਵੀਰ ਅਤੇ ਉਦੇਪ੍ਰਤਾਪ ਨੇ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਦਿਆਂ ਸਵੈਇੱਛਾ ਨਾਲ ਖ਼ੂਨਦਾਨ ਕੀਤਾ। ਸੰਗਤ ਮੰਡੀ ਤੋਂ ਸੁਖਜਿੰਦਰ ਰੋਮਾਣਾ ਅਤੇ ਗੁਰਚਰਨ ਵਿਰਕ ਵੀ ਖ਼ੂਨਦਾਨੀਆਂ ਦੀ ਹੌਂਸਲਾ ਅਫਜਾਈ ਲਈ ਪਹੁੰਚੇ। ਵਿਜੇ ਭੱਟ ਅਤੇ ਫਸਟ ਏਡ ਟ੍ਰੇਨਰ ਨਰੇਸ਼ ਪਠਾਣੀਆ ਨੇ ਇਹਨਾਂ ਖ਼ੂਨਦਾਨੀਆਂ ਨੂੰ ਕੋਰੋਨਾ ਤੋਂ ਬਚਣ ਸੰਬੰਧੀ ਸੇਫਟੀ ਟਿਪਸ ਵੀ ਦਿੱਤੇ।