ਦਿਨੇਸ਼
- ਆਨਲਾਈਨ ਸਿੱਖਿਆ ਦੇਣ ਦੇ ਨਾਲ-ਨਾਲ ਕੋਰੋਨਾ ਬਿਮਾਰੀ ਸਬੰਧੀ ਲਗਾਈ ਡਿਊਟੀ ਵੀ ਤਨਦੇਹੀ ਨਾਲ ਨਿਭਾ ਰਹੇ ਹਨ ਅਧਿਆਪਕ
ਗੁਰਦਾਸਪੁਰ, 18 ਅਪ੍ਰੈਲ 2020 - ਲਾਕਡਾਊਨ ਦੌਰਾਨ ਵਿਦਿਆਰਥੀਆਂ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ। ਸਿੱਖਿਆ ਵਿਭਾਗ ਪਠਾਨਕੋਟ ਦਾ ਹਰੇਕ ਅਧਿਕਾਰੀ ਅਤੇ ਅਧਿਆਪਕ ਵਿਦਿਆਰਥੀਆਂ ਨੂੰ ਬੋਰਡ ਦੀਆਂ ਪਰੀਖਿਆਵਾਂ, ਨਵੇਂ ਦਾਖ਼ਲੇ ਅਤੇ ਨਵੇਂ ਸੈਸ਼ਨ ਦੀ ਪੜ੍ਹਾਈ ਬਾਰੇ ਸੋਸ਼ਲ ਮੀਡੀਆ ਰਾਹੀਂ ਘਰ ਬੈਠਿਆਂ ਅਗਵਾਈ ਦੇ ਰਿਹਾ ਹੈ। ਵਿਭਾਗ ਦੀਆਂ ਵੱਖ ਵੱਖ ਟੀਮਾਂ ਵਟਸਅਪ ਗਰੁੱਪਾਂ , ਸਮਾਰਟ ਫੋਨਾਂ ਰਾਹੀਂ ਅਤੇ ਸੋਸ਼ਲ ਮੀਡੀਆ ਦੇ ਹੋਰ ਸਾਧਨਾਂ ਰਾਹੀਂ ਵਿਦਿਆਰਥੀਆਂ 'ਤੇ ਉਨ੍ਹਾਂ ਦੇ ਮਾਪਿਆ ਨੂੰ ਇਸ ਮਹਾਂਮਾਰੀ ਬਾਰੇ ਵਾਰ ਵਾਰ ਜਾਗਰੂਕ ਕਰ ਰਹੇ ਹਨ। ਇਸ ਦੌਰਾਨ ਜਿੱਥੇ ਜ਼ਿਲ੍ਹੇ ਦੇ ਪ੍ਰਾਇਮਰੀ ਸਕੂਲਾਂ ਦੇ ਅਧਿਆਪਕ ਅਤੇ ਅਪਰ ਪ੍ਰਾਇਮਰੀ ਸਕੂਲਾਂ ਦੇ ਅਧਿਆਪਕ ਰੋਜ਼ਾਨਾ ਆਨ ਲਾਈਨ ਕਲਾਸਾਂ ਲਗਾ ਰਹੇ ਹਨ। ਉੱਥੇ ਹੀ ਦੂਜੇ ਪਾਸੇ ਜ਼ਿਲ੍ਹੇ ਦੇ 250 ਦੇ ਕਰੀਬ ਅਧਿਆਪਕ ਕੋਰੋਨਾ ਬਿਮਾਰੀ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਈ ਡਿਊਟੀ ਵੀ ਪੂਰੀ ਤਨਦੇਹੀ ਨਾਲ ਨਿਭਾ ਰਹੇ ਹਨ।
ਇਹ ਜਾਣਕਾਰੀ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਬਲਬੀਰ ਸਿੰਘ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਇੰਜੀ. ਸੰਜੀਵ ਗੌਤਮ ਨੇ ਸੋਸ਼ਲ ਮੀਡੀਆ ਰਾਹੀਂ ਜ਼ਿਲ੍ਹੇ ਦੇ ਅਧਿਆਪਕਾਂ ਨੂੰ ਸੰਬੋਧਿਤ ਕਰਦਿਆਂ ਦਿੱਤੀ। ਉਨ੍ਹਾਂ ਨੇ ਕਿਹਾ ਕਿ ਅਧਿਆਪਕ ਵਿਦਿਆਰਥੀਆਂ ਦੇ ਪਹਿਲਾਂ ਹੀ ਬਣੇ ਵਟਸਅਪ ਗਰੁੱਪਾਂ ਰਾਹੀ ਵਿਦਿਆਰਥੀਆਂ ਦੀ ਹਰ ਇੱਕ ਵਿਸ਼ੇ ਦੀ ਤਿਆਰੀ ਕਰਵਾ ਰਹੇ ਹਨ 'ਤੇ ਵਿਦਿਆਰਥੀਆਂ ਨੂੰ ਉਨ੍ਹਾਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਵੀ ਦੇ ਰਹੇ ਹਨ । ਬੱਚਿਆ ਲਈ ਵਿਭਾਗ ਦੀ ਡਿਜੀਟਲ ਟੀਮ ਵੱਲੋਂ ਇਕ ਹੀ ਪੀਡੀਐਫ ਫਾਈਲ ਵਿੱਚ ਸਾਰੀਆਂ ਕਿਤਾਬਾਂ ਇਕੱਠੀਆਂ ਕੀਤੀਆਂ ਗਈਆਂ ਹਨ। ਵਿਦਿਆਰਥੀ ਜਿਸ ਕਿਤਾਬ ਤੇ ਕਲਿੱਕ ਕਰਨਗੇ ਉਹ ਕਿਤਾਬ ਖੁੱਲ੍ਹ ਜਾਵੇਗੀ। ਇਸ ਦੇ ਨਾਲ ਹੀ ਅਧਿਆਪਕਾਂ ਵੱਲੋਂ ਪਿੰਡਾਂ ਦੇ ਮੋਹਤਬਰਾਂ ਦੀਆਂ ਸਹਾਇਤਾ ਨਾਲ ਵਿਦਿਆਰਥੀਆਂ ਦੀਆਂ ਪੁਰਾਣੀਆਂ ਕਿਤਾਬਾਂ ਬੱਚਿਆਂ ਤੱਕ ਪਹੁੰਚਾਇਆ ਜਾ ਰਹੀਆਂ ਹਨ।
ਇਸ ਦੇ ਨਾਲ ਹੀ ਜ਼ਿਲ੍ਹੇ ਦੇ ਦਿਵਿਆਂਗ ਬੱਚਿਆਂ ਨੂੰ ਆਨਲਾਈਨ ਸਿੱਖਿਆ ਮੁਹੱਈਆ ਕਰਵਾਈ ਜਾ ਰਹੀ ਹੈ। ਬੱਚਿਆਂ ਨੂੰ ਯੋਗਾ, ਪੇਂਟਿੰਗ, ਗਿਣਤੀ, ਅੰਗਰੇਜ਼ੀ ਤੇ ਹੋਰ ਸਿੱਖਣ ਯੋਗ ਸਮਗਰੀ ਆਨਲਾਈਨ ਭੇਜੀ ਜਾ ਰਹੀ ਹੈ। ਬੱਚੇ ਬਹੁਤ ਹੀ ਖ਼ੁਸ਼ੀ ਨਾਲ ਆਨਲਾਈਨ ਸਿੱਖਿਆ ਪ੍ਰਾਪਤ ਕਰ ਰਹੇ ਹਨ। ਇਹਨਾਂ ਬੱਚਿਆਂ ਨੂੰ ਵੀਡੀਓ ਕਾਲ ਰਾਹੀਂ ਸਰੀਰਕ ਕਸਰਤ ਵੀ ਕਰਵਾਈ ਜਾ ਰਹੀ ਹੈ। ਕਿਉਂਕਿ ਬੱਚਿਆਂ ਦੇ ਸਰੀਰਕ ਅਤੇ ਬੋਧਿਕ ਵਿਕਾਸ ਲਈ ਇਹ ਕਸਰਤ ਬਹੁਤ ਜ਼ਰੂਰੀ ਹੈ।
ਉਕਤ ਮਾਮਲੇ ਸਬੰਧੀ ਜਦੋਂ ਸਿੱਖਿਆ ਵਿਭਾਗ ਪਠਾਨਕੋਟ ਦੇ ਓਪੀਨਿਅਨ ਮੇਕਰ ਇੰਜੀ. ਸੁਰਿੰਦਰ ਕੁਮਾਰ ਐਡੀਸ਼ਨਲ ਸੁਪਰੀਡੈਂਟਿੰਗ ਇੰਜੀ. ਇਲੈਕਟ੍ਰੀਕਲ ਸੈੱਲ, ਪੀ.ਐੱਸ.ਪੀ.ਸੀ.ਐਲ ਸ਼ਾਹਪੁਰ ਕੰਡੀ ਡੈਮ ਨਾਲ ਗੱਲ ਕੀਤੀ ਗਈ। ਤਾਂ ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਦੀਆਂ ਅਜਿਹੀਆਂ ਗਤੀਵਿਧੀਆਂ ਕਾਰਨ ਆਮ ਲੋਕ ਇਸ ਦੀ ਭਰਪੂਰ ਸ਼ਲਾਘਾ ਕਰ ਰਹੇ ਹਨ ਅਤੇ ਇਹ ਪਹਿਲੀ ਵਾਰ ਹੋ ਰਿਹਾ ਹੈ। ਕਿ ਸਿੱਖਿਆ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਦੋ- ਦੋ ਲੜਾਈਆਂ ਨਾਲ ਤਨੋ ਮਨੋਂ ਲੜ ਰਹੇ ਹਨ। ਇੰਨਾ ਹੀ ਨਹੀਂ ਸਿੱਖਿਆ ਵਿਭਾਗ ਵੱਲੋਂ ਗਰੁੱਪਾਂ ਰਾਹੀਂ ਰੋਜ਼ਾਨਾ ਅਧਿਆਪਕਾਂ, ਅਧਿਕਾਰੀਆਂ ਅਤੇ ਬੱਚਿਆ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ। ਸਮੱਸਿਆ ਸਿਰਫ਼ ਉਨ੍ਹਾਂ ਬੱਚਿਆ ਦੀ ਹੈ ਜਿਨ੍ਹਾਂ ਦੇ ਮਾਪਿਆ ਕੋਲ ਸਮਾਰਟ ਫ਼ੋਨ ਨਹੀਂ ਹਨ। ਪਰ ਅਧਿਆਪਕ ਫਿਰ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਬੱਚਿਆ ਨਾਲ ਰਾਬਤਾ ਬਣਾਉਣ ਲਈ ਯਤਨਸ਼ੀਲ ਹਨ। ਸਿੱਖਿਆ ਵਿਭਾਗ ਦੇ ਇਹਨਾਂ ਯਤਨਾਂ ਦੀ ਪ੍ਰਸੰਸਾ ਕਰਨੀ ਬਣਦੀ ਹੈ। ਕਿ ਉਹ ਵਧੀਆ ਮਾਡਲ ਸਕੂਲਾਂ ਦੇ ਬਰਾਬਰ ਆਨ ਲਾਈਨ ਸਿੱਖਿਆ ਦੇ ਰਹੇ ਹਨ।