ਅਸ਼ੋਕ ਵਰਮਾ
ਬਠਿੰਡਾ, 18 ਅਪਰੈਲ 2020 - ਕੋਰੋਨਾ ਵਾਇਰਸ ਕਾਰਨ ਦੇਸ਼ ਭਰ ਕੀਤੀ ਤਾਲਾਬੰਦੀ ਕਰਕੇ ਖੇਤਾਂ ਵਿੱਚ ਖੜੀਆਂ ਕਣਕ ਫਸਲ ਸਬੰਧੀ ਚਿੰਤਾ ਵਿੱਚ ਡੁੱਬੇ ਕਿਸਾਨਾਂ ’ਤੇ ਪਾਣੀ ਦੇ ਸੋਮਿਆਂ ’ਚ ਪੈਂਦੇ ਪਾੜ ਨਾਲ ਦੋਹਰੀ ਮਾਰ ਪੈ ਰਹੀ ਹੈ। ਅੱਜ ਬਠਿੰਡਾ ਜਿਲੇ ਦੇ ਪਿੰਡ ਪੱਕਾ ਕਲਾਂ ਵਿਖੇ ਪੱਕਾ ਰਜਵਾਹੇ ਦੇ ਮਾਈਨਰ ਨੰਬਰ ਇੱਕ ’ਚ ਸਵੇਰੇ 10 ਫੁੱਟ ਲੰਮਾ ਪਾੜ ਪੈ ਗਿਆ ਜਿਸ ਦੇ ਸਿੱਟੇ ਵਜੋਂ ਕਿਸਾਨਾਂ ਦੀ ਪੱਕ ਚੁੱਕੀ ਕਣਕ ਦੀ ਫਸਲ ਵਿੱਚ ਪਾਣੀ ਭਰ ਗਿਆ। ਮੁਢਲੇ ਤੌਰ ਤੇ ਪ੍ਰਾਪਤ ਜਾਣਕਾਰੀ ਅਨੁਸਾਰ ਕਰੀਬ 20 ਏਕੜ ਫਸਲ ਨੂੰ ਨੁਕਸਾਨ ਪੁੱਜਿਆ ਹੈ ਜਦੋਂਕਿ ਅਸਲ ਵੇਰਵੇ ਆਉਣ ’ਚ ਸਮਾਂ ਲੱਗ ਸਕਦਾ ਹੈ। ਮਾਈਨਰ ’ਚ ਪਾੜ ਦਾ ਪਤਾ ਲੱਗਦਿਆਂ ਹੀ ਕਿਸਾਨ ਮੌਕੇ ਤੇ ਪੁੱਜੇ ਅਤੇ ਰਾਹਤ ਕਾਰਜ ਸ਼ੁਰੂ ਕਕਰ ਦਿੱਤੇ। ਪਤਾ ਲੱਗਿਆ ਹੈ ਕਿ ਨਹਰੀ ਵਿਭਾਗ ਮੌਕੇ ਤੇ ਪੁੱਜਾ ਅਤੇ ਪਿੰਡ ਵਾਸੀਆਂ ਦਾ ਹੱਥ ਵਟਾਇਆ ਜਿਸ ਦੇ ਚੱਲਦਿਆਂ ਪਾੜ ਪੂਰਨ ’ਚ ਸਫਲਤਾ ਮਿਲ ਗਈ।
ਕਿਸਾਨਾਂ ਅਨੁਸਾਰ ਕਿਸਾਨ ਸਵਰਨ ਸਿੰਘ ਪੁੱਤਰ ਸੂਰਜ ਸਿੰਘ ਦੀ ਸਾਢੇ ਸੱਤ ਏਕੜ ਕਣਕ ਦੀ ਫਸਲ ਨੂੰ ਨੁਕਸਾਨ ਪੁੱਜਿਆ ਹੈ। ਇਸ ਕਿਸਾਨ ਨੇ ਜਮੀਨ ਠੇਕੇ ਤੇ ਲੈਕੇ ਫਸਲ ਬੀਜੀ ਸੀ। ਇਸੇ ਤਰਾਂ ਹੀ ਕਿਸਾਨ ਤੇਜਿੰਦਰ ਪਾਲ ਸਿੰਘ ਦੀ 6 ਏਕੜ ਅਤੇ ਸੁਖਵੀਰ ਸਿੰਘ ਦੀ 6 ਏਕੜ ਕਣਕ ਦੀ ਫਸਲ ਖਰਾਬ ਹੋਈ ਹੈ। ਕਿਸਾਨਾਂ ਨੇ ਦੱਸਿਆ ਉਹ ਤਾਂ ਕਣਕ ਵੇਚਕੇ ਕਬੀਲਦਾਰੀ ਦੇ ਅਗਲੇ ਕੰਮਾਂਾਂ ਦੀ ਵਿਉਂਤਬੰਦੀ ਕਰ ਰਹੇ ਸਨ ਕਿ ਮਾਈਨਰ ’ਚ ਪਏ ਪਾੜ ਨੇ ਉਨਾਂ ਦਾ ਨੁਕਸਾਨ ਕਰ ਦਿੱਤਾ ਹੈ। ਕਿਸਾਨਾਂ ਨੇ ਦੱਸਿਆ ਕਿ ਇਹ ਮਾਈਨਰ ਸਾਲ ਵਿੱਚ ਦੋ ਤਿੰਨ ਵਾਰ ਟੁੱਟ ਜਾਂਦਾ ਹੈ ਪਰ ਨਹਿਰੀ ਮਹਿਕਮੇ ਵੱਲੋਂ ਇਸ ਦੀ ਕਦੇ ਵੀ ਮੁਰੰੰਮਤ ਜਾਂ ਸਫਾਈ ਨਹੀਂ ਕਰਵਾਈ ਜਾਂਦੀ ਹੈ। ਉਨਾਂ ਕਿਹਾ ਕਿ ਮਾਈਨਰ ਦੇ ਮਾੜੇ ਹਾਲਾਤਾਂ ਦਾ ਖਮਿਆਜਾ ਕਿਸਾਨਾਂ ਨੂੰ ਫਸਲਾਂ ਬਰਬਾਦ ਕਰਕੇ ਭੁਗਤਣਾ ਪੈ ਰਿਹਾ ਹੈ। ਕਿਸਾਨ ਲਾਭ ਸਿੰਘ, ਬੂਟਾ ਸਿੰਘ, ਜੰਗੀਰ ਸਿੰਘ, ਅੰਗਰੇਜ ਸਿੰਘ, ਬਲਵੀਰ ਸਿੰਘ ਅਤੇ ਗੁਰਦਾਸ ਸਿੰਘ ਨੇ ਮੰਗ ਕੀਤੀ ਕਿ ਰਜਬਾਹਿਆਂ ਅਤੇ ਮਾਈਨਰਾਂ ਦੀ ਸਾਫ ਸਫਾਈ ਕਰਵਾਈ ਜਾਵੇ ਤਾਂ ਜੋ ਕਿਸਾਨਾਂ ਦਾ ਹੁੰੰਦਾ ਨੁਕਸਾਨ ਰੋਕਿਆ ਜਾ ਸਕੇ।
ਪਾਣੀ ’ਚ ਬਣੇ ਜਾਲੇ ਕਾਰਨ ਟੁੱਟਿਆ ਰਾਜਬਾਹਾ:ਜੇਈ
ਨਹਿਰੀ ਮਹਿਕਮੇ ਦੇ ਜੇਈ ਇੰਜੀ: ਰਾਮ ਕੁਮਾਰ ਦਾ ਕਹਿਣਾ ਸੀ ਕਿ ਇੰਨਾਂ ਦਿਨਾਂ ਦੌਰਾਨ ਪਾਣੀ ’ਚ ਜਾਲਾ ਬਣ ਜਾਂਦਾ ਹੈ ਜੋਕਿ ਰਜਬਾਹੇ ਦੇ ਟੁੱਟਣ ਦਾ ਕਾਰਨ ਬਣਿਆ ਹੈ। ਉਨਾਂ ਆਖਿਆ ਕਿ ਰਾਜਬਾਹਾ ਵੀ ਇਸ ਕਰਕੇ ਹੀ ਓਵਰਫਲੋ ਹੋਇਆ ਅਤੇ ਪਾੜ ਪੈ ਗਿਆ। ਉਨਾਂ ਆਖਿਆ ਕਿ ਮਾਮਲਾ ਉੱਧਚ ਅਧਿਕਾਰੀਆਂ ਦੇ ਧਿਆਨ ’ਚ ਲਿਆ ਦਿੱਤਾ ਹੈ ਅਤੇ ਜਲਦੀ ਹੀ ਰਜਬਾਹੇ ਦੀ ਸਫਾਈ ਕਰਵਾਈ ਜਾਏਗੀ।
ਕੰਢਿਆਂ ਦੀ ਹਾਲਤ ਪਤਲੀ: ਕਿਸਾਨ ਆਗੂ
ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਜ਼ਿਲਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਸੀ ਕਿ ਪਿੰਡਾਂ ਦੇ ਕਿਸਾਨ ਪਟੜੀਆਂ ਤੇ ਮਿੱਟੀ ਆਦਿ ਪਾਕੇ ਮਜਬੂਤ ਕਰ ਲੈਂਦੇ ਹਨ ਪਰ ਵੱਡਾ ਕੰਮ ਕਿਸਾਨਾਂ ਦੇ ਵੱਸ ਦਾ ਰੋਗ ਨਹੀਂ ਹੈ । ਉਨਾਂ ਕਿਹਾ ਕਿ ਜਿਲੇ ਭਰ ’ਚ ਬਹੁਤੇ ਰਜਬਾਹਿਆਂ ਦੇ ਕੰਢਿਆਂ ਦੀ ਹਾਲਤ ਐਨੀ ਪਤਲੀ ਹੈ ਕਿ ਪਾਣੀ ਦਾ ਮਾੜਾ ਜਿਹਾ ਝਟਕਾ ਪਾੜ ਪਾ ਦਿੰਦਾ ਹੈ । ਉਨਾਂ ਆਖਿਆ ਕਿ ਪਿਛਲੇ ਕਈ ਵਰਿਆਂ ਤੋਂ ਇਸ ਰਜਾਬਹੇ ਦੀ ਮੁਰੰਮਤ ਨਹੀਂ ਕਰਵਾਈ ਗਈ ਹੈ ਇਸ ਲਈ ਸਰਕਾਰ ਇਸ ਨੂੰ ਪੱਕਾ ਕਰ ਦੇਵੇ ਇਹੋ ਮੰਗ ਹੈ।