ਅਸ਼ੋਕ ਵਰਮਾ
ਬਠਿੰਡਾ, 19 ਅਪ੍ਰੈਲ 2020 - ਪੱਤਰਕਾਰ ਦਵਿੰਦਰਪਾਲ ਨੂੰ ਪੁਲਸ ਵੱਲੋਂ ਹਿਰਾਸਤ ’ਚ ਲੈਣ ਅਤੇ ਦੁਰਵਿਹਾਰ ਕਰਨ ਦਾ ਸਖਤ ਨੋਟਿਸ ਲੈਂਦਿਆਂ ਲੋਕ ਸੰਗਰਾਮ ਮੰਚ ਅਤੇ ਇਨਕਲਾਬੀ ਲੋਕ ਮੋਰਚਾ ਨੇ ਦੋਸ਼ੀ ਪੁਲਸ ਕਰਮਚਾਰੀਆਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਪ੍ਰੈੱਸ ਦੇ ਨਾਂ ਬਿਆਨ ਜਾਰੀ ਕਰਦਿਆਂ ਲੋਕ ਸੰਗਰਾਮ ਮੰਚ ਦੇ ਸੂਬਾ ਸਕੱਤਰ ਸੁਖਵਿੰਦਰ ਕੌਰ ,ਖਜਾਨਚੀ ਲੋਕ ਰਾਜ ਮਹਿਰਾਜ ਅਤੇ ਇਨਕਲਾਬੀ ਲੋਕ ਮੋਰਚਾ ਦੇ ਸੂਬਾ ਕਮੇਟੀ ਮੈਂਬਰ ਬਲਵੰਤ ਸਿੰਘ ਮਹਿਰਾਜ ਨੇ ਕਿਹਾ ਕਿ ਪੱਤਰਕਾਰ ਕੋਲ ਬਕਾਇਦਾ ਆਪਣਾ ਸ਼ਨਾਖਤੀ ਕਾਰਡ ਸੀ ਜਿਸ ਨੂੰ ਪੁਲਿਸ ਨੇ ਅਣਗੌਲਿਆਂ ਕੀਤਾ ਅਤੇ ਜ਼ਬਰਦਸਤੀ ਬਲੈਰੋ ਗੱਡੀ ਵਿੱਚ ਸੁੱਟ ਕੇ ਪੁਲਸ ਥਾਣੇ ਲੈ ਗਏ । ਆਗੂਆਂ ਨੇ ਕਿਹਾ ਕਿ ਜੇਕਰ ਰਾਜਧਾਨੀ ਵਿੱਚ ਇੰਨੇ ਸੀਨੀਅਰ ਪੱਤਰਕਾਰਾਂ ਨਾਲ ਇਸ ਤਰਾਂ ਦਾ ਵਰਤਾਓ ਹੋ ਸਕਦਾ ਹੈ ਤਾਂ ਆਮ ਜਨਤਾ ਦੀ ਕੀ ਸੁਣਵਾਈ ਹੋਵੇਗੀ ਇਹ ਵੱਡਾ ਸਵਾਲ ਹੈ। ਉਨਾਂ ਸਰਕਾਰ ਤੋਂ ਅਜਿਹੇ ਧੱਕੜ ਪੁਲਸ ਕਰਮੀਆਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ ।
ਇਨਕਲਾਬੀ ਕੇਂਦਰ ਪੰੰਜਾਬ ਨੇ ਪੱਤਰਕਾਰ ਦਵਿੰਦਰ ਪਾਲ ਨੂੰ ਘੇਰਕੇ ਚੰਡੀਗੜ ਪੁਲਿਸ ਦੇ ਐਸਐਚਓ ਜਸਵੀਰ ਸਿੰਘ ਵੱਲੋਂ ਬਦਤਮੀਜੀ ਨਾਲ ਪੇਸ਼ ਆਉਣ, ਜਬਰੀ ਥਾਣੇ ਲਿਜਾਣ, ਲੰਬਾ ਸਮਾਂ ਬਿਠਾਕੇ ਰੱਖਣ ਅਤੇ ਅਣਮਨੁੱਖੀ ਵਿਵਹਾਰ ਕਰਨ ਦੀ ਸਖਤ ਸ਼ਬਦਾਂ ਵਿੱਚ ਨਖੇਧੀ ਕੀਤੀ ਹੈ। ਇਨਕਲਾਬੀ ਕੇਂਦਰ ਦੇ ਪ੍ਰਧਾਨ ਨਰਾਇਣ ਦੱਤ ਅਤੇ ਜਨਰਲ ਸਕੱਤਰ ਕੰਵਕਜੀਤ ਖੰਨਾ ਨੇ ਕਿਹਾ ਕਿ ਇਹ ਘਟਨਾ ਮਹਿਜ ਇਤਫਾਕ ਹੈ ਜਾਂ ਕਿਸੇ ਡੂੰਘੀ ਸਾਜਿਸ਼ ਦਾ ਸਿੱਟਾ ਇਸ ਦੀ ਗੰਭੀਰਤਾ ਨਾਲ ਪੜਤਾਲ ਕੀਤੀ ਜਾਣੀ ਚਾਹੀਦੀ ਹੈ। ਉਨਾਂ ਇਸ ਮਾਮਲੇ ਦੀ ਡੂੰਘਾਈ ਨਾਲ ਸਮਾਂ ਬੱਧ ਜੁਡੀਸ਼ੀਅਲ ਜਾਂਚ ਕਰਵਾਉਣ, ਉਸ ਸਮੇਂ ਤੱਕ ਜਿੰਮੇਵਾਰ ਪੁਲਿਸ ਅਧਿਕਾਰੀ ਨੂੰ ਨੌਕਰੀ ਤੋਂ ਬਰਖਾਸਤ ਕਰਨ ਅਤੇ ਪੱਤਰਕਾਰਾਂ ਦੀ ਸੁਰੱਖਿਆ ਯਕੀਨੀ ਬਨਾਉਣ ਦੀ ਮੰਗ ਕੀਤੀ ਹੈ।
ਇਸੇ ਤਰਾਂ ਹੀ ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸਨ ਪੰਜਾਬ ਨੇ ਇਸ ਘਟਨਾਂ ਨੂੂੰ ਸੋਚੀ ਸਾਜਿਸ਼ ਤਹਿਤ ਪ੍ਰੈੱਸ ਦੀ ਆਜਾਦੀ ‘ਤੇ ਹਮਲਾ ਕਰਾਰ ਦਿੱਤਾ ਹੈ। ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ, ਸਕੱਤਰ ਕੁਲਵੰਤ ਰਾਏ ਪੰਡੋਰੀ, ਸੀਨੀਅਰ ਵਾਇਸ ਪ੍ਰਧਾਨ ਗੁਰਮੇਲ ਸਿੰਘ ਮਾਛੀਕੇ, ਕੈਸੀਅਰ ਐਚ ਐਸ ਰਾਣੂ, ਸਰਪਰਸਤ ਸੁਰਜੀਤ ਸਿੰਘ, ਪੈ੍ਸ ਸਕੱਤਰ ਮਲਕੀਤ ਥਿੰਦ,ਸਲਾਹਕਾਰ ਜਸਵਿੰਦਰ ਭੋਗਲ, ਸੂਬਾ ਆਗੂ ਸੀ ਆਰ ਸੰਕਰ, ਚੇਅਰਮੈਨ ਦਿਲਦਾਰ ਸਿੰਘ ਅਤੇ ਨਛੱਤਰ ਸਿੰਘ ਚੀਮਾ ਆਦਿ ਆਗੂਆਂ ਨੇ ਸਾਂਠੇ ਬਿਆਨ ਰਾਹੀਂ ਇਸ ਘਟਨਾ ਦੀ ਸਖਤ ਸਬਦਾਂ ਵਿੱਚ ਨਿੰਦਾ ਕਰਦਿਆਂ ਗਾਹਲਾਂ ਕੱਢਣ ਵਾਲੇ ਥਾਣੇਦਾਰ ਖਿਲਾਫ ਸਖਤ ਕਾਰਵਾਈ ਦੀ ਮੰੰੰਗ ਕੀਤੀ ਹੈ। ਉਨਾਂ ਕਿਹਾ ਕਿ ਦੋ ਸੂਬਿਆਂ ਦੀ ਰਾਜਧਾਨੀ ਤੇ ਕੇਂਦਰ ਸ਼ਾਸ਼ਿਤ ਸ਼ਹਿਰ ਦੀ ਜਿਸ ਪੁਲਸ ਨੂੂੰ ਅਨੁਸ਼ਾਸ਼ਿਤ ਫੋਰਸ ਕਿਹਾ ਜਾਂਦਾ ਹੈ ਉਸ ਵੱਲੋਂ ਆਪਣੇ ਦਫਤਰ ਜਾ ਰਹੇ ਸੀਨੀਅਰ ਪੱਤਰਕਾਰ, ਜਿਸ ਦੇ ਗਲ਼ ਵਿੱਚ ਪਹਿਚਾਣ ਪੱਤਰ ਵੀ ਸੀ, ਨੂੂੰ ਬਿਨਾਂ ਪੁੱਛੇ ਦੱਸੇ ਜੀਪ ਵਿੱਚ ਸੁੱਟ ਕੇ ਥਾਣੇ ਲੈ ਜਾਣਾ ਬਹੁਤ ਹੀ ਸੰਗੀਨ ਮਾਮਲਾ ਹੈ। ਆਗੂਆਂ ਨੇ ਜਮਹੂਰੀ ਧਿਰਾਂ ਨੂੰ ਇਸ ਹਮਲੇ ਦਾ ਵਿਰੋਧ ਕਰਨ ਦੀ ਅਪੀਲ ਕੀਤੀ ਹੈ।
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐਮ ਪੀ ਆਈ) ਨੇ ਸੀਨੀਅਰ ਪੱਤਰਕਾਰ ਦਵਿੰਦਰ ਪਾਲ ਨਾਲ ਚੰਡੀਗੜ ਪੁਲਸ ਵਲੋਂ ਕੀਤੇ ਗਏ ਦੁਰਵਿਵਹਾਰ ਅਤੇ ਗੈਰ ਕਾਨੂੰਨੀ ਹਿਰਾਸਤ ਵਿੱਚ ਰੱਖਣ ਦੀ ਹੈਂਕੜ ਪੂਰਨ ਕਾਰਵਾਈ ਦੀ ਜੋਰਦਾਰ ਨਿੰਦਾ ਕੀਤੀ ਹੈ। ਇੱਕ ਸਾਂਝੇ ਬਿਆਨ ਰਾਹੀਂ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ, ਪੰਜਾਬ ਰਾਜ ਕਮੇਟੀ ਦੇ ਸਕੱਤਰ ਸਾਥੀ ਹਰਕੰਵਲ ਸਿੰਘ ਅਤੇ ਕਾਰਜਕਾਰੀ ਸਕੱਤਰ ਸਾਥੀ ਪਰਗਟ ਸਿੰਘ ਜਾਮਾਰਾਏ ਨੇ ਇਸ ਕਾਰਵਾਈ ਨੂੰ ਸਰਾਸਰ ਗੈਰ ਸੰਵਿਧਾਨਕ ਅਤੇ ਗੈਰ ਜਿੰਮੇਵਾਰਾਰਾਨਾ ਕਰਾਰ ਦਿੰਦਿਆਂ ਗਵਰਨਰ ਪੰਜਾਬ ਤੋਂ ਦੋਸ਼ੀ ਪੁਲਸ ਅਧਿਕਾਰੀਆਂ ਖਿਲਾਫ਼ ਸਖਤ ਵਿਭਾਗੀ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ। ਉਨਾਂ ਕਿਹਾ ਕਿ ਮੌਜੂਦਾ ਗੰਭੀਰ ਅਵਸਥਾ ਵਿੱਚ ਪੁਲਸ ਦਾ ਇੰਜ ਬੇਲਗਾਮ ਹੋਣਾ ਭਾਰਤੀ ਲੋਕਤੰਤਰ ਲਈ ਭਵਿੱਖ ਦੇ ਗੰਭੀਰ ਖਤਰਿਆਂ ਦੀ ਨਿਸ਼ਾਨਦੇਹੀ ਕਰਦਾ ਹੈ।