20 ਮਾਰਚ ਤੋਂ ਬਾਅਦ ਸੂਬੇ ਦੁਆਰਾ ਕੇਂਦਰ ਕੋਲੋਂ ਹਾਸਿਲ ਕੀਤੇ ਫੰਡਾਂ ਦੇ ਵੇਰਵੇ ਵੀ ਜਾਰੀ ਕੀਤੇ
ਮੁੱਖ ਮੰਤਰੀ ਨੂੰ ਕਿਹਾ ਕਿ ਉਹ ਕੇਂਦਰ ਕੋਲੋਂ ਹਾਸਿਲ ਕੀਤੇ ਫੰਡਾਂ ਨੂੰ ਕੋਵਿਡ-19 ਰਾਹਤ ਕਾਰਜਾਂ ਲਈ ਇਸਤੇਮਾਲ ਕਰਨ
ਚੰਡੀਗੜ੍ਹ 19 ਅਪ੍ਰੈਲ 2020: ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ ਕੋਵਿਡ-19 ਦੀ ਰੋਕਥਾਮ ਲਈ ਸੂਬਾ ਸਰਕਾਰ ਵੱਲੋਂ ਆਫ਼ਤ ਰਾਹਤ ਫੰਡ ਤਹਿਤ ਹਾਸਿਲ ਕੀਤੀ 6 ਹਜ਼ਾਰ ਕਰੋੜ ਰੁਪਏ ਦੀ ਗਰਾਂਟ ਨੂੰ ਇਸਤੇਮਾਲ ਵਿਚ ਲਿਆਉਣ। ਇਸ ਤੋਂ ਇਲਾਵਾ ਉਹ ਸੂਬੇ ਅੰਦਰ ਸਿਹਤ ਸਹੂਲਤਾਂ ਵਿਚ ਵਾਧਾ ਅਤੇ ਸੁਧਾਰ ਕਰਨ ਤੋਂ ਇਲਾਵਾ ਗਰੀਬਾਂ ਅਤੇ ਲੋੜਵੰਦਾਂ ਦੀ ਮੱਦਦ ਲਈ 20 ਮਾਰਚ ਤੋਂ ਬਾਅਦ ਕੇਂਦਰ ਕੋਲੋਂ ਹਾਸਿਲ ਕੀਤੀ 3485 ਕਰੋੜ ਰੁਪਏ ਦੀ ਰਾਸ਼ੀ ਨੂੰ ਵਰਤੋਂ ਵਿਚ ਲਿਆਉਣ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਜਰੂਰੀ ਹੈ ਕਿ ਕਿਸਾਨਾਂ, ਖੇਤ ਮਜ਼ਦੂਰਾਂ, ਦਿਹਾੜੀਦਾਰਾਂ, ਅਤੇ ਪਰਵਾਸੀ ਮਜ਼ਦੂਰਾਂ ਦੀ ਸਿੱਧੀ ਮੱਦਦ ਕੀਤੀ ਜਾਵੇ ਅਤੇ ਉਦਯੋਗ ਸੈਕਟਰ ਅਤੇ ਆਮ ਆਦਮੀ ਨੂੰ ਲੋੜੀਂਦੀਆਂ ਛੋਟਾਂ ਦਿੱਤੀਆਂ ਜਾਣ। ਉਹਨਾਂ ਕਿਹਾ ਕਿ ਆਫ਼ਤ ਰਾਹਤ ਫੰਡ ਤਹਿਤ ਸੂਬਾ ਸਰਕਾਰ ਕੋਲ ਪਈ 6 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਰਕਮ ਨੂੰ ਤੁਰੰਤ ਇਸ ਕੰਮ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੇ ਵੀ ਇਸ ਰਾਸ਼ੀ ਦਾ ਇਸਤੇਮਾਲ ਕੋਵਿਡ-19 ਦੀ ਰੋਕਥਾਮ ਲਈ ਕਰਨ ਵਾਸਤੇ ਮਨਜ਼ੂਰੀ ਦੇ ਦਿੱਤੀ ਹੈ। ਪੰਜਾਬ ਸਰਕਾਰ ਨੂੰ ਇਹਨਾਂ ਫੰਡਾਂ ਨੂੰ ਜਾਰੀ ਕਰਨ ਵਿਚ ਹੁਣ ਹੋਰ ਦੇਰੀ ਨਹੀਂ ਕਰਨੀ ਚਾਹੀਦੀ। ਉਹਨਾਂ ਕਿਹਾ ਕਿ
ਸਰਕਾਰ ਨੂੰ ਸੂਬੇ ਦੇ ਸਰਕਾਰੀ ਹਸਪਤਾਲਾਂ ਵਿਚ ਬੁਨਿਆਦੀ ਸਹੂਲਤਾਂ ਵਿਚ ਵਾਧਾ ਕਰਨ, ਲੋੜੀਂਦੇ ਵੈਂਟੀਲੇਟਰ ਅਤੇ ਪੀਪੀਈ ਕਿਟਾਂ ਖਰੀਦਣ ਅਤੇ ਮਹਾਂਮਾਰੀ ਖ਼ਿਲਾਫ ਡਟੇ ਮੂਹਰਲੀ ਕਤਾਰ ਦੇ ਯੋਧਿਆਂ ਲਈ ਦਸਤਾਨਿਆਂ ਅਤੇ ਮਾਸਕਾਂ ਵਾਸਤੇ ਇਹ ਪੈਸਾ ਜਾਰੀ ਕਰਨਾ ਚਾਹੀਦਾ ਹੈ।
ਬੀਬਾ ਬਾਦਲ ਨੇ ਇਹ ਵੀ ਦੱਸਿਆ ਕਿ ਉਹਨਾਂ ਖੁਲਾਸਾ ਕਰ ਦਿੱਤਾ ਹੈ ਕਿ ਕੇਂਦਰ ਵੱਲੋਂ 20 ਮਾਰਚ ਤੋਂ ਬਾਅਦ ਜਦੋਂ ਕੋਵਿਡ-19 ਮਹਾਂਮਾਰੀ ਫੁੱਟੀ ਸੀ ਤਾਂ ਪੰਜਾਬ ਸਰਕਾਰ ਨੂੰ ਜੀਐਸਟੀ ਮੁਆਵਜ਼ਾ ਅਤੇ ਬਕਾਇਆ ਤਹਿਤ 2366 ਕਰੋੜ ਰੁਪਏ ਜਾਰੀ ਕੀਤੇ ਸਨ। ਇਸ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਵੱਲੋਂ ਹੋਰ ਪੈਸਾ ਵੀ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਸੂਬਾ ਸਰਕਾਰ ਨੇ ਜੁਆਬ ਦਿੱਤਾ ਹੈ ਕਿ ਜੀਐਸਟੀ ਉਗਰਾਹੀ ਕਰਕੇ ਆਇਆ ਸਾਰਾ ਪੈਸਾ ਇਸ ਦਾ ਆਪਣਾ ਹੀ ਹੈ। ਬੀਬਾ ਬਾਦਲ ਨੇ ਕਿਹਾ ਕਿ ਹਾਂ ਇਹ ਲੋਕਾਂ ਦਾ ਪੈਸਾ ਹੈ ਅਤੇ ਲੋਕ ਦੁੱਖ ਭੋਗ ਰਹੇ ਹਨ। ਉਹਨਾਂ ਕਿਹਾ ਕਿ ਸੂਬਾ ਸਰਕਾਰ ਨੂੰ ਕੇਂਦਰ ਵਜੋਂ ਭੇਜੇ ਫੰਡਾਂ ਦਾ ਇਸ ਤਰ੍ਹਾਂ ਇਸਤੇਮਾਲ ਕਰਨਾ ਚਾਹੀਦਾ ਹੈ ਕਿ ਇਸ ਸੰਕਟ ਦੇ ਸਮੇਂ ਵਿਚ ਪੰਜਾਬੀਆਂ ਨੂੰ ਕਸ਼ਟ ਨਾ ਭੋਗਣਾ ਪਵੇ।
ਕੇਂਦਰੀ ਮੰਤਰੀ ਨੇ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ 20 ਮਾਰਚ ਤੋਂ ਬਾਅਦ ਜਾਰੀ ਕੀਤੀਆਂ ਸਾਰੀਆਂ ਗਰਾਂਟਾਂ ਬਾਰੇ ਭਾਰਤ ਸਰਕਾਰ ਨਾਲ ਹੋਈ ਗੱਲਬਾਤ ਦਾ ਵੇਰਵਾ ਵੀ ਜਾਰੀ ਕੀਤਾ, ਜਿਸ ਵਿਚ 638 ਕਰੋੜ ਰੁਪਏ ਦੀ ਵਿੱਤੀ ਗਰਾਂਟ, ਆਫਤ ਪ੍ਰਬੰਧਨ ਲਈ ਇਸ ਸਾਲ ਦੀ ਪਹਿਲੀ ਕਿਸ਼ਤ ਦੇ 247 ਕਰੋੜ ਰੁਪਏ, ਕੌਮੀ ਸਿਹਤ ਮਿਸ਼ਨ ਤਹਿਤ 41 ਕਰੋੜ ਰੁਪਏ ਅਤੇ ਹੰਗਾਮੀ ਸਿਹਤ ਸਹੂਲਤਾਂ ਵਾਸਤੇ ਪ੍ਰਧਾਨ ਮੰਤਰੀ ਵੱਲੋਂ ਐਲਾਨੇ ਪੈਕਜ ਤਹਿਤ 71.87 ਕਰੋੜ ਰੁਪਏ ਦੀ ਸੌ ਫੀਸਦੀ ਸਹਾਇਤਾ ਆਦਿ ਸ਼ਾਮਿਲ ਹਨ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਪੰਜਾਬ ਨੇ ਕੇਂਦਰ ਕੋਲੋਂ 10.70 ਲੱਖ ਹਾਈਡਰੋਕਲੋਰੋਕੁਇਨ ਗੋਲੀਆਂ, 3365 ਐਨ-95 ਮਾਸਕ ਅਤੇ 4500 ਪੀਪੀਈ ਕਿਟਾਂ ਵੀ ਹਾਸਿਲ ਕੀਤੀਆਂ ਹਨ।
ਬੀਬਾ ਬਾਦਲ ਨੇ ਕਿਹਾ ਕਿ ਇਹਨਾਂ ਔਖੇ ਸਮਿਆਂ ਵਿਚ ਇੱਕ ਦੂਜੇ ਨਾਲ ਮਿਹਣੇਬਾਜ਼ੀ 'ਚ ਉਲਝਣ ਦਾ ਸਮਾਂ ਨਹੀਂ ਹੈ। ਹੁਣ ਸਹਿਯੋਗ ਦੀ ਭਾਵਨਾ ਹੋਣੀ ਚਾਹੀਦੀ ਹੈ। ਮੈਂ ਸੂਬਾ ਸਰਕਾਰ ਕੋਲ ਕੋਵਿਡ-19 ਦੇ ਟਾਕਰੇ ਲਈ ਮੌਜੂਦ ਪੈਸੇ ਦੀ ਸੂਚੀ ਜਾਰੀ ਕੀਤੀ ਹੈ। ਮੈਂ ਮੁੱਖ ਮੰਤਰੀ ਨੂੰ ਅਪੀਲ ਕਰਦੀ ਹਾਂ ਕਿ ਉਹ ਇਸ ਸਾਰੇ ਪੈਸੇ ਅਤੇ ਰਾਜ ਆਫ਼ਤ ਰਾਹਤ ਫੰਡ ਵਿਚ ਪਏ 6ਹਜ਼ਾਰ ਕਰੋੜ ਰੁਪਏ ਨੂੰ ਇਹਨਾਂ ਔਖੇ ਸਮਿਆਂ ਵਿਚ ਲੋਕਾਂ ਦੀ ਮੱਦਦ ਲਈ ਇਸਤੇਮਾਲ ਕਰਨ। ਉਹਨਾਂ ਕਿਹਾ ਕਿ ਮੈਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭਰੋਸਾ ਦਿਵਾਉਂਦੀ ਹਾਂ ਕਿ ਜਦੋਂ ਸੂਬੇ ਨੇ ਇਹ 6 ਹਜ਼ਾਰ ਕਰੋੜ ਰੁਪਏ ਖਰਚ ਲਏ ਤਾਂ ਆਫ਼ਤ ਰਾਹਤ ਫੰਡ ਤਹਿਤ ਕੇਂਦਰ ਕੋਲੋਂ ਹੋਰ ਫੰਡ ਲੈਣ ਵਾਸਤੇ ਉਹਨਾਂ ਦਾ ਸਹਿਯੋਗ ਕਰਾਂਗੀ।
ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਇੱਕ ਕੌੜੀ ਸੱਚਾਈ ਹੈ ਕਿ ਕੇਂਦਰ ਵੱਲੋਂ ਪੰਜਾਬ ਦੀ ਅੱਧੀ ਆਬਾਦੀ ਯਾਨੀ 1.4 ਕਰੋੜ ਲੋਕਾਂ ਵਾਸਤੇ ਭੇਜਿਆ ਰਾਸ਼ਨ ਅਜੇ ਤਕ ਸੂਬੇ ਦੇ ਗੋਦਾਮਾਂ ਅੰਦਰ ਪਿਆ ਹੈ। ਦੋ ਜ਼ਿਲ੍ਹਿਆਂ ਨੂੰ ਛੱਡ ਕੇ ਇਸ ਨੂੰ ਅਜੇ ਵੰਡਣਾ ਵੀ ਸ਼ੁਰੂ ਨਹੀਂ ਕੀਤਾ। ਉਹਨਾਂ ਕਿਹਾ ਕਿ ਮੈਂ ਤੁਹਾਨੂੰ ਜਲਦੀ ਤੋਂ ਜਲਦੀ ਇਹ ਰਾਸ਼ਨ ਲੋੜਵੰਦਾਂ ਵਿਚ ਵੰਡਣ ਦੀ ਅਪੀਲ ਕਰਦੀ ਹਾਂ। ਬੀਬਾ ਬਾਦਲ ਨੇ ਇਹ ਵੀ ਦੱਸਿਆ ਕਿ ਕਿਸ ਤਰ੍ਹਾਂ ਗਰੀਬਾਂ ਅਤੇ ਪਰਵਾਸੀ ਮਜ਼ਦੂਰਾਂ ਲਈ ਆਏ ਇਸ ਰਾਸ਼ਨ ਦੀ ਵੰਡ ਦਾ ਸਿਆਸੀਕਰਨ ਕੀਤਾ ਜਾ ਚੁੱਕਾ ਹੈ। ਉਹਨਾਂ ਕਿਹਾ ਕਿ ਕਿਰਪਾ ਕਰਕੇ ਆਪਣੇ ਅਧਿਕਾਰੀਆਂ ਨੂਂੰ ਨਿਰਦੇਸ਼ ਦਿਓ ਕਿ ਰਾਸ਼ਨ ਦੀ ਵੰਡ ਬਿਨਾਂ ਕਿਸੇ ਸਿਆਸੀ ਦਖ਼ਲਅੰਦਾਜ਼ੀ ਤੋਂ ਪਾਰਦਰਸ਼ੀ ਢੰਗ ਨਾਲ ਕੀਤੀ ਜਾਵੇ।