ਰਜਨੀਸ਼ ਸਰੀਨ
- ਜ਼ਿਲ੍ਹਾ ਕੰਟਰੋਲ ਰੂਮ ’ਤੇ ਕਲ੍ਹ ਕੀਤੀ ਸੀ ਰਾਸ਼ਨ ਨਾ ਮਿਲਣ ਦੀ ਸ਼ਿਕਾਇਤ
ਨਵਾਂਸ਼ਹਿਰ, 19 ਅਪਰੈਲ 2020 - ਜ਼ਿਲ੍ਹੇ ’ਚ ਕੋਵਿਡ-19 ਕਰਫ਼ਿਊ ਦੌਰਾਨ ਲੋੜਵੰਦ ਲੋਕਾਂ ਨੂੰ ਰਾਸ਼ਨ ਮੁਹੱਈਆ ਕਰਵਾਉਣ ’ਚ ਲੱਗੇ ਐਸ ਡੀ ਐਮ ਦਫ਼ਤਰ ਨੇ ਅੱਜ ਨਵਾਂਸ਼ਹਿਰ ਮਿਊਂਸਪਲ ਇਲਾਕੇ ਦੇ ਇੱਕ ਘਰ ’ਚੋਂ ਆਈ ਰਾਸ਼ਨ ਦੀ ਮੰਗ ਨੂੰ ਮੌਕੇ ’ਤੇ ਜਾ ਕੇ ਝੂਠਾ ਪਾਇਆ ਗਿਆ।
ਐਸ ਡੀ ਐਮ ਜਗਦੀਸ਼ ਸਿੰਘ ਜੌਹਲ ਅਨੁਸਾਰ ਉਨ੍ਹਾਂ ਨੇ ਆਪਣੇ ਦਫ਼ਤਰ ’ਚ ਰਾਸ਼ਨ ਪ੍ਰਾਪਤੀ ਦੀਆਂ ਆਈ ਸੂਚੀ ਅੱਗੇ ਤਸਦੀਕ ਕਰਨ ਲਈ ਈ ਓ ਨਵਾਂਸ਼ਹਿਰ ਜਗਜੀਤ ਸਿੰਘ ਨੂੰ ਭੇਜ ਦਿੱਤੀ ਸੀ, ਜੋ ਕਿ ਸਬੰਧਤ ਲੋਕਾਂ ਵੱਲੋਂ ਜ਼ਿਲ੍ਹਾ ਕੰਟਰੋਲ ਰੂਮ ਹੈਲਪਲਾਈਨਾਂ ’ਤੇ ਕੀਤੀਆਂ ਕਾਲਾਂ ’ਤੇ ਆਧਾਰਿਤ ਹੁੰਦੀ ਹੈ।
ਉਨ੍ਹਾਂ ਦੱਸਿਆ ਕਿ ਅੱਜ ਜਦੋਂ ਈ ਓ ਜਗਜੀਤ ਸਿੰਘ ਵੱਲੋਂ ਸਬੰਧਤ ਵਿਅਕਤੀ ਦੇ ਘਰ ਗਲੀ ਨੰ. 2 ਫ਼ਤਿਹ ਨਗਰ ’ਚ ਆਪਣੀ ਟੀਮ ਨੂੰ ਤਸਦੀਕ ਵਾਸਤੇ ਭੇਜਿਆ ਗਿਆ ਤਾਂ ਉਸ ਵਿਅਕਤੀ ਦੇ ਘਰ ਹਰੇਕ ਜ਼ਰੂਰੀ ਵਸਤੂ ਦਾ ਲੋੜੀਂਦਾ ਸਟਾਕ ਮੌਜੂਦ ਸੀ ਅਤੇ ਉਸ ਵੱਲੋਂ ਮੰਨਿਆ ਗਿਆ ਕਿ ਉਸ ਨੇ ਸਰਕਾਰ ਪਾਸੋਂ ਲੋੜ ਨਾ ਹੋਣ ਦੇ ਬਾਵਜੂਦ ਰਾਸ਼ਨ ਲੈਣ ਲਈ ਹੀ ਇਹ ਝੂਠੀ ਸ਼ਿਕਾਇਤ ਦਰਜ ਕਰਵਾਈ ਸੀ।
ਐਸ ਡੀ ਐਮ ਅਨੁਸਾਰ ਇਸ ਵਿਅਕਤੀ ਨੂੰ ਅੱਜ ਚਿਤਾਵਨੀ ਦੇ ਕੇ ਛੱਡ ਦਿੱਤਾ ਗਿਆ ਪਰੰਤੂ ਭਵਿੱਖ ’ਚ ਜੇਕਰ ਫ਼ਿਰ ਕਿਸੇ ਵਿਅਕਤੀ ਨੇ ਦੂਸਰੇ ਲੋਕਾਂ ਦਾ ਹੱਕ ਮਾਰਨ ਲਈ ਅਜਿਹੀ ਝੂਠੀ ਸ਼ਿਕਾਇਤ ਕੀਤੀ ਤਾਂ ਉਸ ਖ਼ਿਲਾਫ਼ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।