ਅਸ਼ੋਕ ਵਰਮਾ
ਬਠਿੰਡਾ, 19 ਅਪ੍ਰੈਲ 2020 - ਭਾਰਤੀ ਕਮਿਊਨਿਸਟ ਪਾਰਟੀ ਦੀ ਕੌਮੀ ਕੌਂਸਲ ਮੈਂਬਰ ਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਦਵਿੰਦਰਪਾਲ ਨਾਲ ਚੰਡੀਗੜ ਪੁਲਿਸ ਵੱਲੋਂ ਕੀਤੇ ਦੁਰਵਿਹਾਰ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਇਸ ਲੋਕਤੰਤਰ ਦੇ ਚੌਥੇ ਥੰਮ ਪ੍ਰੈਸ ਦੀ ਅਜ਼ਾਦੀ ਤੇ ਕੀਤਾ ਹਮਲਾ ਕਰਾਰ ਦਿੱਤਾ ਹੈ। ਉਨਾਂ ਕਿਹਾ ਕਿ ਜੇਕਰ ਸਮਾਂ ਰਹਿੰਦੇ ਪੁਲਿਸ ਦੀ ਅਜਿਹੀ ਬੁਰਛਾਗਰਦੀ ਨੂੰ ਨਕੇਲ ਨਾ ਪਾਈ ਗਈ ਤਾਂ ਇਹ ਮੀਡੀਆ ਲਈ ਬਹੁਤ ਹੀ ਘਾਤਕ ਹੋਵੇਗਾ।
ਕਮਿਊਨਿਸਟ ਆਗੂ ਨੇ ਕਿਹਾ ਕਿ ਪੁਲਿਸ ਵਲੋਂ ਇਹ ਦੁਰਵਿਹਾਰ ਹੋਰ ਵੀ ਨਿੰਦਣਯੋਗ ਹੈ ਜਦੋਂ ਕਿ ਸਿਹਤ ਵਿਭਾਗ ਆਦਿ ਨਾਲ ਜੁੜੇ ਅਮਲੇ ਦੀ ਤਰਾਂ ਪੱਤਰਕਾਰ ਵੀ ਫਰੰਟ ਲਾਇਨ ਉਪਰ ਸੇਵਾ ਨਿਭਾ ਰਹੇ ਹਨ। ਅੰਤ ਵਿੱਚ ਕਮਿਊਨਿਸਟ ਆਗੂ ਨੇ ਪੰਜਾਬ ਦੇ ਰਾਜਪਾਲ ਜੋ ਚੰਡੀਗੜ ਦੇ ਮੁੱਖ ਪ੍ਰਸ਼ਾਸ਼ਕ ਵੀ ਹਨ ਤੋਂ ਮੰਗ ਕੀਤੀ ਹੈ ਕਿ ਦੋਸ਼ੀ ਪੁਲਿਸ ਮੁਲਾਜਮਾਂ ਨੂੰ ਮਿਸਾਲੀ ਸਣਾ ਦਿਤੀ ਜਾਏ ਤਾਂ ਕਿ ਉਹ ਭਵਿੱਖ ਅਜੇਹੀ ਘਿਨਾਉਣੀ ਹਰਕਤ ਨਾ ਕਰਨ।
ਇਸੇ ਤਰਾਂ ਹੀ ਡੈਮੋਕਰੈਟਿਕ ਟੀਚਰਜ ਫਰੰਟ ਪੰਜਾਬ ਦੇ ਜਿਲਾ ਬਠਿੰਡਾ ਦੇ ਪ੍ਰਧਾਨ ਰੇਸ਼ਮ ਸਿੰਘ ,ਸਕੱਤਰ ਬਲਜਿੰਦਰ ਸਿੰਘ ,ਵਿੱਤ ਸਕੱਤਰ ਬਲਵਿੰਦਰ ਸ਼ਰਮਾ,ਸੂਬਾ ਕਮੇਟੀ ਮੈਂਬਰ ਨਵਚਰਨਪ੍ਰੀਤ ਅਤੇ ਜਸਵਿੰਦਰ ਸਿੰਘ ਬਠਿੰਡਾ ਨੇ ਪੱਤਰਕਾਰ ਦਵਿੰਦਰ ਪਾਲ ਨਾਲ ਕੀਤੇ ਦੁਰਵਿਹਾਰ ਦੀ ਸਖਤ ਸਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਅਸਲ ’ਚ ਕੁੱਝ ਅਧਿਕਾਰੀ ਲੋਕਾਂ ਦੀ ਅਵਾਜ ਬਣੇ ਪੱਤਰਕਾਰਾਂ ਦੀ ਬਾਂਹ ਮਰੋੜਨਾਂ ਚਾਹੁੰਦੇ ਹਨ ਪਰ ਇਹ ਉਨਾਂ ਦਾ ਭੁਲੇਖਾ ਹੈ ।
ਅਧਿਆਪਕ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਲੋਕ ਪੱਖੀ ਅਤੇ ਨਿਰਪੱਖ ਕਲਮਾਂ ਨੂੰ ਦਬਾਉਣ ਦੀ ਤਾਨਾਸ਼ਾਹੀ ਤੇ ਉਤਰ ਆਈ ਹੈ। ਉਨਾਂ ਕਿਹਾ ਕਿ ਲੌਕਡਾਉਨ ਸਹਾਰੇ ਪੁਲਿਸ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਕਲਮਾਂ, ਬੁੱਧੀਜੀਵੀਆਂ ਸਮਾਜਿਕ ਕਾਰਕੁੰਨਾ, ਅਤੇ ਲੋਕ ਪੱਖੀ ਸ਼ਖਸ਼ੀਅਤਾਂ ਦੀ ਅਵਾਜ ਬੰਦ ਕਰਨ ਦੀ ਸ਼ਾਜਿਸ਼ ਦਾ ਹਿੱਸਾ ਹੈ, ਇਸ ਦਾ ਡਟਵਾਂ ਵਿਰੋਧ ਕਰਕੇ ਵਾਜਿਬ ਜਵਾਬ ਦਿੱਤਾ ਜਾਵੇਗਾ।
ਸੀਪੀਆਈ ਐੱਮ ਐਲ (ਲਿਬਰੇਸ਼ਨ)ਅਤੇ ਪੰਜਾਬ ਕਿਸਾਨ ਯੂਨੀਅਨ ਸੀਨੀਅਰ ਪੱਤਰਕਾਰ ਦਵਿੰਦਰ ਪਾਲ ਨੂੰ ਗੈਰ ਕਾਨੂੰਨੀ ਹਿਰਾਸਤ ਵਿੱਚ ਰੱਖਣ ਦੀ ਹੈਂਕੜ ਪੂਰਨ ਕਾਰਵਾਈ ਦੀ ਨਿਖੇਧੀ ਕਰਦਿਆਂ ਥਾਣੇਦਾਰ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਅੱਜ ਇਥੋਂ ਜਾਰੀ ਇੱਕ ਸਾਂਝੇ ਬਿਆਨ ਰਾਹੀਂ ਪਾਰਟੀ ਦੇ ਮਾਲਵਾ ਜੋਨ ਕਮੇਟੀ ਮੈਬਰ ਅਤੇ ਪੰਜਾਬ ਕਿਸਾਨ ਯੂਨੀਅਨ ਜਿਲਾ ਪ੍ਰੈੱਸ ਸਕੱਤਰ ਗੁਰਤੇਜ ਮਹਿਰਾਜ ਨੇ ਪੁਲਿਸ ਕਾਰਵਾਈ ਨੂੰ ਸਰਾਸਰ ਗੈਰ ਸੰਵਿਧਾਨਕ ਅਤੇ ਗੈਰ ਜਿੰਮੇਵਾਰਾਰਾਨਾ ਕਰਾਰ ਦਿੰਦਿਆਂ ਕਿਹਾ ਕਿ ਮੌਜੂਦਾ ਗੰਭੀਰ ਅਵਸਥਾ ਵਿੱਚ ਪੁਲਸ ਦਾ ਇੰਜ ਬੇਲਗਾਮ ਹੋਣਾ ਭਾਰਤੀ ਲੋਕਤੰਤਰ ਲਈ ਭਵਿੱਖ ਦੇ ਗੰਭੀਰ ਖਤਰਿਆਂ ਦੀ ਨਿਸ਼ਾਨਦੇਹੀ ਕਰਦਾ ਹੈ।
ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ,ਕਾਕਾ ਸਿੰਘ ਕੋਟੜਾ ,ਬਲਦੇਵ ਸਿੰਘ ਸਦੋਹਾ ਅਤੇ ਰੇਸ਼ਮ ਸਿੰਘ ਯਾਤਰੀ ਨੇ ਪੱਤਰਕਾਰ ਦਵਿੰਦਰ ਪਾਲ ਨੂੰ ਆਪਣੇ ਦਫਤਰ ਚ ਜਾਣ ਸਮੇਂ ਪੁਲਿਸ ਵੱਲੋਂ ਗਾਲੀ ਗਲੋਚ ਕਰਨ ਅਤੇ ਠਾਣੇ ਵਿਚ ਲਿਆਉਣ ਦੀ ਸਖਤ ਸਬਦਾਂ ਵਿੱਚ ਨਿਖੇਧੀ ਕੀਤੀ ਹੈ। ਉਨਾਂ ਆਖਿਆ ਕਿ ਪੱਤਰਕਾਰ ਦਵਿੰਦਰ ਪਾਲ ਵੱਲੋਂ ਆਪਣਾ ਸ਼ਿਨਾਖਤੀ ਕਾਰਡ ਦਿਖਾਉਣ ਤੇ ਐਸਐਚਓ ਵੱਲੋਂ ਗੱਲ ਨਾਂ ਸੁਨਣਾ ਜਾਾਹਰ ਕਰਦਾ ਹੈ ਕਿ ਲੋਕਾਂ ਨੂੰ ਕਾਨੂੰਨ ਦਾ ਪਾਠ ਪੜਾਉਣ ਵਾਲੀ ਚੰਡੀਗੜ ਪੁਲਿਸ ਕਾਨੂੰਨ ਨੂੰ ਛਿੱਕੇ ਟੰਗ ਕੇ ਮੀਡੀਆ ਦੀ ਅਵਾਜ ਦਬਾਉਣ ਵੱਲ ਤੁਰ ਪਈ ਹੈ। ਕਿਸਾਨ ਆਗੂਆਂ ਨੇ ਗਵਰਨਰ ਪੰਜਾਬ ਤੋਂ ਸਬੰਧਤ ਥਾਣੇਦਾਰ ਖਿਲਾਫ ਤੁਰੰਤ ਐਕਸਨ ਲੈਕੇ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।