ਅਸ਼ੋਕ ਵਰਮਾ
ਬਠਿੰਡਾ ,20 ਅਪਰੈਲ 2020: ਕੋਵਿਡ-19 ਮਹਾਂਮਾਰੀ ਫੈਲਣ ਨਾਲ ਦੁਨੀਆ ਭਰ ਦੇ ਲੱਖਾਂ ਲੋਕ ਪ੍ਰਭਾਵਿਤ ਹੋ ਰਹੇ ਹਨ। ਇਸ ਸੰਕਟਮਈ ਮਾਹੌਲ ਵਿੱਚ ਬੀ.ਐਫ.ਜੀ.ਆਈ. ਨਾ ਸਿਰਫ਼ ਆਪਣੇ ਵਿਦਿਆਰਥੀਆਂ ਨੂੰ ਆਨਲਾਈਨ ਸਿੱਖਿਆ ਪ੍ਰਦਾਨ ਕਰ ਰਿਹਾ ਹੈ ਸਗੋਂ ਉਨਾਂ ਦੇ ਗਿਆਨ ਨੂੰ ਵੈਬਿਨਾਰਾਂ ਰਾਹੀਂ ਪ੍ਰਫੁੱਲਿਤ ਵੀ ਕਰ ਰਿਹਾ ਹੈ। ਇਸੇ ਲੜੀ ਤਹਿਤ ਹੀ ਬੀ.ਐਫ.ਜੀ.ਆਈ. ਦੇ ਸਕੂਲ ਆਫ਼ ਇੰਟਰਪ੍ਰੀਨਿਓਰਸ਼ਿਪ ਵੱਲੋਂ ‘‘ਸਟਾਰਟਅੱਪ ਕਿਵੇਂ ਬਣਾਈਏ: ਕੀ ਕਰੀਏ ਅਤੇ ਕੀ ਨਹੀਂ’’ ਬਾਰੇ ਆਨਲਾਈਨ ਗੈੱਸਟ ਲੈਕਚਰ ਕਰਵਾਇਆ ਗਿਆ। ਇਹ ਲੈਕਚਰ ਸ੍ਰੀ ਵਿਜੇ ਨਦੀਮਿੰਤੀ ਨੇ ਦਿੱਤਾ ਜੋ ਕਿ ਨੈਸ਼ਨਲ ਅਕੈਡਮੀ ਆਫ਼ ਐਗਰੀਕਲਚਰਲ ਰਿਸਰਚ ਮੈਨੇਜਮੈਂਟ, ਹੈਦਰਾਬਾਦ ਦੇ ਏ-ਆਈਡੀਆ ਇਨਕੂਬੇਸ਼ਨ ਸੈਂਟਰ ਦੇ ਮੁੱਖ ਕਾਰਜਕਾਰੀ ਅਧਿਕਾਰੀ ਹਨ। ਬੀ.ਐਫ.ਜੀ.ਆਈ. ਦੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੇ ਬਹੁਤ ਹੀ ਉਤਸ਼ਾਹ ਨਾਲ ਇਹ ਭਾਸ਼ਣ ਸੁਣਿਆ ।
ਸ੍ਰੀ ਵਿਜੇ ਨਦੀਮਿੰਤੀ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਏ-ਆਈਡੀਆ ਇਨਕੂਬੇਸ਼ਨ ਸੈਂਟਰ ਦੀ ਜਾਣ ਪਛਾਣ ਨਾਲ ਕੀਤੀ । ਉਨਾਂ ਨੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੂੰ ਦੱਸਿਆ ਕਿ ਉੱਦਮੀ ਅਤੇ ਸਟਾਰਟਅੱਪ ਵਿੱਚ ਬਹੁਤ ਵੱਡਾ ਅੰਤਰ ਹੈ। ਉੱਦਮੀ ਇੱਕ ਵਿਅਕਤੀ ਹੈ ਪਰ ਸਟਾਰਟਅੱਪ ਇੱਕ ਰਜਿਸਟਰਡ ਇਕਾਈ ਹੋ ਸਕਦੀ ਹੈ ਜਿਸ ਦੀ ਸਥਾਪਨਾ 10 ਸਾਲਾਂ ਤੋਂ ਵੱਧ ਪੁਰਾਣੀ ਨਾ ਹੋਵੇ। ਇਸ ਦਾ ਕਾਰੋਬਾਰ 100 ਕਰੋੜ ਤੋਂ ਘੱਟ ਹੋਣਾ ਚਾਹੀਦਾ ਹੈ ਅਤੇ ਇਹ ਸਟਾਰਟਅੱਪ ਇਨੋਵੇਟਿਵ ਵੀ ਹੋਵੇ। ਉਨਾਂ ਨੇ ਅੱਗੇ ਕਿਹਾ ਕਿ ਇਕਾਈ ਸਥਾਪਤ ਕਰਨ ਵਾਲੇ ਉੱਦਮੀ ਕੋਲ ਤਿੰਨ ਪ੍ਰਸ਼ਨਾਂ ਦੇ ਉੱਤਰ ਹੋਣੇ ਚਾਹੀਦੇ ਹਨ ਜਿਵੇਂ ਕਿੱਥੇ ਜਾਣਾ ਹੈ? ਕੀ ਕਰਨਾ ਅਤੇ ਕਿਵੇਂ? ਆਦਿ।
ਉਨਾਂ ਨੇ ਉੱਭਰ ਰਹੇ ਉੱਦਮੀਆਂ ਨੂੰ ਕਿਹਾ ਕਿ ਇਸ ਸੰਕਟਮਈ ਸਮੇਂ ਵਿੱਚ ਜਦੋਂ ਕੋਰੋਨਾ ਮਹਾਂਮਾਰੀ ਫੈਲੀ ਹੋਈ ਹੈ ਅਤੇ ਸਾਰਾ ਦੇਸ਼ ਤਾਲਾਬੰਦੀ ਵਿੱਚ ਹੈ, ਇਸ ਸਮੇਂ ਵੀ ਉਹ ਆਪਣੇ ਵਿਚਾਰਾਂ ਵਿੱਚ ਵਿਸ਼ਵਾਸ ਨਾ ਗੁਆਉਣ, ਬਲਕਿ ਇਸ ਸਮੇਂ ਆਪਣੀ ਅਗਲੀ ਯੋਜਨਾ ਨੂੰ ਵਿਚਾਰਨ ਅਤੇ ਆਪਣੇ ਵਿਚਾਰਾਂ ਨੂੰ ਨਵੀਨਤਾ ਦੇਣ। ਹੁਣ ਜਦੋਂ ਉਹ ਘਰ ਵਿੱਚ ਹਨ, ਇਹ ਸਭ ਤੋਂ ਵਧੀਆ ਸਮਾਂ ਹੈ ਜਦੋਂ ਕੋਈ ਵੀ ਆਪਣੀ ਕਾਰੋਬਾਰੀ ਯੋਜਨਾ ਬਣਾ ਸਕਦਾ ਹੈ ਅਤੇ ਇਸ ਬਾਰੇ ਸੰਖੇਪ ਪ੍ਰਸਤੁਤੀ ਤਿਆਰ ਕਰ ਸਕਦਾ ਹੈ। ਉਸ ਨੇ ਕਈ ਏਜੰਸੀਆਂ ਜਿਵੇਂ ਕਿ ਸਟਾਰਟਅੱਪ ਇੰਡੀਆ, ਐਸੋਚੈਮ, ਫਿੱਕੀ, ਸੀ.ਆਈ.ਆਈ. ਆਦਿ ਦੁਆਰਾ ਕਰਵਾਏ ਜਾਂ ਰਹੇ ਵੈਬਿਨਾਰਾਂ ਨੂੰ ਸੁਣਨ ਦੀ ਸਲਾਹ ਵੀ ਦਿੱਤੀ। ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਉਨਾਂ ਕਿਹਾ ਕਿ ਹਰ ਸੰਕਟ ਵੱਡੀਆਂ ਸੰਭਾਵਨਾਵਾਂ ਲੈ ਕੇ ਆਉਂਦਾ ਹੈ । ਉਨਾਂ ਨੇ ਕਿਹਾ ਕਿ ਭਾਰਤ ਵਿੱਚ ਨਵੀਨਤਾ ਅਤੇ ਸਟਾਰਟ ਅੱਪ ਸਭਿਆਚਾਰ ਸਦਕਾ ਹੀ ਸਿਰਫ ਅਸੀਂ ਕੋਵਿਡ-19 ਮਹਾਂਮਾਰੀ ਵਿਰੁੱਧ ਹਮਲਾਵਰ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਲੜ ਸਕਦੇ ਹਾਂ ਕਿਉਂਕਿ ਕੱੁਝ ਸਿਹਤ ਸੰਬੰਧੀ ਤਕਨੀਕੀ ਕੰਪਨੀਆਂ ਨੇ ਪਹਿਲਾਂ ਹੀ ਇਸ ਦਾ ਵਿਸ਼ਵ ਵਿਆਪੀ ਹੱਲ ਕਰਨਾ ਸੁਰੂ ਕਰ ਦਿੱਤਾ ਹੈ। ਉਨਾਂ ਨੇ ਪੁਣੇ ਅਧਾਰਤ ਮੋਲੀਕਿਊਲਰ ਡਾਇਗਨੌਸਟਿਕ ਕੰਪਨੀ ਮਾਈਲੈਬ ਦੀ ਉਦਾਹਰਨ ਦਿੱਤੀ ਜਿਸ ਨੇ ਆਪਣੀਆਂ ਕੋਵਿਡ-19 ਡਾਇਗਨੌਸਟਿਕ ਟੈਸਟ ਕਿੱਟਾਂ ਲਈ ਇਕ ਰੈਗੂਲੇਟਰੀ ਸਹਿਮਤੀ ਪ੍ਰਾਪਤ ਕੀਤੀ ਹੈ ਜਿਸਨੂੰ ਬਹੁਤ ਹੀ ਕਿਫਾਇਤੀ ਕੀਮਤ ਤੇ ਲਾਂਚ ਕਰਨ ਦੀ ਯੋਜਨਾ ਹੈ ।
ਉਸ ਨੇ ਅੱਗੇ ਕਿਹਾ, ਕੁਰੈਈ, ਇੱਕ ਸਿਹਤ-ਤਕਨੀਕੀ ਸਟਾਰਟਅੱਪ, ਨੇ ਇੱਕ ਆਰਟੀਫੀਸ਼ਿਲ ਇੰਟੈਲੀਜੈਂਸ (ਏ.ਆਈ) ਦੁਆਰਾ ਸੰਚਾਲਿਤ ਵਰਚੁਅਲ ਕੇਅਰ ਪਲੇਟਫਾਰਮ ਤਿਆਰ ਕੀਤਾ ਹੈ ਜੋ ਹਸਪਤਾਲ ਦੇ ਐਮਰਜੈਂਸੀ ਕਮਰਿਆਂ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਜ਼ਿਆਦਾ ਜੋਖਮ ਵਾਲੇ ਲੋਕਾਂ ਨੂੰ ਪਛਾਣ ਸਕਦਾ ਹੈ । ਪੁਣੇ ਸਥਿਤ ਸਟਾਰਟਅੱਪ ਐਨ.ਓ.ਸੀ.ਸੀ.ਏ. ਰੋਬੋਟਿਕਸ ਪ੍ਰਾਈਵੇਟ ਲਿਮਟਿਡ ਦੇ ਇੰਜੀਨੀਅਰ ਵੀ ਕੋਰੋਨਾ ਵਾਇਰਸ ਵਿਰੁੱਧ ਲੜਾਈ ਵਿੱਚ ਦੇਸ਼ ਦੀ ਮਦਦ ਕਰਨ ਲਈ ਘੱਟ ਕੀਮਤ ਵਾਲੇ ਵੈਂਟੀਲੇਟਰ ਵਿਕਸਤ ਕਰਨ ’ਤੇ ਕੰਮ ਕਰ ਰਹੇ ਹਨ। ਉਨਾਂ ਨੇ ਆਪਣਾ ਭਾਸ਼ਣ ਸਮਾਪਤ ਕਰਦਿਆਂ ਕਿਹਾ ਕਿ ਹਰ ਇਕ ਨੂੰ ਸਿਹਤਮੰਦ ਅਭਿਆਸ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਇੱਕ ਟੀਮ ਵਿਚ ਕੰਮ ਕਰਨਾ ਚਾਹੀਦਾ ਹੈ ਤਾਂ ਜੋ ਇਨੋਵੇਟਿਵ ਸਟਾਰਟਅੱਪ ਸਥਾਪਤ ਕੀਤਾ ਜਾ ਸਕੇ । ਅਖੀਰ ਵਿੱਚ, ਡਾ. ਮਨੀਸ਼ ਗੁਪਤਾ, ਡੀਨ, ਰਿਸਰਚ ਐਂਡ ਡਿਵੈਲਪਮੈਂਟ ਨੇ ਮਹਿਮਾਨ ਮਾਹਿਰ ਲਈ ਧੰਨਵਾਦੀ ਸ਼ਬਦ ਕਹੇ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ ਗੁਰਮੀਤ ਸਿੰਘ ਧਾਲੀਵਾਲ ਨੇ ਸੰਸਥਾ ਦੇ ਸਕੂਲ ਆਫ਼ ਇੰਟਰਪ੍ਰੀਨਿਓਰਸ਼ਿਪ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ।