ਨਵਾਂਸ਼ਹਿਰ, 20 ਅਪਰੈਲ 2020: ਜ਼ਿਲ੍ਹਾ ਮੈਜਿਸਟ੍ਰੇਟ ਸ਼ਹੀਦ ਭਗਤ ਸਿੰਘ ਨਗਰ ਸ੍ਰੀ ਵਿਨੈ ਬਬਲਾਨੀ ਨੇ ਕੋਵਿਡ-19 ਪਾਬੰਦੀਆਂ ਤੇ ਕਰਫ਼ਿਊ ਦੇ ਮੱਦੇਨਜ਼ਰ ਪ੍ਰਭਾਵਿਤ ਹੋਏ ਰੋਪੜ-ਨਵਾਂਸ਼ਹਿਰ ਚਾਰ ਮਾਰਗੀ ਨੈਸ਼ਨਲ ਹਾਈਵੇਅ ਦਾ ਨਿਰਮਾਣ ਕਾਰਜ ਸ਼ੁਰੂ ਕਰਨ ਦੀ ਸ਼ਰਤਾਂ ਸਹਿਤ ਮਨਜੂਰੀ ਦੇ ਦਿੱਤੀ ਹੈ।
ਪ੍ਰਾਜੈਕਟ ਡਾਇਰੈਕਟਰ, ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਵੱਲੋਂ ੰਦਿੱਤੀ ਗਈ ਪ੍ਰਤੀ ਬੇਨਤੀ ਨੂੰ ਮਨਜੂਰ ਕਰਦੇ ਹੋਏ ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀ ਵਿਨੈ ਬਬਲਾਨੀ ਨੇ ਨਿਰਮਾਣ ਕਾਰਜ ਜਾਰੀ ਰੱਖਣ ਲਈ ਸਾਜੋ-ਸਮਾਨ, ਵਾਹਨ ਤੇ ਲੇਬਰ ਦੀ ਇਜ਼ਾਜ਼ਤ ਇਸ ਸ਼ਰਤ ’ਤੇ ਦਿੱਤੀ ਹੈ ਕਿ ਲੇਬਰ ਸਾਈਟ ’ਤੇ ਮੌਜੂਦ ਰਹੇਗੀ ਅਤੇ ਬਾਹਰ ਤੋਂ ਨਹੀਂ ਮੰਗਵਾਈ ਜਾਵੇਗੀ।
ਇਸ ਦੇ ਨਾਲ ਹੀ ਕੋਵਿਡ-19 ਸਬੰਧੀ ਪ੍ਰੋਟੋਕਾਲ ਦੀ ਪਾਲਣਾ ਵਿੱਚ ਸੈਨੇਟਾਈਜ਼ਰ ਸੁਵਿਧਾ, ਘੱਟ ਤੋਂ ਘੱਟ ਦੋ ਮੀਟਰ ਦੀ ਦੂਰੀ, ਹਰੇਕ ਵਿਅਕਤੀ/ਲੇਬਰ ਵੱਲੋਂ ਮੂੰਹ ਤੇ ਮਾਸਕ ਲਗਾਉਣਾ ਯਕੀਨੀ ਬਣਾਇਆ ਜਾਵੇਗਾ। ਇਹ ਇਜ਼ਾਜ਼ਤ 20 ਅਪਰੈਲ ਤੋਂ ਪ੍ਰਭਾਵੀ ਮੰਨੀ ਜਾਵੇਗੀ। ਇਹ ਇਜ਼ਾਜ਼ਤ ਜ਼ਿਲ੍ਹੇ ਦੇ ਕੰਨਟੇਨਮੈਂਟ ਪਲਾਨ ਤਹਿਤ ਲਿਆਂਦੇ ਪਿੰਡਾਂ ’ਚ ਨਹੀਂ ਹੋਵੇਗੀ।
ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀ ਵਿਨੈ ਬਬਲਾਨੀ ਵੱਲੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਦੂਦ ’ਚ ਚੱਲਣ ਵਾਲੀਆਂ ਹਾਰਵੈਸਟਿੰਗ ਕੰਬਾਈਨਾਂ ਦਾ ਸਮਾਂ ਤਬਦੀਲ ਕਰਕੇ ਸਵੇਰੇ 7 ਵਜੇ ਤੋਂ ਸ਼ਾਮ 8 ਵਜੇ ਤੱਕ ਦਾ ਕਰ ਦਿੱਤਾ ਗਿਆ ਹੈ।
ਪਹਿਲਾਂ ਇਹ ਸਮਾਂ ਸਵੇਰੇ 6 ਤੋਂ ਸ਼ਾਮ 7 ਵਜੇ ਤੱਕ ਨੀਯਤ ਕੀਤਾ ਗਿਆ ਸੀ ਪਰੰਤੂ ਪੰਜਾਬ ਦੇ ਗ੍ਰਹਿ ਤੇ ਮਾਮਲੇ ਵਿਭਾਗ ਵੱਲੋਂ ਜਾਰੀ ਨਵੀਂਆਂ ਹਦਾਇਤਾਂ ਮੁਤਾਬਕ ਇਹ ਸਮਾਂ ਤਬਦੀਲ ਕਰ ਕੇ ਸਵੇਰੇ 7 ਤੋਂ ਸ਼ਾਮ 8 ਵਜੇ ਤੱਕ ਕਰ ਦਿੱਤਾ ਗਿਆ ਹੈ। ਇਹ ਹਦਾਇਤਾਂ 21 ਅਪਰੈਲ ਤੋਂ 15 ਜੂਨ ਤੱਕ ਲਾਗੂ ਰਹਿਣਗੀਆਂ।