17 ਆਰਆਰਟੀਜ਼ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ ਕਿਸਾਨਾਂ ਅਤੇ ਮਜ਼ਦੂਰਾਂ ਦੀ ਸਕਰੀਨਿੰਗ
ਮੰਡੀਆਂ ਵਿਚ ਸਮਾਜਿਕ ਦੂਰੀ ਬਾਰੇ ਜਾਗਰੂਕ ਕਰ ਰਿਹੈ ਮਾਸ ਮੀਡੀਆ ਵਿੰਗ
ਹਰਿੰਦਰ ਨਿੱਕਾ
ਬਰਨਾਲਾ, 20 ਅਪਰੈਲ 2020: ਕਰੋਨਾ ਵਾਇਰਸ ਤੋਂ ਬਚਾਅ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾਂ ਦੇ ਆਦੇਸ਼ਾਂ ਅਨੁਸਾਰ ਸਿਹਤ ਵਿਭਾਗ ਵੱਲੋਂ ਅਨਾਜ ਮੰਡੀਆਂ ਵਿਚ ਆੜ੍ਹਤੀਆਂ, ਕਿਸਾਨਾਂ ਤੇ ਮਜ਼ਦੂਰਾਂ ਦੀ ਸਕਰੀਨਿੰਗ ਮੁਹਿੰਮ ਜ਼ੋਰਾਂ ’ਤੇ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਗੁਰਿੰਦਰਬੀਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿਚ 17 ਆਰਆਰਟੀਜ਼ ਸੇਵਾਵਾਂ ਦੇਣ ਵਿਚ ਡਟੀਆਂ ਹੋਈਆਂ ਹਨ, ਜਿਨ੍ਹਾਂ ਵੱਲੋ ਬਰਨਾਲਾ ਸ਼ਹਿਰ ਤੋਂ ਇਲਾਵਾ ਸਿਹਤ ਬਲਾਕ ਤਪਾ, ਧਨੌਲਾ ਤੇ ਮਹਿਲ ਕਲਾਂ ਦੀਆਂ ਅਨਾਜ ਮੰਡੀਆਂ ਵਿਚ ਕਿਸਾਨਾਂ ਅਤੇ ਮਜ਼ਦੂਰਾਂ ਦੀ ਲਗਾਤਾਰ ਸਕਰੀਨਿੰਗ ਕੀਤੀ ਜਾ ਰਹੀ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਪਿਛਲੇ ਦਿਨੀਂ ਬਰਨਾਲਾ ਮੰਡੀ ਵਿਚ ਸਕਰੀਨਿੰਗ ਕੈਂਪ ਲਾਇਆ ਜਾ ਚੁੱਕਾ ਹੈ। ਇਸ ਤੋਂ ਇਲਾਵਾ ਤਪਾ ਬਲਾਕ ਐਸਐਮਓ ਜਸਵੀਰ ਸਿੰਘ ਔਲਖ ਦੀ ਅਗਵਾਈ ਵਿਚ 5 ਆਰਆਰਟੀਜ਼ ਵੱਲੋਂ ਅੱਜ 6 ਮੰਡੀਆਂ ਵਿਚ 209 ਵਿਅਕਤੀਆਂ ਦੀ ਜਾਂਚ ਕੀਤੀ ਗਈੇ। ਮਹਿਲ ਕਲਾਂ ਬਲਾਕ ਵਿਚ ਐਸਐਮਓ ਹਰਜਿੰਦਰ ਸਿੰਘ ਆਂਡਲੂ ਦੀ ਅਗਵਾਈ ਵਿਚ 5 ਟੀਮਾਂ ਵੱਲੋਂ 14 ਮੰਡੀਆਂ ਵਿਚ 586 ਵਿਅਕਤੀਆਂ ਦੀ ਸਕਰੀਨਿੰਗ ਕੀਤੀ ਜਾ ਚੁੱਕੀ ਹੈ। ਇਸੇ ਤਰ੍ਹਾਂ ਐਸਐਮਓ ਧਨੌਲਾ ਦੀ ਅਗਵਾਈ ’ਚ ਬਲਾਕ ਵਿਚ 6 ਆਰਆਰਟੀਜ਼ ਵੱਲੋਂ ਅੱਜ 5 ਅਨਾਜ ਮੰਡੀਆਂ ਵਿਚ 70 ਵਿਅਕਤੀਆਂ ਦੀ ਸਕਰੀਨਿੰਗ ਕੀਤੀ ਗਈ। ਇਨ੍ਹਾਂ ਰੈਪਿਡ ਰਿਸਪੌਂਸ ਟੀਮਾਂ ਵੱਲੋਂ ਲਗਾਤਾਰ ਵੱਖ ਵੱਖ ਅਨਾਜ ਮੰਡੀਆਂ ਵਿਚ ਲੇਜ਼ਰ ਮਸ਼ੀਨ ਰਾਹੀਂ ਸਬੰਧਤ ਵਿਅਕਤੀਆਂ ਦਾ ਤਾਪਮਾਨ ਚੈੱਕ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਖੰਘ, ਬੁਖਾਰ, ਜੁਕਾਮ ਆਦਿ ਦੇ ਲੱਛਣ ਪੁੱਛੇ ਅਤੇ ਚੈੱਕ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ।
ਇਸ ਦੌਰਾਨ ਜ਼ਿਲ੍ਹੇ ਵਿਚ 2 ਮੋਬਾਈਲ ਮੈਡੀਕਲ ਯੂਨਿਟ ਬੱਸਾਂ ਵਿਚ ਮਰੀਜ਼ਾਂ ਨੂੰ ਰੂਟ ਪਲਾਨ ਅਨੁਸਾਰ ਲਗਾਤਾਰ ਸਿਹਤ ਸੇਵਾਵਾਂ ਮੁਹੱਈਆ ਕਰਾ ਰਹੀਆਂ ਹਨ।