ਅਸ਼ੋਕ ਵਰਮਾ
ਬਠਿੰਡਾ, 20 ਅਪ੍ਰੈਲ 2020: ਵਿਧਾਇਕਾ ਪ੍ਰੋ ਰੁਪਿੰਦਰ ਕੌਰ ਰੂਬੀ ਨੇ ਅਨਾਜ਼ ਮੰਡੀਆਂ ਦਾ ਦੌਰਾ ਕਰਕੇ ਕਿਸਾਨ ਵੀਰਾਂ ਅਤੇ ਆੜਤੀਆਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਸੰਬੰਧਿਤ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਮੌਕੇ ਤੇ ਨਿਪਟਾਰਾ ਕੀਤਾ ਗਿਆ। ਵਿਧਾਇਕਾ ਰੂਬੀ ਨੇ ਹਲਕਾ ਬਠਿੰਡਾ ਦਿਹਾਤੀ ਦੀਆਂ ਕੋਟਸ਼ਮੀਰ, ਕੋਟਫੱਤਾ, ਬਹਿਮਣ ਦੀਵਾਨਾ ਅਤੇ ਬੱਲੂਆਣਾ ਅਨਾਜ਼ ਮੰਡੀਆਂ ਵਿਚ ਕਣਕ ਦੀ ਲਿਫਟਿੰਗ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਦੇ ਨਾਲ਼ ਹੀ ਲੇਬਰ, ਕਿਸਾਨ ਆਦਿ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਸਾਵਧਾਨੀਆਂ ਵਰਤਣ ਲਈ ਦੱਸਿਆ।
ਵਿਧਾਇਕਾ ਰੂਬੀ ਨੇ ਦੱਸਿਆ ਕਿ ਕੋਟਸ਼ਮੀਰ ਦੀ ਅਨਾਜ਼ ਮੰਡੀ ਵਿੱਚ ਸਾਫ਼ ਸਫਾਈ ਨਾ ਹੋਣ ਦੀ ਸ਼ਿਕਾਇਤ ਮਿਲੀ ਜਿਸ ਤੇ ਮਾਰਕੀਟ ਕਮੇਟੀ ਅਤੇ ਅਧਿਕਾਰੀਆਂ ਨੂੰ ਜਲਦ ਤੋਂ ਜਲਦ ਕਣਕ ਦੀ ਆਮਦ ਨੂੰ ਵੇਖਦੇ ਹੋਏ ਸਾਫ਼ ਸਫ਼ਾਈ ਕਰਵਾਉਣ ਲਈ ਕਿਹਾ ਗਿਆ। ਕਿਸਾਨਾਂ ਨੇ ਅਨਾਜ ਮੰਡੀਆਂ ਵਿੱਚ ਆਪਣੀਆਂ ਮੁਸ਼ਕਿਲਾਂ ਦੱਸਦੇ ਹੋਏ ਕਿਹਾ ਕਿ ਉਹਨਾਂ ਨੂੰ ਪ੍ਰਤੀ ਕਿਸਾਨ ਇੱਕ ਹੀ ਪਾਸ ਮਿਲ ਰਿਹਾ ਹੈ ਜਿਹੜਾ ਕਿ ਬਹੁਤ ਘੱਟ ਹੈ । ਇਸ ਨਾਲ ਕਿਸਾਨ ਨੂੰ ਜਿਆਦਾ ਦਿਨ ਮੰਡੀ ਵਿੱਚ ਲੱਗ ਰਹੇ ਹਨ ਇਸ ਲਈ ਪ੍ਰਤੀ ਕਿਸਾਨ ਲਈ ਪਾਸ ਦੀ ਗਿਣਤੀ ਵਧਾਈ ਜਾਵੇ ਤਾਂ ਜੋ ਕਿਸਾਨ ਵੀ ਮੰਡੀਆਂ ਵਿੱਚੋ ਜਲਦੀ ਵਿਹਲੇ ਹੋ ਜਾਣ।
ਉਹਨਾਂ ਕਿਹਾ ਕਿ ਜੇਕਰ ਇੱਕ ਮੰਡੀ ਵਿੱਚ 25 ਪਾਸ ਇੱਕ - ਇੱਕ ਕਰਕੇ 25 ਕਿਸਾਨਾਂ ਨੂੰ ਦਿੱਤੇ ਜਾਂਦੇ ਹਨ, ਜੇਕਰ ਇਸ ਦੀ ਜਗਾ ਉਤੇ ਇਹ 25 ਪਾਸ 5-5 ਕਰਕੇ ਪੰਜ ਕਿਸਾਨਾਂ ਨੂੰ ਦਿੱਤੇ ਜਾਣ ਨਾਲੇ ਤਾਂ ਉਹ ਕਿਸਾਨ ਜਲਦੀ ਵਿਹਲੇ ਹੋ ਜਾਣਗੇ ਅਤੇ ਨਾਲੇ ਮੰਡੀ ਵਿੱਚ 25 ਕਿਸਾਨਾਂ ਦੀ ਥਾਂ ਤੇ ਸਿਰਫ ਪੰਜ ਕਿਸਾਨ ਹੀ ਮੰਡੀ ਵਿੱਚ ਪ੍ਰਤੀ ਦਿਨ ਇਕੱਠੇ ਹੋਣਗੇ । ਇਸ ਤਰਾਂ ਕਰਨ ਨਾਲ ਹਰ ਇੱਕ ਕਿਸਾਨ ਜਲਦੀ ਆਪਣੀ ਕਣਕ ਵੇਚ ਲਾਵੇਗਾ ਅਤੇ ਮੰਡੀ ਵਿੱਚ ਇਕੱਠ ਵੀ ਨਹੀਂ ਹੋਵੇਗਾ । ਇਸੇ ਤਰਾਂ ਹੀ ਲੇਬਰ ਵਾਲੇ ਵੀ ਘੱਟ ਕੰਮ ਹੋਣ ਕਾਰਨ ਵਿਹਲੇ ਰਹਿੰਦੇ ਹਨ ਜਿਸ ਉੱਤੇ ਪ੍ਰੋ ਰੂਪਿੰਦਰ ਕੌਰ ਰੂਬੀ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੌਕੇ ਤੇ ਗੱਲ ਕਰਕੇ ਕਿਸਾਨਾਂ, ਮਜ਼ਦੂਰਾਂ ਅਤੇ ਆੜਤੀਆਂ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਕਿਹਾ। ਇਸ ਮੌਕੇ ਵਿਧਾਇਕਾ ਨੇ ਕਿਸਾਨਾਂ, ਆੜਤੀਆਂ ਅਤੇ ਮਜ਼ਦੂਰਾਂ ਨੂੰ ਇੱਕ ਦੂਜੇ ਤੋਂ ਲੋੜ ਅਨੁਸਾਰ ਦੂਰੀ ਬਣਾ ਕੇ ਰੱਖਣ ਅਤੇ ਆਪਣੇ ਹੱਥਾਂ ਨੂੰ ਸੈਨੇਟਾਈਜ਼ਰ ਕਰਨ ਲਈ ਬੇਨਤੀ ਕੀਤੀ ਤਾਂ ਜੋ ਕਰੋਨਾ ਵਾਇਰਸ ਤੋਂ ਬਚਿਆ ਜਾ ਸਕੇ ।