ਹੌਸਲਾ ਦੇਣ ਪੁੱਜੇ ਰਮਿੰਦਰ ਆਂਵਲਾ, ਖੁਦ ਵੰਡਿਆ ਲੰਗਰ
ਫਿਰੋਜ਼ਪੁਰ 21 ਅਪ੍ਰੈਲ 2020 : ਮਨੁੱਖਤਾ ਦੀ ਸੇਵਾ ਕਰਨਾ ਹੀ ਸਭ ਤੋਂ ਵੱਡੀ ਸੇਵਾ ਗਿਣੀ ਜਾਂਦੀ ਹੈ। ਪਰ ਕੋਰੋਨਾ ਵਰਗੀ ਭਿਆਨਕ ਬਿਮਾਰੀ ਜਿਸ ਤੋਂ ਖੁਦ ਬਿਮਾਰ ਹੋਣ ਦਾ ਡਰ ਹੋਵੇ, ਵਿਚ ਵੀ ਸੇਵਾ ਕਰਨਾ ਹੋਰ ਵੀ ਔਖਾ ਕਾਰਜ ਹੋ ਜਾਂਦਾ ਹੈ। ਪਰ ਅਜਿਹੇ ਵਿਚ ਵੀ ਬਹੁਤ ਸਾਰੀਆਂ ਸੰਸਥਾਵਾਂ ਸਮਾਜ ਸੇਵਾ ਵਿਚ ਜੁੱਟੀਆਂ ਹੋਈਆਂ ਹਨ।
ਅਜਿਹੀ ਹੀ ਇੱਕ ਟੀਮ ਫਿਰੋਜ਼ਪੁਰ ਦੀਆਂ ਸੰਸਥਾਵਾਂ ਦੇ ਨੌਜਵਾਨ ਦੀ ਹੈ ਜੋ ਕੋਰੋਨਾ ਵਾਇਰਸ ਦੇ ਕਾਰਨ ਬੇ ਸਹਾਰਾ ਹੋਏ ਦਿਹਾੜੀ ਮਜ਼ਦੂਰੀ ਕਰਦੇ ਪ੍ਰਵਾਸੀ ਲੋਕਾਂ ਨੂੰ ਲਗਾਤਾਰ ਪਿਛਲੇ 25 ਦਿਨਾਂ ਤੋਂ ਦੋ ਟਾਈਮ ਲੰਗਰ ਵੰਡ ਰਹੀ ਹੈ। ਇਸ ਟੀਮ ਵਿਚ ਫ਼ਿਲਮੀ ਅਦਾਕਾਰ, ਬਿਸਨੈੱਸਮੈਨ, ਸਾਬਕਾ ਫੌਜੀ, ਪੱਤਰਕਾਰ ਅਤੇ ਵੱਖ-ਵੱਖ ਰਾਜਸੀ ਪਾਰਟੀਆਂ ਨਾਲ ਜੁੜੇ ਹੋਏ ਨੌਜਵਾਨ ਸ਼ਾਮਿਲ ਹਨ। ਵੱਖ ਵੱਖ ਵਿਚਾਰਧਾਵਾਂ ਹੋਣ ਦੇ ਬਾਵਜੂਦ ਇਹ ਨੌਜਵਾਨ ਇੱਕ ਮੰਚ 'ਤੇ ਇਕੱਠੇ ਹੋਕੇ ਸੇਵਾ ਵਿਚ ਜੁਟੇ ਹੋਏ ਹਨ। ਨਿਰਥੱਕ ਸੇਵਾ ਕਰ ਰਹੇ ਇਹਨਾਂ ਨੌਜਵਾਨਾਂ ਨੂੰ ਅੱਜ ਹੌਸਲਾ ਦੇਣ ਪੁੱਜੇ ਜਲਾਲਾਬਾਦ ਦੇ ਵਿਧਾਇਕ ਰਮਿੰਦਰ ਆਂਵਲਾ ਨੇ ਵੀ ਖੁਦ ਨੌਜਵਾਨਾਂ ਨਾਲ ਲੱਗ ਕੇ ਲੰਗਰ ਵੰਡਿਆ।
ਦੱਸਣਾ ਬਣਦਾ ਹੈ ਕਿ ਗਰੀਨ ਫੀਲਡ ਰਿਜ਼ੋਰਟਸ, ਗਲੋਬਲ ਟਰੇਡਿੰਗ ਕੰਪਨੀ ਦੇ ਨੌਜਵਾਨਾਂ ਵੱਲੋਂ ਲੰਘੀ 27 ਮਾਰਚ ਤੋਂ ਲਗਾਤਾਰ ਦੋ ਟਾਈਮ ਲੰਗਰ ਵੰਡਿਆ ਜਾ ਰਿਹਾ ਹੈ। ਦੋ ਸਮੇਂ ਖਾਣਾ ਦੇਣ ਤੋਂ ਇਲਾਵਾ ਟੀਮ ਵੱਲੋਂ ਲੋੜਵੰਦਾਂ ਨੂੰ ਦੁੱਧ, ਤੇਲ ਸਾਬਣ, ਦਵਾਈਆਂ ਆਦਿ ਵੀ ਦਿੱਤੀਆਂ ਜਾ ਰਹੀਆਂ ਹਨ। ਟੀਮ ਮੈਂਬਰ ਮਨਵਿੰਦਰ ਸੰਧੂ ਮਨੀ ਨੇ ਇਸ ਮੌਕੇ ਦੱਸਿਆ ਕਿ ਉਹ ਕੁਝ ਦੋਸਤ ਰਲ ਕੇ ਬਿਨਾ ਕਿਸੇ ਸਰਕਾਰੀ ਸਹਿਯੋਗ ਦੇ ਆਪਣੇ ਬਲ ਬੂਤੇ ਤੇ ਲੰਗਰ ਸੇਵਾ ਚਲਾ ਰਹੇ ਹਨ ਪਰ ਜ਼ਿਲ੍ਹਾ ਪ੍ਰਸ਼ਾਸਨ ਦੀ ਸਰਪ੍ਰਸਤੀ ਉਹਨਾਂ ਦੇ ਨਾਲ ਹੈ। ਨੈਸ਼ਨਲ ਐਵਾਰਡੀ ਅਤੇ ਟੀ ਵੀ ਐਂਕਰ ਗੁਰਨਾਮ ਸਿੱਧੂ ਨੇ ਕਿਹਾ ਕਿ ਉਹ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੂਰੀ ਤਰ੍ਹਾਂ ਪੀ ਪੀ ਈ ਕਿੱਟਾਂ ਪਾਕੇ ਲੰਗਰ ਵੰਡਦੇ ਹਨ ਤਾਂ ਜੋ ਆਪਣੀ ਅਤੇ ਸਾਹਮਣੇ ਵਾਲੇ ਦੀ ਸੁਰੱਖਿਆ ਕਰ ਸਕੀਏ। ਫ਼ਿਲਮੀ ਅਦਾਕਾਰ ਹਰਿੰਦਰ ਭੁੱਲਰ ਨੇ ਕਿਹਾ ਕਿ ਵਾਹਿਗੁਰੂ ਦੀ ਕਿਰਪਾ ਸਦਕਾ ਉਹ ਇਸ ਨੂੰ ਕਾਰਜ ਰਹਿੰਦੀ ਮੁਸੀਬਤ ਤੱਕ ਜਾਰੀ ਰੱਖਣਗੇ।
ਫਿਰੋਜ਼ਪੁਰ ਦੀ ਇਸ ਟੀਮ ਦੀ ਹੌਸਲਾ ਅਫਜਾਈ ਕਰਨ ਲਈ ਅੱਜ ਜਲਾਲਾਬਾਦ ਦੇ ਵਿਧਾਇਕ ਰਮਿੰਦਰ ਆਂਵਲਾ ਖੁਦ ਪੁੱਜੇ ਅਤੇ ਟੀਮ ਨੂੰ ਸ਼ਾਬਾਸ਼ ਦੇਣ ਦੇ ਨਾਲ ਨਾਲ ਉਹਨਾਂ ਟੀਮ ਦੇ ਨਾਲ ਲੱਗ ਕੇ ਖੁਦ ਲੰਗਰ ਵੀ ਵੰਡਿਆ। ਇਸ ਮੌਕੇ ਬੋਲਦਿਆਂ ਵਿਧਾਇਕ ਰਮਿੰਦਰ ਆਂਵਲਾ ਨੇ ਕਿਹਾ ਕਿ ਉਹ ਬਹੁਤ ਖੁਸ਼ ਹਨ ਕਿ ਅਜਿਹੀ ਮੁਸ਼ਕਿਲ ਦੀ ਘੜੀ ਵਿਚ ਸਾਡੇ ਨੌਜਵਾਨ ਅੱਗੇ ਆਏ ਹਨ। ਉਹਨਾਂ ਕਿਹਾ ਕਿ ਜਿਥੇ ਸਰਕਾਰ ਹਰ ਗਰੀਬ ਲੋੜਵੰਦ ਦੀ ਮਦਦ ਲਈ ਦਿਨ ਰਾਤ ਇਕ ਕਰ ਰਹੀ ਹੈ ਓਥੇ ਅਜਿਹੇ ਨੌਜਵਾਨ ਪ੍ਰੇਰਨਾ ਸਰੋਤ ਹਨ। ਵਿਧਾਇਕ ਨੇ ਸਾਰੀ ਟੀਮ ਦਾ ਧੰਨਵਾਦ ਕੀਤਾ ਅਤੇ ਬਾਅਦ ਵਿੱਚ ਰਮਿੰਦਰ ਆਂਵਲਾ ਵੱਲੋਂ ਟੀਮ ਨੂੰ ਆਪਣੇ ਘਰ ਬੁਲਾ ਕੇ ਚਾਹ ਦੀ ਪਾਰਟੀ ਵੀ ਕੀਤੀ।
ਇਸ ਮੌਕੇ ਟੀਮ ਦੇ ਮੈਂਬਰ ਸਟੇਟ ਅਵਾਰਡੀ ਗੁਰਿੰਦਰ ਸਿੰਘ, ਗੁਰਭੇਜ ਸਿੰਘ ਟਿੱਬੀ, ਜਸਬੀਰ ਸਿੰਘ ਜੋਸਨ, ਅੰਗਰੇਜ ਸਿੰਘ, ਜਸ਼ਨਬੀਰ ਢਿੱਲੋਂ, ਬੱਬੂ ਸਮਰਾ, ਸੁਨੀਲ ਸ਼ਰਮਾ, ਜਰਨੈਲ ਸਿੰਘ ਸਰਪੰਚ ਹਾਜ਼ੀ ਵਾਲਾ ਆਦਿ ਹਾਜ਼ਿਰ ਸਨ।