ਮਨਿੰਦਰਜੀਤ ਸਿੱਧੂ
ਜੈਤੋ, 21 ਅਪ੍ਰੈਲ 2020 - ਬੀਤੀ ਸੋਮਵਾਰ ਸ਼ਾਮ ਆਈ ਬੇਕਿਆਸੀ ਤੇ ਬੇਮੌਸਮੀ ਬਰਸਾਤ ਨੇ ਜਿੱਥੇ ਕਿਸਾਨਾਂ ਦੇ ਸਾਹ ਸੂਤ ਕੇ ਰੱਖ ਦਿੱਤੇ ਉੱਥੇ ਮਾਰਕਿਟ ਕਮੇਟੀ ਜੈਤੋ ਦੇ ਪ੍ਰਬੰਧਾਂ ਦੇ ਘਾਟ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਕੁੱਝ ਮਿੰਟਾਂ ਦੀ ਬਰਸਾਤ ਨੇ ਪੰਜਾਬ ਸਰਕਾਰ ਦੇ ਵੱਡੇ ਵੱਡੇ ਦਾਅਵਿਆਂ ਦੀ ਫੂਕ ਕੱਢ ਦਿੱਤੀ।ਅਚਾਨਕ ਆਏ ਇਸ ਮੀਂਹ ਕਾਰਨ ਅਨਾਜ ਮੰਡੀ ਵਿੱਚ ਕਣਕ ਦੀਆਂ ਜੋ ਢੇਰੀਆਂ ਸ਼ੈੱਡਾਂ ਤੋਂ ਬਾਹਰ ਲਗਵਾਈਆਂ ਹੋਈਆਂ ਸਨ, ਪੂਰੀ ਤਰ੍ਹਾਂ ਭਿੱਜ ਗਈਆਂ।
ਮਾਰਕਿਟ ਕਮੇਟੀ ਵੱਲੋਂ ਖੁੱਲ੍ਹੇ ਆਸਮਾਨ ਹੇਠ ਪਈਆਂ ਢੇਰੀਆਂ ਨੂੰ ਮੀਂਹ ਤੋਂ ਬਚਾਉਣ ਲਈ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਕਿਸਾਨਾਂ ਦੀ ਕਈ ਕੁਇੰਟਲ ਫਸਲ ਮੀਂਹ ਦੇ ਪਾਣੀ ਵਿੱਚ ਰੁੜ੍ਹ ਗਈ। ਜੋ ਫਸਲ ਬਚ ਵੀ ਗਈ, ਉਸ ਨੂੰ ਵੇਚਣ ਲਈ ਵੀ ਉਹਨਾਂ ਕਿਸਾਨਾਂ ਨੂੰ ਕਈ ਦਿਨ ਮੰਡੀਆਂ ਵਿੱਚ ਧੱਕੇ ਖਾਣੇ ਪੈਣਗੇ ਕਿਉਂਕਿ ਫਸਲ ਵਿੱਚ ਨਮੀ ਦੀ ਮਾਤਰਾ ਵੱਧ ਗਈ ਹੈ।
ਜੈਤੋ ਦੀ ਦਾਣਾ ਮੰਡੀ ਵਿੱਚ ਤਾਂ ਕਿਸਾਨਾਂ ਨੂੰ ਬਾਰਦਾਨੇ ਦੀ ਘਾਟ ਕਾਰਨ ਪਹਿਲਾਂ ਹੀ ਕਈ ਦਿਨ ਆਪਣੀ ਫਸਲ ਵਿਕਣ ਦਾ ਇੰਤਜਾਰ ਕਰਨਾ ਪੈਂਦਾ ਹੈ। ਮੀਂਹ ਕਾਰਨ ਗਿੱਲੀ ਹੋ ਚੁੱਕੀ ਫਸਲ ਨਮੀ ਦੀ ਮਾਤਰਾ ਘਟਣ ਤੱਕ ਸਰਕਾਰੀ ਏਜੰਸੀਆਂ ਦੁਆਰਾ ਖਰੀਦੀ ਨਹੀਂ ਜਾਵੇਗੀ। ਹੋਰ ਕਿਸਾਨਾਂ ਦੁਆਰਾ ਫਸਲ ਮੰਡੀ ਵਿੱਚ ਲਿਆਂਦੀ ਜਾਵੇਗੀ ਤਾਂ ਦਾਣਾ ਮੰਡੀ ਵਿੱਚ ਇਕੱਠ ਅਤੇ ਭੀੜ ਵੱਧ ਜਾਵੇਗੀ, ਜਿਸ ਨਾਲ ਸਰਕਾਰ ਦੇ ਕੋਵਿਡ 19 ਸੰਬੰਧੀ ਸਮਾਜਿਕ ਦੂਰੀ ਬਣਾਈ ਰੱਖਣ ਦੀਆਂ ਹਦਾਇਤਾਂ ਦੀ ਪਾਲਣਾ ਨਹੀਂ ਹੋ ਸਕੇਗੀ।