ਅਸ਼ੋਕ ਵਰਮਾ
ਬਠਿੰਡਾ, 21 ਅਪ੍ਰੈਲ 2020 - ਹਰ ਸਾਲ ਅੱਗ ਲੱਗਣ ਦੀਆਂ ਘਟਨਾਵਾਂ ’ਚ ਰਾਖ ਹੁੰਦੀ ਪੁੱਤਾਂ ਦੀ ਤਰ੍ਹਾਂ ਪਾਲੀ ਕਣਕ ਦੀ ਫਸਲ ਨੂੰ ਬਚਾਉਣ ਲਈ ਮਾਲਵੇ ਦੇ ਪੇਂਡੂ ਖੇਤਰਾਂ ’ਚ ਪਿੰਡਾਂ ਦੇ ਲੋਕਾਂ ਵੱਲੋਂ ਆਪਣੇ ਪੱਧਰ ਤੇ ਮਿੰਨੀ ਫਾਇਰ ਬਿ੍ਰਗੇਡ ਬਨਵਾਉਣ ਦਾ ਰੁਝਾਨ ਵਧਿਆ ਹੈ। ਹੁਣ ਜਦੋਂ ਸਰਕਾਰਾਂ ਅੱਗ ਬੁਝਾਉਣ ਦੇ ਢੁੱਕਵੇਂ ਪ੍ਰਬੰਧ ਕਰਨ ‘ਚ ਫੇਲ ਸਾਬਤ ਹੋਈਆ ਹਨ ਤਾਂ ਲੋਕਾਂ ਨੇ ਇਹ ਪਹਿਲਕਦਮੀ ਕੀਤੀ ਹੈ। ਬਠਿੰਡਾ ਜਿਲੇ ਦੇ ਕਸਬੇ ਭਗਤਾ ਭਾਈ ’ਚ ਪਿੰਡ ਵਾਸੀਆਂ ਨੇ 6 ਹਜਾਰ ਲਿਟਰ ਪਾਣੀ ਦੀ ਸਮਰੱਥਾ ਵਾਲਾ ਟੈਂਕਰ ਤਿਆਰ ਕਰਵਾਇਆ ਹੈ। ਪਿਛਲੇ ਕੁੱਝ ਵਰਿਆਂ ਦੌਰਾਨ ਪਿੰਡ ਦੇ ਕਿਸਾਨਾਂ ਨੂੰ ਅੱਗ ਕਾਰਨ ਵੱਡਾ ਆਰਥਿਕ ਨੁਕਸਾਨ ਝੱਲਣਾ ਪਿਆ ਹੈ। ਹੁਣ ਪਿੰਡ ਵਾਸੀਆਂ ਨੇ ਆਪਣੇ ਪੱਧਰ ਤੇ ਪੈਸੇ ਇਕੱਠੇ ਕਰਕੇ ਮਿੰਨੀ ਫਾਇਰ ਬਿ੍ਰਗੇਡ ਤਿਆਰ ਕਰਵਾ ਲਿਆ ਜਿਸ ਦੀ ਦੇਖ ਰੇਖ ਭਾਈ ਬਹਿਲੋ ਸੇਵਾ ਸੁਸਾਇਟੀ ਵੱਲੋਂ ਕੀਤੀ ਜਾਂਦੀ ਹੈ। ਬੀਤੇ ਕੱਲ ਜਦੋਂ ਲਾਗਲੇ ਪਿੰਡ ਹਮੀਰਗੜ ’ਚ ਕਣਕ ਦੀ ਫਸਲ ਨੂੰ ਅੱਗ ਲੱਗ ਗਈ ਤਾਂ ਇਸ ਫਾਇਰ ਟੈਂਡਰ ਨੇ ਆਪਣੀ ਸਮਰੱਥਾ ਦਿਖਾਈ ਹੈ।
ਪਿੰਡ ਵਾਸੀ ਤੇ ਕੌਸਲਰ ਅਮਰਜੀਤ ਸਿੰਘ ਦਾ ਕਹਿਣਾ ਸੀ ਕਿ ਪਿਛਲੇ ਵਰੇ ਤਿੰਨ ਥਾਵਾਂ ਤੇ ਫਸਲ ਨੂੰ ਅੱਗ ਲੱਗਣ ਕਾਰਨ ਕਿਸਾਨਾਂ ਨੂੰ ਆਰਥਿਕ ਤੌਰ ਤੇ ਵੱਡਾ ਹਰਜਾ ਝੱਲਣਾ ਪਿਆ ਸੀ। ਉਨਾਂ ਦੱਸਿਆ ਕਿ ਇਸੇ ਤਰਾਂ ਹੀ ਆਕਲੀਆਂ ਨੂੰ ਜਾਣ ਵਾਲੀ ਸੜਕ ਤੇ ਬਿਜਲੀ ਦੀਆਂ ਤਾਰਾਂ ਡਿੱਗਣ ਕਾਰਨ ਇੱਕ ਟਰੈਕਟਰ ਸੜ ਗਿਆ ਸੀ। ਉਨਾਂ ਦੱਸਿਆ ਕਿ ਰਾਮਪੁਰਾ ਤੋਂ ਫਾਇਰ ਬਿ੍ਰਗੇਡ ਦੀਆਂ ਗੱਡੀਆਂ ਆਉਣ ਤੱਕ ਅੱਗ ਆਪਣਾ ਅਸਰ ਦਿਖਾ ਚੁੱਕੀ ਸੀ। ਉਨਾਂ ਦੱਸਿਆ ਕਿ ਇਸ ਤਰਾਂ ਦੀਆਂ ਘਟਨਾਵਾਂ ਤੋਂ ਦੁਖੀ ਹੋਕੇ ਸਰਕਾਰਾਂ ਤੋਂ ਝਾਕ ਛੱਡਦਿਆਂ ਪਿੰਡ ਵਾਸੀਆਂ ਨੇ ਆਪਣੇ ਬਲਬੂਤੇ ਤੇ ਮੋਗਾ ਤੋਂ ਮਿੰਨੀ ਫਾਇਰ ਬਿ੍ਰਗੇਡ ਹੀ ਤਿਆਰ ਕਰਵਾ ਲਿਆ ਹੈ। ਬਲਬੀਰ ਐਗਰੀਕਲਚਰ ਕਾਰਪੋਰੇਸ਼ਨ ਮੋਗਾ ਦੇ ਮਾਲਕ ਗੁਰਮੀਤ ਸਿੰਘ ਦਾ ਕਹਿਣਾ ਸੀ ਕਿ ਕਈ ਵਰਿਆਂ ਦੀ ਸਖਤ ਮਿਹਨਤ ਉਪਰੰਤ ਉਨਾਂ ਨੇ ਇੲ ਫਾਇਰ ਟੈਂਡਰ ਤਿਆਰ ਕਰਨ ’ਚ ਸਫਲਤਾ ਪਾਈ ਹੈ। ਉਨਾਂ ਦੱਸਿਆ ਕਿ ਅਸਲ ’ਚ ਹੁਣ ਕਿਸਾਨ ਨੁਕਸਾਨ ਦੇ ਮੁਕਾਬਲੇ ’ਚ ਫਾਇਦਾ ਸਮਝਣ ਲੱਗੇ ਹਨ ਜਿਸ ਕਰਕੇ ਪਿੰਡਾਂ ’ਚ ਇਨਾਂ ਟੈਕਰਾਂ ਪ੍ਰਤੀ ਰੁਚੀ ਵਧੀ ਹੈ।
ਏਦਾਂ ਦੀਆਂ ਪ੍ਰਸਥਿਤੀਆਂ ਦਾ ਸਾਹਮਣਾ ਕਰਨ ਵਾਲੇ ਮਾਨਸਾ ਜਿਲੇ ਦੇ ਪਿੰਡ ਫੱਤਾ ਮਾਲੋਕਾ ਦੇ ਨੌਜਵਾਨਾਂ ਨੇ ਵੀ ਫਾਇਰ ਬਿਗ੍ਰੇਡ ਤਿਆਰ ਕਰਵਾ ਲਈ ਹੈ। ਬਾਬਾ ਅਮਰ ਸਿੰਘ ਕਿਰਤੀ ਸਮਾਜ ਸੇਵਾ ਸੁਸਾਇਟੀ ਨੇਫੈਸਲਾ ਕੀਤਾ ਹੈ ਕਿ ਇਲਾਕੇ ’ਚ ਅੱਜ਼ਨੀ ਦੀਆਂ ਘਟਨਾਵਾਂ ਦੌਰਾਨ ਮੁਫਤ ਸੇਵਾਵਾਂ ਦਿੱਤੀਆਂ ਜਾਣਗੀਆਂ। ਪਿੰਡ ਫੱਤਾ ਮਾਲੋਕਾ ਵਾਸੀਆਂ ਵੱਲੋਂ ਬਣਵਾਈ ਸੱਤ ਹਜਾਰ ਲੀਟਰ ਪਾਣੀ ਦੀ ਸਮਰਥਾ ਵਾਲੀ ਇਹ ਫਾਇਰ ਬਿਗ੍ਰੇਡ 100 ਫੁੱਟ ਦੀ ਦੂਰੀ ਤੋਂ ਅੱਗ ’ਤੇ ਕਾਬੂ ਪਾ ਸਕਦੀ ਹੈ। ਇਸੇ ਜਿਲੇ ਦੇ ਦੇ ਪਿੰਡ ਕੁਸਲਾ ਵਾਸੀਆਂ ਦੇ ਸਹਿਯੋਗ ਨਾਲ ਕਣਕ ਦੀ ਫਸਲ ਨੂੰ ਅੱਗ ਤੋਂ ਬਚਾਉਣ ਲਈ ਖੁਦ ਫਾਇਰ ਬਿ੍ਰਗੇਡ ਤਿਆਰ ਕੀਤਾ ਹੈ। ਮਾਸਟਰ ਸਰਦੂਲ ਸਿੰਘ ਮੈਮੋਰੀਅਲ ਟਰੱਸਟ ਕੁਸਲਾ ਇਸ ਦੇ ਪ੍ਰਬੰਧਾਂ ਦੀ ਦੇਖ ਰੇਖ ਕਰਦੀ ਹੈ ਜਿਸ ਲਈ ਛੇ ਮੈਂਬਰੀ ਕਮੇਟੀ ਬਣਾਈ ਗਈ ਹੈ। ਪੰਚਾਇਤ ਵੱਲੋਂ ਪਿੰਡ ਵਾਸੀਆਂ ਤੋਂ ਫੰਡ ਇਕੱਠਾ ਕੀਤਾ ਗਿਆ ਅਤੇ ਮਲੇਰਕੋਟਲਾ ਤੋਂ 6 ਹਜਾਰ ਲਿਟਰ ਟੈਂਕੀ ਵਾਲਾ ਫਾਇਰ ਟੈਂਡਰ ਤਿਆਰ ਕਰਵਾਕੇ ਸੇਵਾ ਲਈ ਖੜਾ ਕਰ ਦਿੱਤਾ ਹੈ।
ਐੱਨਆਰਆਈ ਧੀਅ ਨੇ ਜਤਾਇਆ ਪੇਕਿਆਂ ਨਾਲ ਮੋਹ
ਬਰਨਾਲਾ ਜਿਲੇ ਦੇ ਪਿੰਡ ਦੀਵਾਨਾ ਦੀ ਕੈਨੇਡਾ ਰਹਿੰਦੀ ਧੀ ਪਰਮਜੀਤ ਕੌਰ ਨੇ ਪੇਕਿਆਂ ਦੇ ਪਿੰਡ ਲਈ ਇੱਕ ਅੱਗ ਬੁਝਾਊ ਟੈਂਕਰ ਤਿਆਰ ਕਰਵਾਉਣ ਲਈ ਪੈਸੇ ਭੇਜੇ ਸਨ ਜਿੰਨਾਂ ਨਾਂਲ ਟੈਂਕਰ ਤਿਆਰ ਕਰਵਾਇਆ ਹੈ। ਪਿੰਡ ’ਚ ਕਈ ਕਿਸਾਨਾਂ ਦੀ ਕਣਕ ਸੜ ਗਈ ਤਾਂ ਇੱਕ ਕਿਸਾਨ ਦੀ ਧੀ ਹੋਣ ਦੇ ਨਾਤੇ ਆਪਣਾ ਫਰਜ਼ ਸਮਝਦਿਆਂ ਪਰਮਜੀਤ ਕੌਰ ਵੱਲੋਂ ਇਹ ਪਹਿਲਕਦਮੀ ਕੀਤੀ ਹੈ। ਪਤਤਾ ਲੱਗਿਆ ਹੈ ਕਿ ਅੱਗ ਬੁਝਾਉਣ ਵਾਲੇ ਇਸ ਟੈਂਕਰ ਨੂੰ ਵਰਤਣ ਦੀ ਜਿੰਮੇਵਾਰੀ ਸੁਸਾਇਟੀ ਹਵਾਲੇ ਕੀਤੀ ਹੋਈ ਹੈ।
ਪਿੰਡਾਂ ਦੇ ਲੋਕ ਆਖਦੇ ਹਨ ਕਿ ਹੈਰਾਨੀ ਇਸ ਗੱਲ ਦੀ ਹੈ ਕਿ ਹਰ ਸਾਲ ਕਿਸਾਨਾਂ ਦੀ ਪੁੱਤਾਂ ਦੀ ਤਰਾਂ ਪਾਲੀ ਫਸਲ ਸੜ ਕੇ ਸੁਆਹ ਹੋ ਜਾਂਦੀ ਹੈ ਪਰ ਸਰਕਾਰ ਦਾ ਇਸ ਪਾਸੇ ਕੋਈ ਵੀ ਧਿਆਨ ਨਹੀਂ ਹੈ। ਮਾਲਵੇ ਚ ਵੱਡੀ ਗਿਣਤੀ ਕਸਬਿਆਂ ਤੇ ਸ਼ਹਿਰਾਂ ਦੀ ਇਹੋ ਹੋਣੀ ਹੈ ਜੋਕਿ ਇਸ ਹੰਗਾਮੀ ਸੇਵਾ ਤੋਂ ਵਾਂਝੀਆਂ ਹਨ। ਫਾਇਰ ਬਿ੍ਰਗੇਡ ਮੁਲਾਜਮਾਂ ਦਾ ਤਰਕ ਹੈ ਕਿ ਉਨਾਂ ਕੋਲ ਸਹੂਲਤਾਂ ਦੀ ਘਾਟ ਹੈ ਇਸ ਲਈ ਉਹ ਕੁਝ ਵੀ ਨਹੀਂ ਕਰ ਸਕਦੇ ਹਨ ।
ਲੋੜ ਕਾਢ ਦੀ ਮਾਂ: ਫਾਇਰ ਅਫਸਰ
ਫਾਇਰ ਅਫਸਰ ਮੋਗਾ ਭੁਪਿੰਦਰ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਅਸਲ ’ਚ ਇਹ ਫਾਇਰ ਟੈਂਡਰ ਲੋੜ ਚੋਂ ਨਿਕਲੀ ਹੋਈ ਕਾਢ ਹੈ। ਉਨਾਂ ਦੱਸਿਆ ਕਿ ਫਾਇਰ ਬਿ੍ਰਗੇਡ ਦੀਆਂ ਗੱਡੀਆਂ ਭਾਰੀਆਂ ਹਨ ਜੋ ਖੇਤ ਦੀ ਵੱਟ ਆਦਿ ਨਹੀਂ ਟੱਪ ਸਕਦੀਆਂ ਜਦੋਂ ਕਿ ਟਰੈਕਟਰ ਅਸਾਨੀ ਨਾਲ ਤੁਰਿਆ ਜਾਂਦਾ ਹੈ ਅਤੇ ਅੱਗ ਵੀ ਬੁਝਾਉਂਦਾ ਰਹਿੰਦਾ ਹੈ। ਉਨਾਂ ਦੱਸਿਆ ਕਿ ਇਹ ਟੈਂਕਰ ਕਣਕ ਦੀ ਅੱਗ ਦੇ ਮਾਮਲੇ ’ਚ ਵਰਦਾਨ ਹਨ ਜਿੰਨਾਂ ਨੂੰ ਪੰਚਾਇਤੀ ਤੌਰ ਤੇ ਰੱਖਿਆ ਜਾਵੇ ਤਾਂ ਹਰ ਵਰੇ ਲੱਖਾਂ ਰੁਪਏ ਦਾ ਨੁਕਸਾਨ ਰੋਕਿਆ ਜਾ ਸਕਦਾ ਹੈ।