ਅਸ਼ੋਕ ਵਰਮਾ
- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਧੰਨਵਾਦ
ਬਠਿੰਡਾ, 21 ਅਪ੍ਰੈਲ 2020 - ਨਿਰੰਕਾਰੀ ਮਿਸ਼ਨ ਵੱਲੋਂ ਸੰਤ ਨਿਰੰਕਾਰੀ ਮਿਸ਼ਨ ਦੇ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਆਦੇਸ਼ ਅਨੁਸਾਰ ਕਰੋਨਾ ਵਾਇਰਸ ਦੇ ਸੰਕਟ ਦੌਰਾਨ ਮੁੱਖ ਮੰਤਰੀ ਰਾਹਤ ਫੰਡ ’ਚ 50 ਲੱਖ ਰੁਪਏ ਦਾ ਸਹਿਯੋਗ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਸੰਤ ਨਿਰੰਕਾਰੀ ਮਿਸ਼ਨ ਪ੍ਰਧਾਨ ਮੰਤਰੀ ਰਾਹਤ ਵੰਡ ਵਿਚ ਪੰਜ ਕਰੋੜ ਰੁਪਏ ਅਤੇ ਹਰਿਆਣਾ, ਉਤਰਾਖੰਡ, ਮਹਾਂਰਾਸ਼ਟਰ ਰਾਜਾਂ ਦੇ ਮੁੱਖ ਮੰਤਰੀ ਰਾਹਤ ਫੰਡ ਵਿਚ ਪੰਜਾਹ-ਪੰਜਾਹ ਲੱਖ ਰੁਪਏ ਦਾਨ ਵਜੋਂ ਦਿੱਤੇ ਹਨ। ਮਿਸ਼ਨ ਨੇ ਦੇਸ਼ ਵਿਚਲੇ ਸੰਤ ਨਿਰੰਕਾਰੀ ਸਤਸੰਗ ਭਵਨਾਂ ਨੂੰ ਲੋੜ ਪੈਣ ਤੇ ਆਇਸੋਲੇਸ਼ਨ ਵਾਰਡ ਬਨਾਉਣ ਲਈ ਪੇਸ਼ਕਸ਼ ਕੀਤੀ ਹੈ ਜਦੋਂਕਿ ਕਈ ਥਾਵਾਂ ’ਤੇ ਨਿਰੰਕਾਰੀ ਸਤਸੰਗ ਭਵਨਾਂ ਨੂੰ ਆਇਸੋਲੇਸ਼ਨ ਵਾਰਡ ਬਣਾਇਆ ਜਾ ਚੁੱਕਾ ਹੈ।
ਸੰਤ ਨਿਰੰਕਾਰੀ ਮੰਡਲ ਜ਼ੋਨ ਬਠਿੰਡਾ ਦੇ ਜ਼ੋਨਲ ਇੰਚਾਰਜ ਐਸ.ਪੀ. ਦੁੱੱਗਲ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਕਾਰਨ ਮੁਲਕ ’ਚ ਲੌਕਡਾਉਨ ਚੱਲ ਰਿਹਾ ਹੈ ਜਦੋਂਕਿ ਪੰਜਾਬ ਵਿਚ 23 ਮਾਰਚ ਤੋਂ ਲਗਾਤਾਰ ਕਰਫਿਊ ਲੱਗਾ ਹੋਇਆ ਹੈ। ਉਨਾਂ ਦੱਸਿਆ ਕਿ ਨਤੀਜੇ ਵਜੋਂ ਲੋਕਾਂ ਦੇ ਕੰਮ-ਕਾਰ ਠੱਪ ਪਏ ਹਨ ਜਿਸ ਨੂੰ ਦੇਖਦਿਆਂ ਨਿਰੰਕਾਰੀ ਮਿਸ਼ਨ ਨੇ ਆਪਣਾ ਯੌਗਦਾਨ ਪਾਇਆ ਹੈ। ਉਨਾਂ ਦੱਸਿਆ ਕਿ ਮਨੁੱਖਤਾ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਉਣ ਲਈ ਅਤੇ ਆਮ ਜਨਤਾ ਦੀਆਂ ਸਮੱਸਿਆਵਾਂ ਦੇ ਮੱਦੇਨਜ਼ਰ ਲੋੜਵੰਦਾਂ ਦੀ ਮਦਦ ਲਈ ਨਿਰੰਕਾਰੀ ਮਿਸ਼ਨ ਦੇ ਸੇਵਾਦਾਰ ਲੋੜਵੰਦਾਂ ਦੀ ਸਹਾਇਤਾ ਵਿਚ ਲੱਗੇ ਹੋਏ ਹਨ।
ਉਨਾਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੰਤ ਨਿਰੰਕਾਰੀ ਮਿਸ਼ਨ ਦੇ ਨਾਮ ਪੱਤਰ ਜਾਰੀ ਕਰਕੇ ਵਿਸ਼ੇਸ਼ ਤੌਰ ਤੇ ਪੰਜਾਬ ਲਈ 50 ਲੱਖ ਰੁਪਏ ਰਾਹਤ ਕੋਸ਼ ਵਿਚ ਦਾਨ ਕਰਨ ਅਤੇ ਪੰਜਾਬ ਦੇ ਸੰਤ ਨਿਰੰਕਾਰੀ ਸਤਸੰਗ ਭਵਨਾਂ ਨੂੰ ਆਇਸੋਲੇਸ਼ਨ ਵਾਰਡ ਦੇ ਤੌਰ ’ਤੇ ਵਰਤਣ ਦੀ ਪੇਸ਼ਕਸ਼ ਦਾ ਧੰਨਵਾਦ ਕੀਤਾ ਹੈ। ਉਨਾਂ ਨੇ ਨਿਰੰਕਾਰੀ ਮਿਸ਼ਨ ਦੀ ਸਮਾਜ ਭਲਾਈ ਦੇ ਕੰਮਾਂ ਅਤੇ ਕਰੋਨਾ ਮਹਾਂਮਾਰੀ ਦੇ ਬਚਾਓ ਕਾਰਜਾਂ ਵਿਚ ਸਰਕਾਰ ਨੂੰ ਸਹਿਯੋਗ ਦੇਣ ਵਿਚ ਪਹਿਲਾਂ ਦੀ ਤਰਾਂ ਵੱਧ ਚੜਕੇ ਯੋਗਦਾਨ ਪਾਉਣ ਦੀ ਭਰਪੁਰ ਸਲਾਘਾ ਕੀਤੀ ਹੈ।
ਦੱਸਣਯੋਗ ਹੈ ਕਿ ਨਿਰੰਕਾਰੀ ਮਿਸ਼ਨ ਕੁਦਰਤੀ ਆਫਤਾਂ ਤੋਂ ਬਚਾਅ ਕਾਰਜ, ਖੂਨਦਾਨ ਕੈਂਪ, ਸਫ਼ਾਈ ਅਭਿਆਨ, ਰੁੱਖ ਲਗਾਉਣ ਦੀ ਮੁਹਿੰਮ, ਮੈਡੀਕਲ ਕੈਂਪ ਆਦਿ ਦੀਆਂ ਸੇਵਾਵਾਂ ਲਗਾਤਾਰ ਨਿਭਾਉਂਦਾ ਆ ਰਿਹਾ ਹੈ। ਇਸ ਸਮੇਂ ਕੋਰੋਨਾ ਮਹਾਂਮਾਰੀ ਕਾਰਨ ਲੋੜਵੰਦਾਂ ਲਈ ਲੰਗਰ, ਰਾਸ਼ਨ, ਪੀ.ਪੀ.ਈ. ਕਿੱਟਾਂ, ਸੈਨੇਟਾਈਜ਼ਰ, ਮਾਸਕ ਆਦਿ ਮੁਫ਼ਤ ਵੰਡ ਕੇ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ ਹੈ। ਸ੍ਰੀ ਦੁੱਗਲ ਨੇ ਕਿਹਾ ਕਿ ਨਿਰੰਕਾਰੀ ਮਿਸ਼ਨ ਦੇ ਸਤਿਗੁਰੂ ਦਾ ਹਮੇਸ਼ਾਂ ਹੀ ਇਹ ਸੰਦੇਸ਼ ਰਿਹਾ ਹੈ ਕਿ ’’ਮਾਨਵ ਹੋਵੇ ਮਾਨਵ ਨੂੰ ਪਿਆਰਾ, ਇਕ ਦੂਜੇ ਦਾ ਬਣੇ ਸਹਾਰਾ’’ ਇਸੇ ਭਾਵ ਨਾਲ ਸਮੂਹ ਨਿਰੰਕਾਰੀ ਸੇਵਾਦਾਰ ਸੇਵਾਵਾਂ ਨਿਭਾ ਰਹੇ ਹਨ ਜੋ ਕਿ ਅੱਗੇ ਵੀ ਜਾਰੀ ਰਹਿਣਗੀਆਂ।