ਅਸ਼ੋਕ ਵਰਮਾ
ਬਠਿੰਡਾ, 21 ਅਪ੍ਰੈਲ : ਵਧੀਕ ਜ਼ਿਲਾ ਮੈਜਿਟੇ੍ਰਟ ਬਠਿੰਡਾ ਸ਼੍ਰੀ ਰਾਜਦੀਪ ਸਿੰਘ ਬਰਾੜ ਨੇ ਧਾਰਾ 144 ਜਾਬਤਾ ਫੌਜਦਾਰੀ ਸੰਘਤਾ 1973 ਦੀ ਵਰਤੋਂ ਕਰਦਿਆਂ ਹੁਕਮ ਕਰਕੇ ਜ਼ਿਲਾ ਬਠਿੰਡਾ ਦੀ ਹਦੂਦ ਅੰਦਰ ਸ਼ਾਮ 7 ਵਜੇ ਤੋਂ ਸਵੇਰੇ 8 ਵਜੇ ਤੱਕ ਕੰਬਾਇਨਾਂ ਨਾਲ ਕਣਕ ਕੱਟਣ ’ਤੇ ਪੂਰਨ ਪਾਬੰਦੀ ਲਗਾਈ ਹੈ। ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਉਨਾਂ ਕਿਹਾ ਕਿ ਜੇਕਰ ਕੋਈ ਵੀ ਕੰਬਾਇਨ ਇਸ ਸਮੇਂ ਦੌਰਾਨ ਕਣਕ ਦੀ ਫ਼ਸਲ ਕੱਟਦੀ ਫੜੀ ਗਈ, ਤਾਂ ਉਸਨੂੰ ਤੁਰੰਤ ਜ਼ਬਤ ਕੀਤਾ ਜਾਵੇਗਾ।
ਜਾਰੀ ਹੁਕਮਾਂ ਅਨੁਸਾਰ ਵਧੀਕ ਜ਼ਿਲਾ ਮੈਜਿਸਟ੍ਰੇਟ ਨੇ ਕਿਹਾ ਕਿ ਬਠਿੰਡਾ ਜ਼ਿਲੇ ਦੀ ਹੂਦਦ ਅੰਦਰ ਕਣਕ ਦੀ ਨਾੜ, ਪਰਾਲੀ ਤੇ ਰਹਿੰਦ-ਖ਼ੂੰਹਦ ਨੂੰ ਅੱਗ ਲਗਾਉਣ ’ਤੇ ਮੁਕੰਮਲ ਤੌਰ ’ਤੇ ਪਾਬੰਦੀ ਰਹੇਗੀ। ਉਨਾਂ ਇਹ ਵੀ ਕਿਹਾ ਕਿ ਇਹ ਹੁਕਮ 30 ਮਈ 2020 ਤੱਕ ਲਾਗੂ ਰਹਿਣਗੇ।
ਉਨਾਂ ਕਿਹਾ ਕਿ ਕਣਕ ਦੀ ਫ਼ਸਲ ਕੱਟਣ ਤੋਂ ਬਾਅਦ ਲੋਕ ਖੇਤਾਂ ਵਿਚ ਪਈ ਕਣਕ ਦੀ ਨਾੜ, ਪਰਾਲੀ ਤੇ ਰਹਿੰਦ-ਖ਼ੂੰਹਦ ਆਦਿ ਨੂੰ ਅੱਗ ਲਗਾ ਦਿੰਦੇ ਹਨ ਜਿਸ ਕਾਰਨ ਜ਼ਮੀਨ ਦਾ ਉਪਯੋਗੀ ਜੀਵਕ ਮਾਦਾ (ਕੱਲੜ) ਜੋ ਕਿ ਜ਼ਮੀਨ ਲਈ ਬਹੁਤ ਲਾਭਦਾਇਕ ਹੈ, ਦਾ ਨੁਕਸਾਨ ਹੁੰਦਾ ਹੈ। ਇਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਘੱਟਦੀ ਹੈ। ਕਣਕ ਦੀ ਨਾੜ, ਪਰਾਲੀ ਤੇ ਰਹਿੰਦ-ਖ਼ੂੰਹਦ ਆਦਿ ਨੂੰ ਅੱਗ ਲਗਾਉਣ ਕਾਰਨ ਨਾਲ ਲੱਗਦੇ ਖੇਤਾਂ ’ਚ ਖੜੀ ਫ਼ਸਲ ਨੂੰ, ਗੋਦਾਮਾਂ ’ਚ ਸਟੋਰ ਕੀਤੀ ਗਈ ਫ਼ਸਲ ਨੂੰ, ਗੋਲਾ ਬਾਰੂਦ ਦੇ ਡਿੱਪੂ ਵਿਚ ਅੱਗ ਲੱਗ ਕੇ ਲੋਕਾਂ ਦਾ ਭਾਰੀ ਜਾਨੀ ਮਾਲੀ ਨੁਕਸਾਨ ਹੋਣ ਦਾ ਖ਼ਦਸਾ ਬਣਿਆ ਰਹਿੰਦਾ ਹੈ ਤੇ ਵਾਤਾਵਰਣ ਵੀ ਕਾਫ਼ੀ ਪ੍ਰਭਾਵਿਤ ਹੁੰਦਾ ਹੈ। ਹਵਾ ’ਚ ਧੂੰਏ ਨਾਲ ਪ੍ਰਦੂਸ਼ਣ ਫ਼ੈਲਦਾ ਹੈ, ਜਿਸ ਨਾਲ ਸਾਹ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ। ਇਸ ਲਈ ਕਣਕ ਦੀ ਨਾੜ, ਪਰਾਲੀ ਤੇ ਰਹਿੰਦ-ਖ਼ੂੰਹਦ ਨੂੰ ਅੱਗ ਲਗਾਉਣ ’ਤੇ ਮੁਕੰਮਲ ਤੌਰ ’ਤੇ ਪਾਬੰਦੀ ਰਹੇਗੀ।