ਅਸ਼ੋਕ ਵਰਮਾ
ਮਾਨਸਾ, 21 ਅਪ੍ਰੈਲ 2020 - ਸਿੱਖਿਆ ਵਿਭਾਗ ਵੱਲੋਂ ਮਾਂ ਬੋਲੀ ਪੰਜਾਬੀ ਦੀ ਪ੍ਰਫੁੱਲਤਾ ਅਤੇ ਵਿਦਿਆਰਥੀਆਂ ਦੀਆਂ ਸਾਹਿਤਕ ਅਤੇ ਸਭਿਆਚਾਰ ਸਰਗਰਮੀਆਂ ਨੂੰ ਉਭਾਰਨ ਲਈ ਸਿੱਖਿਆ ਸਕੱਤਰ ਕਿ੍ਰਸ਼ਨ ਕੁਮਾਰ ਨੇ ਮਾਨਸਾ ਪਜਲੇ ਦੇ ਇਸ ਸਾਹਿਤਕ ਖਜਾਨੇ ਨਾਲ ਜ਼ੂਮ ਐਪ 'ਤੇ ਮੀਟਿੰਗ ਕੀਤੀ ਹੈ। ਇਸ ਪ੍ਰੋਗਰਾਮ ਦੌਰਾਨ ਸਿੱਖਿਆ ਸਕੱਤਰ ਨੇ ਮਹਿਸੂਸ ਕੀਤਾ ਹੈ ਕਿ ਸਾਹਿਤਕ, ਸਭਿਆਚਾਰ ਦੇ ਰੂਪ ਵਿੱਚ ਜੋ ਵੱਡਾ ਖਜ਼ਾਨਾ ਸਿੱਖਿਆ ਵਿਭਾਗ ਕੋਲ ਹੈ, ਉਹ ਕਿਸੇ ਵਿਭਾਗ ਕੋਲ ਨਹੀਂ, ਪਰ ਅਸੀਂ ਕਿਸੇ ਖਾਸ ਯੋਜਨਾਬੱਧ ਤਰੀਕੇ ਨਾਲ ਇਸ ਦਾ ਫਾਇਦਾ ਨਹੀਂ ਉੁਠਾ ਸਕੇ ਹਾਂ। ਉਨਾਂ ਆਖਿਆ ਕਿ ਹੁਣ ਮਹਿਕਮਾ ਇਸ ਅਨਮੋਲ ਖਜਾਨੇ ਦਾ ਵਿਦਿਆਰਥੀਆਂ ਲਈ ਲਾਹੇਵੰਦ ਬਨਾਉਣ ਵਾਸਤੇ ਵਿਸ਼ੇਸ਼ ਯੋਜਨਾ ਬਣਾ ਰਿਹਾ ਹੈ।
ਪੰਜਾਬ ਦੇ ਸਾਰੇ ਜ਼ਿਲਿਆਂ ਨਾਲ ਜ਼ੂਮ ਐਪ ਤੇ ਚਲ ਰਹੀਆਂ ਸਾਹਿਤਕ, ਸਭਿਆਚਾਰ ਮਿਲਣੀਆਂ ਤਹਿਤ ਮਾਨਸਾ ਦੇ ਲੇਖਕਾਂ ਅਤੇ ਕਲਾਕਾਰਾਂ ਨੇ ਚੰਗਾ ਰੰਗ ਬੰਨਿਆਂ। ਸੰਚਾਲਨ ਕਰਦਿਆਂ ਡਾ: ਦਵਿੰਦਰ ਬੋਹਾ ਨੇ ਕਿਹਾ ਕਿ ਇਹ ਮੀਟਿੰਗਾਂ ਨਿਰੋਲ ਸਾਹਿਤ ਤੇ ਸੱਭਿਆਚਾਰ ਮਿਲਣੀਆ ਹਨ। ਇਸ ਵੇਲੇ ਜਦੋਂ ਸਭ ਆਪੋ ਆਪਣੇ ਘਰਾਂ ਵਿੱਚ ਹਨ ਤਾਂ ਉਦੋਂ ਇੰਟਰਨੈੱਟ ਰਾਹੀਂ ਇਹ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਮਾਨਸਾ ਜ਼ਿਲੇ ਦੇ ਕੋਆਰਡੀਨੇਟਰ ਸ਼ਾਇਰ ਗੁਰਪ੍ਰੀਤ ਨੇ ਇਸ ਪ੍ਰੋਗਰਾਮ ਦੀ ਸੁਰੂਆਤ ਕਰਦਿਆਂ ਕਿਹਾ ਕਿ ਇਸ ਅਹਿਮ ਸੰਕਟ ਦੇ ਦਿਨਾਂ ਵਿੱਚ ਸਾਹਿਤ ਮਨੁੱਖ ਨੂੰ ਮਨੁੱਖ ਦੇ ਨੇੜੇ ਲੈ ਕੇ ਆਉਂਦਾ ਹੈ। ਇਹ ਉਹ ਸਮਾਂ ਹੈ ਜਦੋਂ ਅਸੀਂ ਆਤਮ ਚਿੰਤਨ ਨਾਲ ਜੁੜ ਰਹੇ ਹਾਂ ਤੇ ਇਸ ਸੰਕਟ ਦੀ ਘੜੀ ਵਿੱਚ ਨਵੇਂ ਰਾਹ ਦੀ ਤਲਾਸ਼ ਕਰ ਰਹੇ ਹਾਂ। ਉਹਨਾਂ ਨੇ ਖ਼ੁਦ ਆਪਣੀ ਕੋਈ ਰਚਨਾ ਨਾ ਸੁਣਾ ਕੇ ਮਾਨਸਾ ਦੇ ਲੇਖਕਾਂ ਦੀ ਰਚਨਾ ਨੂੰ ਸਮਾਂ ਦਿੱਤਾ।
ਰਾਣੀ ਤੱਤ ਕਾਰਨ ਚਰਚਾ ਚ ਆਏ ਨੌਜਵਾਨ ਸ਼ਾਇਰ ਹਰਮਨਜੀਤ ਨੇ ਆਪਣੀ ਇੱਕ ਰਚਨਾ ਸਾਂਝੀ ਕਰਦਿਆਂ ਕਿਹਾ ਜਿਵੇਂ ਚੰਨ ਦਾ ਅਕਾਰ ਰੋਜ਼ ਘੱਟਦਾ ਵਧਦਾ ਹੈ। ਉਸੇ ਤਰਾਂ ਇਹ ਦਿਨ ਵੀ ਰੋਜ਼ ਨਵੀ ਅਕਾਰ ਸਾਨੂੰ ਦੇ ਕੇ ਜਾਂਦੇ ਹਨ। ਇਸ ਸਾਹਿਤਕ ਮਿਲਣੀ ਵਿੱਚ ਪਰਾਗ ਰਾਜ ਗੁਰਜੰਟ ਚਹਿਲ, ਯੋਗਤਾ ਜੋਸੀ, ਅਵਤਾਰ ਖਹਿਰਾ, ਅਵਤਾਰ ਦੋਦੜਾ, ਮਹਿੰਦਰ ਪਾਲ ਬਰੇਟਾ ਨੇ ਆਪੋ ਆਪਣੀਆਂ ਕਾਵਿ ਰਚਨਾ ਰਚਨਾਵਾਂ ਸੁਣਾਈਆਂ, ਜਦੋਂ ਕਿ ਦਰਸਨ ਸਿੰਘ ਬਰੇਟਾ ਨੇ ਮਿੰਨੀ ਕਹਾਣੀ, ਹਰਵਿੰਦਰ ਹੈਪੀ ਅਤੇ ਉੱਦਮ ਆਲਮ ਨੇ ਆਪਣੀ ਬੁਲੰਦ ਆਵਾਜ਼ ਵਿੱਚ ਗੀਤ ਸੁਣਾਕੇ ਖੂਬ ਰੰਗ ਬੰਨਿਆ ।
ਇਸ ਮਿਲਣੀ ਵਿੱਚ ਸਿੱਖਿਆ ਪ੍ਰਤੀਨਿਧ ਹਰਦੀਪ ਸਿੱਧੂ, ਰਾਜੇਸ਼ ਬੁਢਲਾਡਾ, ਬਲਜਿੰਦਰ ਜੋੜਕੀਆਂ, ਗੁਰਨੈਬ ਮਘਾਣੀਆਂ, ਪਰਮਜੀਤ ਸੈਣੀ, ਜਗਤਾਰ ਲਾਡੀ, ਡਾ: ਬੂਟਾ ਸਿੰਘ ਸੇਖੋਂ, ਅਮਨ ਮਾਨਸਾ , ਜਸਵਿੰਦਰ ਚਾਹਲ, ਗੁਰਪ੍ਰੀਤ ਕੌਰ ਚਹਿਲ ਤੇ ਹੋਰ ਬਹੁਤ ਸਾਰੇ ਲੇਖਕ ਅਧਿਆਪਕ ਸਾਮਿਲ ਹੋਏ।