ਅਸ਼ੋਕ ਵਰਮਾ
ਬਠਿੰਡਾ, 21 ਅਪਰੈਲ 2020 - ਬਠਿੰਡਾ ‘ਚ ਹੁਣ ਕਰਫਿਊ ਦੀ ਉਲੰਘਣਾ ਕਰਨ ਵਾਲੇ ਸਾਵਧਾਨ ਰਹਿਣ ਉਨਾਂ ਲਈ ਹੁਣ ਇਹ ਕੰਮ ਮਹਿੰਗਾ ਸੌਦਾ ਹੋ ਸਕਦਾ ਹੈ। ਬਠਿੰਡਾ ਪੁਲੀਸ ਹੁਣ ਇਨਾਂ ਲੋਕਾਂ ਨਾਲ ਨਜਿੱਠਣ ਲਈ ਸੜਕਾਂ ਤੇ ਉੱਤਰੀ ਹੈ। ਪੁਲੀਸ ਨੇ ਪੂਰਾ ਧਿਆਨ ਕਰਫਿਊ ਦੀ ਉਲੰਘਣਾ ਕਰਨ ਵਾਲੇ ਲੋਕਾਂ ਦੇ ਰਾਹ ਰੋਕਣ ’ਤੇ ਕੇਂਦਰਿਤ ਕਰ ਦਿੱਤਾ ਹੈ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਹਲਕੇ ਬਠਿੰਡਾ ਵਿੱਚ ਪੁਲਿਸ ਨੇ ਕੋਈ ਹਿੱਲਜੁਲ ਨਾ ਕਰਨ ਦੇਣ ਦੀ ਠਾਣੀ ਹੈ।
ਕੁੱਝ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 20 ਅਪਰੈਲ ਤੋਂ ਨਰਮੀ ਵਰਤਣ ਦੇ ਕਥਨ ਨੂੰ ਆਪਣੇ ਹਿਸਾਬ ਨਾਲ ਵਰਤਦਿਆਂ ਆਮ ਲੋਕਾਂ ਨੇ ਘਰਾਂ ਤੋਂ ਵਹੀਰਾਂ ਘੱਤ ਦਿੱਤੀਆਂ ਸਨ ਜੋਕਿ ਕਰੋਨਾ ਵਾਇਰਸੋ ਦੇ ਮੱਦੇਨਜ਼ਰ ਖਤਰਨਾਕ ਸਾਬਤ ਹੋ ਸਕਦੀਆਂ ਹਨ। ਅੱਜ ਪੁਲਿਸ ਅਧਿਕਾਰੀਆਂ ਦੇ ਆਦੇਸ਼ਾਂ ਤੇ ਪੁਲਿਸ ਨੇ ਸਖਤੀ ਸ਼ੁਰੂ ਕਰ ਦਿੱਤੀ ਹੈ। ਹਾਜੀ ਰਤਨ ਚੌਕ ’ਚ ਥਾਣਾ ਕੋਤਵਾਲੀ ਪੁਲਿਸ ਨੇ ਅਚਾਨਕ ਚੈਕਿੰਗ ਸ਼ੁਰੂ ਕਰ ਦਿੱਤੀ ਅਤੇ ਬਿਨਾਂ ਪਾਸ ਵਾਲਿਆਂ ਨੂੰ ਵਾੀਿਸ ਮੋੜਨਾ ਸ਼ੁਰੂ ਕਰ ਦਿੱਤਾ । ਹਾਲਾਂਕਿ ਲੋਕਾਂ ਨੇ ਬਹਿਸ ਮੁਬਾਸਾ ਵੀ ਕੀਤਾ ਪਰ ਪੁਲਿਸ ਅਧਿਕਾਰੀਆਂ ਨੇ ਇੱਕ ਨਾ ਸੁਣੀ।
ਪੁਲਿਸ ਪ੍ਰਸ਼ਾਸ਼ਨ ਦਾ ਕਹਿਣਾ ਹੈ ਕਿ ਲੋਕਾਂ ਦੀ ਆਮਦ ਸ਼ਹਿਰ ਦੇ ਲੋਕਾਂ ’ਤੇ ਭਾਰੂ ਪੈ ਸਕਦੀ ਹੈ। ਜ਼ਿਲਾ ਪ੍ਰਸ਼ਾਸਨ ਵੱਲੋਂ ਕਰਫਿਊ ਦੌਰਾਨ ਕੋਈ ਢਿੱਲ ਤਾਂ ਨਹੀਂ ਦਿੱਤੀ ਗਈ, ਪਰ ਲੋਕਾਂ ਨੇ ਸੜਕਾਂ ’ਤੇ ਭੀੜ ਲੱਗਾਉਣੀ ਸ਼ੁਰੂ ਕਰ ਦਿੱਤੀ ਜੋਕਿ ਚਿੰਤਾਜਨਕ ਹੈ। ਲਗਾਤਾਰ ਵਧਦੇ ਕਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਨੇ ਅਧਿਕਾਰੀਆਂ ਦੀ ਚਿੰਤਾ ਵਧਾ ਦਿੱਤੀ ਹੈ। ਪੁਲਿਸ ਅਫਸਰਾਂ ਨੇ ਆਖਿਆ ਕਿ ਜੇਕਰ ਆਵਾਜਾਈ ਜਾਰੀ ਰਹੀ ਤਾਂ ਇਸ ਦਾ ਖਾਮਿਆਜਾ ਕਰਫਿਊ ਦੌਰਾਨ ਘਰਾਂ ’ਚ ਡੱਕੇ ਲੋਕਾਂ ਨੂੰ ਭੁਗਤਣਾ ਪੈ ਸਕਦਾ ਹੈ। ਉਨਾਂ ਆਖਿਆ ਕਿ ਬਿਮਾਰ ਵਿਅਕਤੀ ਦਾ ਮਜਬੂਰਨ ਹਸਪਤਾਲ ਜਾਂ ਦਵਾਈ ਲੈਣ ਜਾਣਾ ਤਾਂ ਸਮਝ ਵਿੱਚ ਆਉਦਾ ਹੈ ਪਰ ਜੋ ਲੋਕ ਬੇਵਜਾ ਹੀ ਘਰਾਂ ਤੋਂ ਬਾਹਰ ਘੁੰਮ ਰਹੇ ਹਨ ਉਨਾਂ ਖਿਲਾਫ ਕਾਰਵਾਈ ਕੀਤੀ ਜਾਏਗੀ।
ਡਿਪਟੀ ਕਮਿਸ਼ਨਰ ਵੱਲੋਂ ਵੀ ਕਰਫਿਊ ਦੀ ਸਖਤੀ ਨਾਲ ਪਾਲਣਾ ਕਰਨ ਦੇ ਹੁਕਮ ਕੀਤੇ ਗਏ ਹਨ। ਅੱਜ ਸ਼ਹਿਰ ਵਿਚਕਾਰ ਦੀ ਲੰਘਦੇ ਕੌਮੀ ਸੜਕ ਮਾਗ ਤੇ ਤਾਂ ਕਰਫ਼ਿਊ ਵਰਗਾ ਕੁਝ ਲੱਗਦਾ ਹੀ ਨਹੀਂ ਦੇਖਣ ’ਚ ਆਇਆ ਹੈ । ਅਜਿਹੇ ਵਕਤ ਸਮਾਜਿਕ ਦੂਰੀ ਅਤੇ ਮਾਸਕ ਦੀ ਵਰਤੋਂ ਦੇ ਨਿਯਮਾਂ ਤੋਂ ਲੋਕਾਂ ਦਾ ਪ੍ਰਹੇਜ਼ ਚਿੰਤਤ ਕਰਦਾ ਹੈ। ਉਂਜ ਵੀ ਸਵੇਰ ਸਮੇਂ ਸੜਕਾਂ ’ਤੇ ਪੁਲੀਸ ਨਫ਼ਰੀ ਘੱਟ ਹੁੰਦੀ ਹੈ। ਲੋਕਾਂ ਦਾ ਹੀ ਕਹਿਣਾ ਹੈ ਕਿ ਪੁਲੀਸ ਮੁਲਾਜ਼ਮ ਅਤੇ ਗਸ਼ਤ ਕਰ ਰਹੀਆਂ ਟੀਮਾਂ ਤੋਰੇ-ਫੇਰੇ ਵਾਲਿਆਂ ਦੀ ਪੁੱਛਗਿਛ ਕਰਨ ਲੱਗੀਆਂ ਹਨ ਇਹ ਚੰਗਾ ਸ਼ਗਨ ਹੈ।
ਜ਼ਿਲਾ ਪੁਲੀਸ ਹੁਣ ਇਨਾਂ ਹੁਕਮਾਂ ਤੇ ਪਹਿਰਾ ਦੇਣ ਲਈ ਸੜਕਾਂ ਤੇ ਡੇਰੇ ਜਮਾ ਕੇ ਬੈਠ ਗਈ ਹੈ। ਸੜਕਾਂ ਤੇ ਮੋਟਰਸਾਈਕਲਾਂ ’ਤੇ ਹਰਲ ਹਰਲ ਕਰਦੇ ਰਹਿਣ ਵਾਲੇ ਲੋਕਾਂ ਨੂੰ ਪੁਲੀਸ ਦੇ ਬੈਰੀਕੇਡਾਂ ਤੋਂ ਜ਼ਿਆਦਾ ਪ੍ਰੇਸ਼ਾਨੀ ਹੋ ਰਹੀ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਸੀ ਕਿ ਜੇ ਬਠਿੰਡਾ ਪੁਲੀਸ ਏਹੀ ਕਰੋਨਾ ਵਾਇਰਸ ਤੋਂ ਰਾਖੀ ਲਈ ਆਮ ਲੋਕਾਂ ਦੀ ਸੁਰੱਖਿਆ ਅਤੇ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ’ਤੇ ਲਾਈ ਰੱਖੇ ਤਾਂ ਲੋਕਾਂ ਨੂੰ ਮਹਾਂਮਾਰੀ ਤੋਂ ਰਾਹਤ ਮਿਲੀ ਰਹਿ ਸਕਦੀ ਹੈ।
ਕਰਫਿਊ ਦੀ ਉਲੰਘਣਾ ਨਹੀਂ
ਡੀਐਸਪੀ ਗੁਰਜੀਤ ਸਿੰਘ ਰੋਮਾਣਾ ਦਾ ਕਹਿਣਾ ਸੀ ਕਿ ਬਠਿੰਡਾ ਜਿਲੇ ਵਿੱਚ ਡਿਪਟੀ ਕਮਿਸ਼ਨਰ ਵੱਲੋਂ ਕਰਫਿਊ ਜਾਂ ਹੋਰ ਪਾਬੰੰਦੀਆਂ ’ਚ ਕੋਈ ਛੋਟ ਨਹੀਂ ਦਿੱਤੀ ਗਈ ਹੈ। ਉਨਾਂ ਆਖਿਆ ਕਿ ਇਸ ਨੂੰ ਦੇਖਦਿਆਂ ਲੋਕ: ਨੂੰ ਘਰੋ ਘਰੀ ਰਹਿਣਾ ਚਾਹੀਦਾ ਹੈ। ਉਨਾਂ ਆਖਿਆ ਕਿ ਖੇਤੀ ਕਾਰਜਾਂ ਜਾਂ ਹੋਰ ਛੋਟ ਪ੍ਰਾਪਤ ਸੇਵਾਵਾਂ ਵਾਲੇ ਹੀ ਆ ਜਾ ਸਕਦੇ ਹਨ ਹੋਰ ਕਿਸੇ ਨੂੰ ਵੀ ਬਿਨਾਂ ਮਤਲਬ ਘੁੰਮਣ ਦੀ ਆਗਿਆ ਨਹੀਂ ਦਿੱਤੀ ਸ੍ਰੀ ਰੋਮਾਣਾ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਰੋਨਾ ਵਾਇਰਸ ਤੋਂ ਬਚਾਅ ਲਈ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਨ ਕਿਉਕਿ ਇਹ ਖਤਰਨਾਕ ਬਿਮਾਰੀ ਇੱਕ ਤੋਂ ਦੂਸਰੇ ਨੂੰ ਫੈਲ ਸਕਦੀ ਹੇ।