- ਅਪ੍ਰੈਲ 2018 ਤੋਂ ਮੰਗੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਦੇ ਕੇਸਾਂ ਦੇ ਆਰਡਰ ਜਾਰੀ ਕਰਨ ਦੀ ਕੀਤੀ ਮੰਗ
ਫਿਰੋਜ਼ਪੁਰ 21 ਅਪ੍ਰੈਲ 2020 : ਪੰਜਾਬ ਪਬਲਿਕ ਸਰਵਿਸ ਕਮਿਸ਼ਨ, ਪੰਜਾਬ ਵਲੋਂ ਸਿੱਖਿਆ ਵਿਭਾਗ ਦੀ ਸਿੱਧੀ ਭਰਤੀ ਦੀਆਂ ਹੈਡ ਮਾਸਟਰ, ਪ੍ਰਿੰਸੀਪਲ ਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਦੀ ਪੋਸਟਾਂ ਨਿਕਲੀਆਂ ਹਨ। ਇਨ੍ਹਾਂ ਪੋਸਟਾਂ ਨੂੰ ਅਪਲਾਈ ਕਰਨ ਦੀ ਆਖਰੀ ਤਰੀਕ 30 ਅਪ੍ਰੈਲ 2020 ਹੈ। ਪਰ ਲਾਕਡਾਊਨ ਹੋਣ ਕਾਰਨ ਅਧਿਆਪਕਾਂ ਨੂੰ ਇਨ੍ਹਾਂ ਪੋਸਟਾਂ ਨੂੰ ਭਰਨ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਹੋਰ ਵੀ ਕਈ ਕਮੀਆਂ ਨੂੰ ਦੂਰ ਕਰਨ ਲਈ ਅਧਿਆਪਕਾਂ ਨੇ ਮੁੱਖ ਮੰਤਰੀ, ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਸਬੰਧੀ ਬੇਨਤੀ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਨੀਰਜ ਯਾਦਵ ਫਿਰੋਜ਼ਪੁਰ , ਜਗਦੀਪ ਸਿੰਘ ਜੌਹਲ ਲੁਧਿਆਣਾ , ਜਗਮੇਲ ਸਿੰਘ ਬਠਿੰਡਾ, ਨਿਸ਼ਾਤ ਅਗਰਵਾਲ ਫਾਜਿਲਕਾ, ਹਰਿੰਦਰ ਸਿੰਘ ਬਰਨਾਲਾ, ਸਵਰਨਜੀਤ ਕੌਰ ਅਮ੍ਰਿਤਸਰ, ਭੁਪਿੰਦਰ ਸਿੰਘ ਜੀਰਾ, ਸੰਜੀਵ ਹਾਂਡਾ ਫਿਰੋਜ਼ਪੁਰ, ਕਮਲਦੀਪ ਸਿੰਘ ਬਰਨਾਲਾ, ਰਾਜੇਸ਼ ਕੁਮਾਰ ਫਿਰੋਜ਼ਪੁਰ, ਭੁਪਿੰਦਰ ਕੌਰ ਬਰਨਾਲਾ ਅਧਿਆਪਕਾਂ ਨੇ ਕਿਹਾ ਕਿ ਉਨ੍ਹਾਂ ਈਮੇਲ ਕਰਕੇ ਲਾਕਡਾਊਨ ਨੂੰ ਧਿਆਨ ਵਿਚ ਰੱਖਦੇ ਹੋਏ ਇਨ੍ਹਾਂ ਪੋਸਟਾਂ ਨੂੰ ਅਪਲਾਈ ਕਰਨ ਦੀ ਤਰੀਕ ਵਿਚ ਵਾਧਾ ਕਰਨ, ਫੀਸ ਭਰਨ ਲਈ ਅੱਨਲਾਈਨ ਅੱਪਸਨ ਦੇਣ, ਇਨ੍ਹਾਂ ਪੋਸਟਾਂ ਲਈ ਵਿੱਦਿਅਕ ਯੋਗਤਾ ਵਿਚ ਰੱਖੀ ਪਾਸ ਪ੍ਰਤੀਸ਼ਤ ਦੀ ਸ਼ਰਤ ਨੂੰ ਖਤਮ ਕਰਨ ਜਾਂ ਬੀ. ਏ. ਵਿਚ 50 % ਜਨਰਲ ਕੈਟਾਗਰੀ ਲਈ ਅਤੇ 45% ਰਿਜਰਵ ਕੈਟਾਗਰੀ ਲਈ ਕਰਨ, ਉਮਰ ਹੱਦ ਦੀ ਸ਼ਰਤ ਨੂੰ ਖਤਮ ਕਰਨ, ਅੱਤਵਾਦ ਪੀੜਿਤ /1984 ਦੰਗਾ ਪੀੜਤਾਂ ਨੂੰ ਇਹਨਾਂ ਪੋਸਟਾਂ ਵਿੱਚ 2 ਪ੍ਰਤੀਸ਼ਤ ਰਾਖਵਾਂਕਰਨ ਦੇਣ ਦੀ ਬੇਨਤੀ ਕੀਤੀ ਹੈ।
ਇਸ ਦੇ ਨਾਲ ਹੀ ਉਨ੍ਹਾਂ ਮੁੱਖ ਮੰਤਰੀ, ਪੰਜਾਬ ਨੂੰ ਦੱਸਿਆ ਹੈ ਕਿ ਸਿੱਖਿਆ ਵਿਭਾਗ ਵਲੋਂ 50% ਦੇ ਹਿਸਾਬ ਨਾਲ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਦੀਆਂ ਸਿੱਧੀ ਭਰਤੀ ਦੀ ਪੋਸਟਾਂ ਪਹਿਲਾਂ ਵੀ ਭਰੀਆਂ ਜਾ ਚੁੱਕਿਆ ਹਨ ਅਤੇ ਵਿਭਾਗ ਨੇ ਲਗਭਗ 2 ਸਾਲ ਪਹਿਲਾਂ ਦੇ ਵਿਭਾਗੀ ਪ੍ਰਮੋਸ਼ਨਾ ਲਈ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਲਈ ਕੇਸ ਮੰਗਵਾਕੇ ਰੱਖੇ ਹੋਏ ਹਨ। ਉਨ੍ਹਾਂ ਮੁੱਖ ਮੰਤਰੀ, ਪੰਜਾਬ ਤੋਂ ਇਹ ਆਰਡਰ ਜਾਰੀ ਕਰਵਾਉਣ ਦੀ ਮੰਗ ਵੀ ਕੀਤੀ ਹੈ। 2001 ਤੇ 2002 ਵਾਲੇ ਪੰਜਾਬੀ, ਹਿੰਦੀ ਅਤੇ ਸਮਾਜਿਕ ਸਿੱਖਿਆ ਵਿਸ਼ੇ ਦੇ ਅਧਿਆਪਕ ਅਜੇ ਤੱਕ ਆਪਣੀ ਬੀ. ਐਡ ਦੀ ਵਿਭਾਗੀ ਪ੍ਰਮੋਸ਼ਨਾ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਦੀਆਂ ਪ੍ਰਮੋਸ਼ਨਾ ਕਰਵਾਉਣ ਅਤੇ ਪ੍ਮੋਸ਼ਨਾਂ ਕਰਦੇ ਸਮੇਂ ਉਡੀਕ ਸੂਚੀ ਤਿਆਰ ਕਰਵਾਉਣ ਦੀ ਮੰਗ ਵੀ ਕੀਤੀ ਹੈ। ਅਧਿਆਪਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਸਿੱਖਿਆ ਮੰਤਰੀ, ਪੰਜਾਬ, ਚੇਅਰਮੈਨ /ਸਕੱਤਰ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਅਤੇ ਸਿੱਖਿਆ ਸਕੱਤਰ, ਪੰਜਾਬ ਨੂੰ ਵੀ ਬੇਨਤੀ ਪੱਤਰ ਭੇਜੇ ਹਨ ਅਤੇ ਉਨ੍ਹਾਂ ਨੂੰ ਪੁਰੀ ਉਮੀਦ ਹੈ ਕਿ ਮੁੱਖ ਮੰਤਰੀ, ਪੰਜਾਬ ਉਨ੍ਹਾਂ ਦੀ ਬੇਨਤੀ ਤੇ ਗੌਰ ਕਰਕੇ ਜਲਦ ਹੀ ਅਧਿਆਪਕਾਂ ਨੂੰ ਰਾਹਤ ਪ੍ਰਦਾਨ ਕਰਨਗੇ।