ਅਸ਼ੋਕ ਵਰਮਾ
ਬਠਿੰਡਾ, 22 ਅਪ੍ਰੈਲ 2020 - ਜ਼ਿਲ੍ਹਾ ਮੈਜਿਸਟ੍ਰੇਟ ਬੀ ਸ੍ਰੀ ਨਿਵਾਸਨ ਨੇ ਹੁਕਮ ਜਾਰੀ ਕੀਤਾ ਹੈ ਕਿ ਜੋ ਲੋਕ ਜ਼ਿਲ੍ਹੇ ਦੇ ਬਾਹਰ ਤੋਂ ਆ ਰਹੇ ਹਨ ਉਨ੍ਹਾਂ ਨੂੰ ਕੇਵਲ ਈ ਪਾਸ ਦੇ ਅਧਾਰ ਤੇ ਹੀ ਜ਼ਿਲ੍ਹੇ ਵਿਚ ਦਾਖਲ ਹੋਣ ਦਿੱਤਾ ਜਾਵੇਗਾ ਅਤੇ ਜੋ ਲੋਕ ਈ ਪਾਸ ਨਾਲ ਜ਼ਿਲ੍ਹੇ ਦੇ ਬਾਹਰ ਤੋਂ ਆਉਣਗੇ ਉਨ੍ਹਾਂ ਨੂੰ 15 ਦਿਨ ਲਈ ਆਪਣੇ ਘਰ ਵਿਚ ਹੀ ਇਕਾਂਤਵਾਸ ਕਰਨਾ ਪਵੇਗਾ। ਉਨ੍ਹਾਂ ਨੇ ਕਿਹਾ ਕਿ ਬਾਹਰ ਤੋਂ ਆਉਣ ਵਾਲੇ ਲੋਕਾਂ ਦੀ ਸਿਹਤ ਸਥਿਤੀ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ ਇਸ ਲਈ ਇਹ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਨੇ ਲੋਕਾਂ ਨੂੰ ਵੀ ਇਸ ਲਈ ਸਹਿਯੋਗ ਦੀ ਅਪੀਲ ਕੀਤੀ ਤਾਂ ਜੋ ਜ਼ਿਲ੍ਹੇ ਨੂੰ ਕੋਰੋਨਾ ਤੋਂ ਮੁਕਤ ਰੱਖਿਆ ਜਾ ਸਕੇ। ਉਨ੍ਹਾਂ ਨੇ ਇਸ ਸਬੰਧੀ ਸਮੂਹ ਵਿਸੇਸ਼ ਕਾਰਜਕਾਰੀ ਮੈਜਿਸਟ੍ਰੇਟਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਆਪਣੇ ਇਲਾਕੇ ਵਿਚ ਇੰਨ੍ਹਾਂ ਹੁਕਮਾਂ ਦੀ ਪਾਲਣਾ ਯਕੀਨੀ ਬਣਾਉਣ।
ਇਸ ਤੋਂ ਬਿਨ੍ਹਾਂ ਜ਼ਿਲ੍ਹਾ ਮੈਜਿਸਟ੍ਰੇਟ ਨੇ ਕਰਫਿਊ ਵਿਚ ਸਹਿਯੋਗ ਲਈ ਜ਼ਿਲ੍ਹਾ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਉਹ ਇਸੇ ਤਰਾਂ ਸਵੈ ਜਾਬਤੇ ਨਾਲ ਕਰਫਿਊ ਦਾ ਪਾਲਣ ਕਰਦੇ ਰਹਿਣ ਤਾਂ ਜੋ ਜ਼ਿਲ੍ਹੇ ਵਿਚ ਕੋਰੋਨਾ ਦਾ ਦਾਖਲਾ ਰੋਕਿਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਲੋੜਵੰਦ ਲੋਕਾਂ ਦੀ ਮਦਦ ਕਰਨ ਦੇ ਨਾਲ ਨਾਲ ਜਰੂਰੀ ਵਸਤਾਂ ਦੀ ਸਪਲਾਈ ਵੀ ਯਕੀਨੀ ਬਣਾਈ ਜਾ ਰਹੀ ਹੈ।