ਫਿਰੋਜ਼ਪੁਰ, 22 ਅਪ੍ਰੈਲ 2020 : ਸਿੱਖਿਆ ਦੇ ਖੇਤਰ ਵਿਚ ਹਰ ਸਾਲ ਹੀ ਜ਼ਿਲ੍ਹਾ ਫਿਰੋਜ਼ਪੁਰ ਨੇ ਵੱਡੀਆਂ ਮੱਲਾਂ ਮਾਰੀਆਂ ਹਨ। ਭਾਵੇਂ ਉਹ ਪੜੋ ਪੰਜਾਬ ਦੀ ਗੱਲ ਹੋਵੇ, ਵਿੱਦਿਅਕ ਮੁਕਾਬਲਿਆਂ ਦੀ ਜਾਂ ਫਿਰ ਸਕੂਲੀ ਖੇਡਾਂ ਦੀ ਫਿਰੋਜ਼ਪੁਰ ਜ਼ਿਲ੍ਹੇ ਨੇ ਹਮੇਸ਼ਾ ਹੀ ਵਧੀਆ ਕਾਰਗੁਜ਼ਾਰੀ ਕੀਤੀ ਹੈ। ਇਨ੍ਹਾਂ ਸਾਰੀਆਂ ਪ੍ਰਾਪਤੀਆਂ ਦਾ ਸਿਹਰਾ ਅਣਥੱਕ ਅਤੇ ਮਿਹਨਤੀ ਅਧਿਆਪਕਾਂ ਸਿਰ ਜਾਂਦਾ ਹੈ। ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਧਿਆਪਕਾਂ ਨੇ ਅਣਥੱਕ ਮਿਹਨਤ ਕਰਕੇ ਨਵੇਂ ਕੀਰਤੀਮਾਨ ਸਥਾਪਿਤ ਕੀਤੇ ਹਨ।
ਅਧਿਆਪਕਾਂ ਵੱਲੋਂ ਕੀਤੀ ਇਸ ਮਿਹਨਤ ਨੂੰ ਸਿੱਖਿਆ ਸਕੱਤਰ ਨੇ ਹਮੇਸ਼ਾ ਮਾਨ ਸਨਮਾਨ ਦੇ ਕੇ ਨਿਵਾਜਿਆ ਹੈ। ਇਸੇ ਲੜੀ ਤਹਿਤ ਸਿੱਖਿਆ ਸਕੱਤਰ ਵੱਲੋਂ ਸੈਸ਼ਨ 2018-19 ਤਹਿਤ ਦੱਸਵੀਂ ਜਮਾਤ ਵਿਚੋਂ ਚੰਗੇ ਨਤੀਜਿਆਂ ਵਾਲੇ ਸਕੂਲਾਂ ਨੂੰ ਆਨ ਲਾਈਨ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਸਰਟੀਫਿਕੇਟ ਜ਼ਿਲ੍ਹੇ ਦੇ 30 ਸਕੂਲਾਂ ਨੂੰ ਭੇਜੇ ਗਏ। ਸਿੱਖਿਆ ਸਕੱਤਰ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋ ਸ਼ੈਸਨ 2018-19 ਦੌਰਾਨ ਆਯੋਜਿਤ ਕੀਤੀਆਂ ਬੋਰਡ ਪ੍ਰੀਖਿਆਵਾਂ ਵਿਚ ਚੰਗੇ ਸਕੂਲਾਂ ਦੀ ਵਧੀਆ ਕਾਰਗੁਜ਼ਾਰੀ ਨੂੰ ਵੇਖਦੇ ਹੋਏ ਸਨਮਾਨਿਤ ਕੀਤਾ ਗਿਆ।
ਸਿੱਖਿਆ ਸਕੱਤਰ ਨੇ ਇਸ ਗੱਲ ਦਾ ਪ੍ਰਗਟਾਵਾ ਕੀਤਾ ਕਿ ਸਾਨੂੰ ਇਹ ਜਾਣਕੇ ਬਹੁਤ ਖੁਸ਼ੀ ਹੋਏਗੀ ਕਿ ਤੁਸੀਂ ਆਪਣੇ ਸਕੂਲਾਂ ਦੇ ਸਮੂਹ ਅਧਿਆਪਕਾਂ ਅਤੇ ਕਰਮਚਾਰੀਆਂ ਨਾਲ ਮਿਲ ਕੇ ਸਿੱਖਿਆ ਦੇ ਖੇਤਰ ਵਿਚ ਵੱਡਮੁੱਲਾ ਯੋਗਦਾਨ ਪਾਇਆ ਹੈ। ਤੁਹਾਡੀ ਅਣਥੱਕ ਮਿਹਨਤ, ਬਿਹਤਰ ਯੋਜਨਾ ਬੰਦੀ ਅਤੇ ਕਾਬਲੀਅਤ ਸਦਕਾ ਤੁਹਾਡੇ ਸਕੂਲਾਂ ਨੇ ਨਤੀਜੇ ਸ਼ਾਨਦਾਰ ਰਹੇ।