ਪਟਿਆਲਾ, 22 ਅਪ੍ਰੈਲ 2020 - ਮਨਦੀਪ ਸਿੰਘ ਸਿੱਧੂ, ਐਸ.ਐਸ.ਪੀ ਪਟਿਆਲਾ ਵੱਲੋ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲੱਗੇ ਕਰਫਿਊ ਦੌਰਾਨ ਆਪਣੇ ਦਾਦਾ ਜੀ ਸਵ: ਸ: ਕੇਹਰ ਸਿੰਘ (ਉੱਘੇ ਸੁਤੰਤਰਤਾ ਸੰਗਰਾਮੀ) ਦੀ ਯਾਦ ਵਿੱਚ ਆਪਣੇ ਪਰਿਵਾਰ ਵੱਲੋਂ 2500 ਪੈਕੇਟ ਸੁੱਕਾ ਰਾਸ਼ਨ ਜਿਸ ਵਿੱਚ (ਆਟਾ, ਚਾਵਲ, ਚੀਨੀ, ਘਿਓ, ਦਾਲਾਂ, ਨਮਕ ਆਦਿ) ਪਟਿਆਲਾ ਦੇ ਸਾਰੇ ਥਾਣਿਆਂ/ਚੌਕੀਆਂ ਵਿੱਚ ਭੇਜਿਆ ਜਾ ਰਿਹਾ ਹੈ। ਇਸ ਰਾਸ਼ਨ ਨਾਲ ਕਰੀਬ 10,000 ਵਿਅਕਤੀ ਇਕ ਹਫਤੇ ਤੱਕ ਆਪਣਾ ਗੁਜਾਰਾ ਕਰ ਸਕਦੇ ਹਨ।
ਕੋਰੋਨਾ ਦੀ ਇਹ ਮਾਂਹਮਾਰੀ ਕਿਸੇ ਇਕ ਧਰਮ/ਫਿਰਕੇ ਦੀ ਨਹੀ ਹੈ, ਇਸ ਨੇ ਪੂਰੇ ਵਿਸ਼ਵ ਨੂੰ ਹੀ ਆਪਣੀ ਚਪੇਟ ਵਿੱਚ ਲੈ ਰੱਖਿਆ ਹੈ। ਇਸ ਲਈ ਧਰਮ ਦੀ ਇੱਕਜੁਟਤਾ ਦਾ ਸੰਦੇਸ਼ ਦਿੰਦਿਆ, ਇੰਨ੍ਹਾਂ ਰਾਸ਼ਨ ਦੇ ਪੈਕੇਟਾਂ ਨੂੰ ਸਾਰੇ ਧਰਮਾਂ ਦੇ ਪ੍ਰਚਾਰਕਾਂ ਦੀ ਹਾਜਰੀ ਵਿੱਚ ਰਵਾਨਾ ਕੀਤਾ ਗਿਆ। ਇਸ ਦੇ ਨਾਲ ਹੀ ਸਾਡੇ ਸਫਾਈ ਸੇਵਕ/ਦਰਜਾ ਚਾਰ ਕਰਮਚਾਰੀ, ਇਸ ਮਾਂਹਮਾਰੀ ਦੀ ਲੜਾਈ ਵਿੱਚ ਆਪਣਾ ਇਕ ਅਹਿਮ ਯੋਗਦਾਨ ਲਗਾਤਾਰ ਦੇ ਰਹੇ ਹਨ, ਸੋ ਇਹ ਰਾਸ਼ਨ ਦੇ ਪੈਕੇਟਾਂ ਨਾਲ ਲੱਦੀਆਂ ਗੱਡੀਆਂ ਨੂੰ ਹਰੀ ਝੰਡੀ ਸਫਾਈ ਸੇਵਕ ਵੱਲੋ ਦਿੱਤੀ ਗਈ।
ਭਾਂਵੇ ਕਿ ਪੰਜਾਬ ਸਰਕਾਰ ਵੱਲੋ ਸਿਵਲ ਪ੍ਰਸ਼ਾਸ਼ਨ ਦੇ ਸਬੰਧਤ ਵਿਭਾਗਾਂ ਰਾਂਹੀ ਲੋੜਵੰਦ/ਜਰੂਰਤਮੰਦਾ ਨੂੰ ਰਾਸ਼ਨ ਵੰਡਿਆ ਹੀ ਜਾ ਰਿਹਾ ਹੈ ਪਰੰਤੁ ਫਿਰ ਵੀ ਜੇਕਰ ਪੈਟਰੋਲਿੰਗ ਕਰਦਿਆਂ ਜਾਂ ਨਾਕੇ ਆਦਿ ਪਰ ਕਿਸੇ ਵੀ ਪੁਲਿਸ ਅਧਿਕਾਰੀ/ਕਰਮਚਾਰੀ ਦੇ ਇਹ ਧਿਆਨ ਵਿੱਚ ਆਉਂਦਾ ਹੈ ਕਿ ਸੱਚਮੁੱਚ ਹੀ ਕੋਈ ਲੋੜਵੰਦ ਵਿਅਕਤੀ ਰਾਸ਼ਨ ਪੱਖੋ ਵਿਹੂਣਾ ਰਹਿ ਗਿਆ ਹੈ ਤਾਂ ਇਹ ਸੁੱਕੇ ਰਾਸਨ ਦਾ ਪੈਕੇਟ ਉਸ ਜਰੂਰਤਮੰਦ ਨੂੰ ਮੁਹੱਈਆ ਕਰਵਾਇਆ ਜਾਵੇਗਾ।
ਸਰਕਲ ਅਫਸਰ, ਐਸ.ਐਚ.ਓ ਅਤੇ ਚੌਕੀ ਇੰਚਾਰਜ ਆਪਣੀਆਂ ਸਰਕਾਰੀ ਗੱਡੀਆਂ ਵਿੱਚ ਰੋਜਾਨਾ ਕੁੱਝ ਕੁ ਪੈਕੇਟ ਰੱਖਿਆ ਕਰਨਗੇ ਤਾਂ ਕਿ ਜਦੋ ਵੀ ਕੋਈ ਜਰੂਰਤਮੰਦ, ਉਨ੍ਹਾਂ ਦੇ ਧਿਆਨ ਵਿੱਚ ਆਉਂਦਾ ਹੈ ਤਾਂ ਉਸ ਨੂੰ ਇਹ ਰਾਸਨ ਕਿੱਟ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਸਬੰਧਤ ਅਫਸਰਾਂ ਨੂੰ ਇਹ ਖਾਸ ਹਦਾਇਤ ਕੀਤੀ ਗਈ ਹੈ ਕਿ, ਜਦੋ ਵੀ ਇਹ ਰਾਸ਼ਨ ਦੇ ਪੈਕੇਟ ਵੰਡੇ ਜਾਣ ਤਾਂ ਸ਼ੋਸ਼ਲ ਡਿਸਟੈਂਸਿੰਗ ਦਾ ਖਾਸ ਧਿਆਨ ਰੱਖਿਆ ਜਾਵੇ ਅਤੇ ਰਾਸ਼ਨ ਵੰਡਣ ਵਾਲੇ ਮੁਲਾਜਮਾਂ ਦੇ ਮਾਸਕ/ਗਲਵਜ ਜਰੂਰ ਪਾਏ ਹੋਣ।
ਇਸ ਸਭ ਪਿੱਛੇ ਮੇਰੀ ਇਹ ਭਾਵਨਾ ਹੈ ਕਿ ਮੇਰੀ ਕਰਮ-ਭੂਮੀ (ਜਿਲ੍ਹਾ ਪਟਿਆਲਾ) ਵਿੱਚ ਕੋਈ ਵੀ ਜਰੂਰਤਮੰਦ ਪਰਿਵਾਰ ਭੁੱਖਾ ਨਾ ਸੋਵੇ।