ਅਸ਼ੋਕ ਵਰਮਾ
ਬਠਿੰਡਾ, 22 ਅਪਰੈਲ 2020 - ਲੋਕ ਸੰਗਰਾਮ ਮੰਚ ਪੰਜਾਬ ਅਤੇ ਇਨਕਲਾਬੀ ਲੋਕ ਮੋਰਚਾ ਦੇ ਸੱਦੇ ਤੇ ਬੁੱਧੀਜੀਵੀਆਂ ਨੂੰ ਜੇਲ੍ਹਾ ’ਚ ਡੱਕਣ, ਪੁਲਿਸ ਜਬਰ ਅਤੇ ਕਿਸਾਨੀ ਮਸਲਿਆਂ ਸਮੇਤ ਹੋਰ ਮਾਮਲਿਆਂ ਨੂੰ ਲੈਕੇ ਪੰਜਾਬ ’ਚ ਵੱਖ ਵੱਖ ਥਾਈਂ ਘਰਾਂ ’ਚ ਭੁੱਖ ਹੜਤਾਲ ਕੀਤੀ ਅਤੇ ਧਰਨੇ ਲਾਏ। ਆਗੂਆਂ ਨੇ ਦਾਅਵਾ ਕੀਤਾ ਹੈ ਕਿ ਅੱਜ ਦੇ ਰੋਸ ਪ੍ਰੋਗਰਾਮ ਪੰਜ ਦਰਜਨ ਥਾਵਾਂ ਤੇ ਹੋਇਆ ਅਤੇ ਆਮ ਲੋਕਾਂ ਨੇ ਭਾਰੀ ਹਮਾਇਤ ਦਿੱਤੀ ਹੈ। ਮੰਚ ਦੇ ਸੂਬਾ ਪ੍ਰਧਾਨ ਤਾਰਾ ਸਿੰਘ ਮੋਗਾ , ਸੂਬਾ ਸਕੱਤਰ ਸੁਖਵਿੰਦਰ ਕੌਰ ਅਤੇ ਇਨਕਲਾਬੀ ਲੋਕ ਮੋਰਚਾ ਦੇ ਸੂਬਾ ਪਰਧਾਨ ਲਾਲ ਸਿੰਘ ਗੋਲੇਵਾਲਾ ਤੇ ਸੂਬਾ ਸਕੱਤਰ ਸਤਵੰਤ ਸਿੰਘ ਵਜੀਦਪੁਰ ਨੇ ਪੈ੍ਸ ਦੇ ਨਾਮ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਸੰਕੇਤਕ ਧਰਨੇ ਸਰਕਾਰ ਤੋਂ ਕੁਝ ਜਰੂਰੀ ਮੰਗਾਂ ਦਾ ਹੱਲ ਕਰਾਉਣ ਲਈ ਲਾਏ ਗਏ ਜਿੰਨਾਂ ’ਚ ਭੀਮਾਕੋਰੇਗਾਉ ਵਿਖੇ ਜਨਵਰੀ2018 ਵਿੱਚ ਦਲਿਤਾਂ ਵੱਲੋ ਮਨਾਏ ਜਾ ਰਹੇ ਸ਼ਹੀਦੀ ਜੋੜ ਮੇਲੇ ਉਤੇ ਫਾਸ਼ੀ ਤਾਕਤਾਂ ਵੱਲੋਂ ਪੁਲਿਸ ਨਾਲ ਲੈਕੇ ਹਮਲਾ ਕੀਤਾ ਸੀ। ਉਨਾਂ ਆਖਿਆ ਕਿ ਗੌਤਮ ਨਵਲੱਖਾ, ਅਨੰਦ ਤੇਲਤੁੰਬੜੇ ਤੇ ਵਰਵਰਾ ਰਾਓ ਸਮੇਤ ਨੌ ਬੁਧੀਜੀਵੀਆਂ ‘ਤੇ ਝੂਠਾ ਪਰਚਾ ਦਰਜ ਕਰਕੇ ਜੇਲਾਂ ਵਿੱਚ ਬੰਦ ਕਰ ਦਿੱਤਾ, ਜਦੋਂ ਕਿ ਉਹ ਮੌਕੇ ‘ਤੇ ਹਾਜਰ ਵੀ ਨਹੀਂ ਸਨ।
ਆਗੂਆਂ ਨੇ ਕਿਹਾ ਕਿ ਦਿੱਲੀ ਵਰਗੀਆਂ ਥਾਵਾਂ ਉੱਤੇ ਐੱਨ ਆਰ ਸੀ ਅਤੇ ਸੀ ਏ ਏ ਵਿਰੋਧੀ ਰੋਸ ਪ੍ਰਦਰਸ਼ਨਾਂ ਦੀ ਅਗਵਾਈ ਕਰਨ ਵਾਲੇ ਆਗੂਆਂ ਦੀਆਂ ਗਿ੍ਰਫਤਾਰੀਆਂ ਕੀਤੀਆਂ ਜਾ ਰਹੀਆਂ ਹਨ ਉਨਾਂ ਨੂੰ ਤੁਰੰਤ ਰਿਹਾਅ ਕਰਨਾ ਚਾਹੀਦਾ ਹੈ। ਉਨਾਂ ਮੰਗ ਕੀਤੀ ਕਿ ਕਰੋਨਾ ਬਿਮਾਰੀ ਕਰਕੇ ਮੰਡੀਆਂ ਵਿੱਚ ਭੀੜ ਘਟਾਉਣ ਲਈ ਕਿਸਾਨ ਦੀ ਕਣਕ ਵਾਲੀ ਟਰਾਲੀ ਫਰਸ਼ੀ ਕੰਡੇ ‘ਤੇ ਤੋਲ ਕੇ ਖਰੀਦੀ ਜਾਵੇ,।
ਉਨਾਂ ਆਖਿਆ ਕਿ ਕੋਰੋਨਾ ਦੀ ਆਫਤ ਨੇ ਸਰਕਾਰੀ ਪ੍ਰਬੰਧਾਂ ਦੀ ਪੋਲ ਖੋਲ ਦਿੱਤੀ ਹੈ ਜਿਸ ਨੂੰ ਦੇਖਦਿਆਂ ਕਿ ਸਰਕਾਰੀ ਹਸਪਤਾਲਾਂ ਵਿੱਚ ਲੋੜੀਦੇ ਮੁਲਾਜਮਾਂ ਦੀ ਭਰਤੀ ਕੱਚੇ ਮੁਲਾਜਮਾਂ ਨੂੰ ਰੈਗੂਲਰ , ਹਸਪਤਾਲਾਂ ਵਿੱਚ ਵੈਟੀਲੇਟਰਾਂ , ਹੋਰ ਸਾਜੋ ਸਮਾਨ ਤੇ ਦਵਾਈਆਂ ਦਾ ਪੂਰਾ ਪ੍ਬੰਧ , ਪਰਾਈਵੇਟ ਹਸਪਤਾਲਾਂ ਨੂੰ ਸਰਕਾਰੀ ਕੰਟਰੋਲ ਵਿੱਚ ਕਰਕੇ ਵਰਤੋਂ ਵਿੱਚ ਲਿਆਓਣ ਅਤੇ ਸਿਹਤ ਕਰਮੀਆਂ ਦਾ ਬੀਮਾ ਕਰਨ ਦੀ ਮੰਗ ਵੀ ਕੀਤੀ ਹੈ। ਆਗੂਆਂ ਨੇ ਲੌਕਡਾਉਨ ਕਰਕੇ ਘਰਾਂ ਵਿੱਚ ਬੈਠੇ ਲੋੜਵੰਦ ਗਰੀਬਾਂ ਨੂੰ ਰੋਜਾਨਾ ਵਰਤੋਂ ਹੋਣ ਵਾਲੀਆਂ ਘਰੇਲੂ ਵਸਤਾਂ ਤੇ ਰਾਸ਼ਨ ਪੁੱਜਦਾ ਕਰਨ ਦੀ ਲੋੜ ਤੇ ਵੀ ਜੋਰ ਦਿੱਤਾ ਹੈ।