ਅਸ਼ੋਕ ਵਰਮਾ
ਮਾਨਸਾ, 22 ਅਪ੍ਰੈਲ 2020 - ਕਾਮਰੇਡ ਵਿਲਾਦੀਮੀਰ ਇਲੀਚ ਲੈਨਿਨ ਦੇ 151ਵੇਂ ਜਨਮ ਦਿਨ ਅਤੇ ਸੀਪੀਆਈ (ਐਮ.ਐਲ) ਲਿਬਰੇਸ਼ਨ ਦੇ 51ਵੇਂ ਸਥਾਪਨਾ ਦਿਵਸ ਮੌਕੇ ਬਾਬਾ ਬੂਝਾ ਸਿੰਘ ਭਵਨ ਮਾਨਸਾ ਵਿਖੇ ਨਕਸਲਵਾੜੀ ਲਹਿਰ ‘ਚ ਸਰਗਰਮ ਰਹੇ ਆਗੂ ਲਿਬਰੇਸ਼ਨ ਦੇ ਸਾਬਕਾ ਸੂਬਾ ਸਕੱਤਰ ਕਾਮਰੇਡ ਨਛੱਤਰ ਸਿੰਘ ਖੀਵਾ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ।
ਇਸ ਸਮੇਂ ਲਿਬਰੇਸ਼ਨ ਦੇ ਕੇਂਦਰੀ ਕਾਮੇਟੀ ਮੈਂਬਰ ਕਾਮਰੇਡ ਰਾਜਵਿੰਦਰ ਰਾਣਾ,ਮਜਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਕਾਮਰੇਡ ਭਗਵੰਤ ਸਮਾਉਂ,ਆਲ ਇੰਡੀਆਂ ਸਟੂਡੈਂਟਸ ਐਸੋਸੀਏਸ਼ਨ ਦੇ ਸੂਬਾ ਆਗੂ ਪ੍ਰਦੀਪ ਗੁਰੂ,ਪੰਜਾਬ ਕਿਸਾਨ ਯੂਨੀਅਨ ਦੇ ਆਗੂ ਕਰਨੈਲ ਸਿੰਘ ਤੇ ਹਰਜਿੰਦਰ ਮਾਨਸ਼ਾਹੀਆਂ,ਲਿਬਰੇਸ਼ਨ ਦੇ ਕਾਮਰੇਡ ਸੁਖਚਰਨ ਦਾਨੇਵਾਲੀਆਂ ਆਦਿ ਨੇ ਕਿਹਾ ਕਿ ਕਾਮਰੇਡ ਲੈਨਿਨ ਦੀ ਸੰਘਰਸ਼ਮਈ ਜ਼ਿੰਦਗੀ ਇਨਕਲਾਬੀਆਂ ਲਈ ਪ੍ਰੇਰਨਾ ਦਾ ਸਰੋਤ ਹੈ।
ਉਨ੍ਹਾਂ ਕਿਹਾ ਕਿ ਜਿੱਥੇ ਲੈਨਿਨ ਨੇ ਮੁਲਕ ਪੱਧਰੀ ਕਮਿਉਨਿਸਟਾਂ ਦੀ ਪਾਰਟੀ ਉਸਾਰਨ ਦੇ ਢੰਗ ਤਰੀਕੇ ਦੱਸੇ, ਉੱਥੇ ਸਮੇਂ ਸਮੇਂ ਬਦਲਦੇ ਹਾਲਤਾਂ ਦਾ ਮਾਰਕਸਵਾਦੀ ਨਜ਼ਰੀਏ ਤੋਂ ਵਿਸ਼ਲੇਸ਼ਣ ਕਰਕੇ ਦਰੁਸਤ ਲੀਹ ਵੀ ਅਪਣਾਈ। ਉਨਾਂ ਦੱਸਿਆ ਕਿ ਕਾਮਰੇਡ ਲੈਨਿਨ ਅੰਤਾਂ ਦੇ ਔਖੇ ਸਮਿਆਂ ’ਚ ਵੀ ਸਰਗਰਮ ਰਿਹਾ, ਭਾਵੇਂ ਉਹ ਗ੍ਰਿਫ਼ਤਾਰੀ ਜਾਂ ਜਲਾਵਤਨੀ ਅਤੇ ਗੰਭੀਰ ਬਿਮਾਰੀ ਦਾ ਸਮਾਂ ਹੋਵੇ।
ਉਨ੍ਹਾਂ ਕਿਹਾ ਕਿ ਲੈਨਿਨ ਨੇ ਰੂਸ ਅੰਦਰ ਮੌਕਾਪ੍ਰਸਤੀ ਤੇ ਸੋਧਵਾਦ ਖ਼ਿਲਾਫ਼ ਲੜਾਈ ਲੜੀ, ਅਤੇ ਕੌਮਾਂਤਰੀ ਪੱਧਰ ਤੇ ਵੀ ਮਾਰਕਸਵਾਦ ਤੋਂ ਭਟਕਣ ਵਾਲਿਆਂ ਖ਼ਿਲਾਫ਼ ਜੱਦੋ-ਜਹਿਦ ਕੀਤੀ। ਉਨਾਂ ਦੱਸਿਆ ਕਿ ਲੈਨਿਨ ਅੰਤ ਗੰਭੀਰ ਬਿਮਾਰੀ ਦੀ ਹਾਲਤ ਵਿੱਚ 21 ਜਨਵਰੀ 1924 ਨੂੰ 54 ਸਾਲ ਦੀ ਉਮਰ ’ਚ ਇਸ ਦੁਨੀਆਂ ਤੋਂ ਸਦੀਵੀ ਵਿਦਾਇਗੀ ਲੈ ਗਿਆ ਪਰ ਉਸਦਾ ਦਰਸਾਇਆ ਰਾਹ ਅੱਜ ਵੀ ਸੰਘਰਸ਼ੀ ਲੋਕਾਂ ਦਾ ਰਾਹ ਰੁਸ਼ਨਾਉਂਦਾ ਹੈ।